Punjab

ਸਿੱਧੂ ਤੇ ਚੰਨੀ ਦੇ ਰਲ ਕੇ ਚੱਲੇ ਬਿਨਾਂ ਨਹੀਂ ਹੋਣੀ ਗਤੀ

‘ਦ ਖ਼ਾਲਸ ਬਿਊਰੋ :- ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਪੰਜਾਬ ਸਿਆਸਤ ‘ਤੇ ਹਾਵੀ ਪੈਣ ਲੱਗੇ ਹਨ। ਪੰਜਾਬ ਦਾ ਐਡਵੋਕੇਟ ਜਨਰਲ ਬਦਲਾਉਣ ਵਿੱਚ ਉਨ੍ਹਾਂ ਦੀ ਪੂਰੀ ਪੁੱਗ ਗਈ ਹੈ ਅਤੇ ਏਪੀਐੱਸ ਦਿਓਲ ਦੀ ਥਾਂ ਡੀਐੱਸ ਪਤਵਾਲੀਆ ਨੂੰ ਨਵਾਂ ਐਡਵੋਕੇਟ ਜਨਰਲ ਨਿਯੁਕਤ ਕਰ ਦਿੱਤਾ ਗਿਆ ਹੈ। ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੀ ਨਿਯੁਕਤੀ ਦੇ ਹੁਕਮ ਜਾਰੀ ਕੀਤੇ ਜਾ ਚੁੱਕੇ ਹਨ। ਪੰਜਾਬ ਦੇ ਡਾਇਰੈਕਟਰ ਜਨਰਲ ਪੁਲਿਸ ਹਾਲੇ ਵੀ ਉਨ੍ਹਾਂ ਦੇ ਨਿਸ਼ਾਨੇ ‘ਤੇ ਹਨ ਪਰ ਗੇਂਦ ਕੇਂਦਰ ਸਰਕਾਰ ਦੇ ਪਾਲੇ ਵਿੱਚ ਹੋਣ ਕਾਰਨ ਉਨ੍ਹਾਂ ਦੀ ਚੱਲ ਨਹੀਂ ਰਹੀ। ਬਾਵਜੂਦ ਇਸਦੇ ਨਵਜੋਤ ਸਿੰਘ ਸਿੱਧੂ ਆਪਣੀ ਹੀ ਸਰਕਾਰ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਲਗਾਤਾਰ ਨਿਸ਼ਾਨੇ ‘ਤੇ ਲੈ ਰਹੇ ਹਨ। ਲੰਘੇ ਕੱਲ੍ਹ ਵੀ ਉਨ੍ਹਾਂ ਨੇ ਚੰਨੀ ਸਰਕਾਰ ਨੇ ਇੱਕ ਟਵੀਟ ਰਾਹੀਂ ਘੇਰਿਆ ਹੈ।

ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਦੀ ਕੁਰਸੀ ਤੋਂ ਲਾਂਭੇ ਹੋਣ ਤੋਂ ਬਾਅਦ ਡੀਐੱਸ ਪਤਵਾਲੀਆ ਨੂੰ ਪੰਜਾਬ ਦਾ ਨਵਾਂ ਐਡਵੋਕੇਟ ਜਨਰਲ ਨਿਯੁਕਤ ਕੀਤਾ ਗਿਆ ਸੀ, ਜਿਸਨੂੰ ਲੈ ਕੇ ਅਖਬਾਰਾਂ ਵਿੱਚ ਖਬਰਾਂ ਛਪੀਆਂ ਪਰ ਨਿਯੁਕਤੀ ਦੇ ਆਰਡਰ ਨਾ ਹੋਏ। ਇਸ ਤੋਂ ਬਾਅਦ ਅਨਮੋਲ ਰਤਨ ਸਿੰਘ ਸਿੱਧੂ ਦੀ ਨਿਯੁਕਤੀ ਦੀ ਚਰਚਾ ਨੇ ਵੀ ਜ਼ੋਰ ਫੜਿਆ ਪਰ ਉਸਦਾ ਹਸ਼ਰ ਵੀ ਪਤਵਾਲੀਆ ਤੋਂ ਵੱਖਰਾ ਨਹੀਂ ਹੋਇਆ। ਚੰਨੀ ਸਰਕਾਰ ਨੇ ਐਡਵੋਕੇਟ ਏਪੀਐੱਸ ਦਿਓਲ ਨੂੰ ਨਿਯੁਕਤ ਕਰ ਦਿੱਤਾ ਸੀ। ਇਸ ਨਿਯੁਕਤੀ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਨੇ ਪ੍ਰਧਾਨਗੀ ਪਦ ਤੋਂ ਅਸਤੀਫ਼ਾ ਦੇ ਕੇ ਚੰਨੀ ਸਰਕਾਰ ਖਿਲਾਫ ਮੋਰਚਾ ਖੋਲ੍ਹ ਦਿੱਤਾ ਸੀ। ਸਿੱਧੂ ਨੇ ਦਿਓਲ ‘ਤੇ ਦੋਸ਼ ਲਗਾਉਂਦਿਆਂ ਕਹਿ ਦਿੱਤਾ ਸੀ ਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਜ਼ਿੰਮੇਵਾਰ ਦੋਸ਼ੀਆਂ ਦੇ ਵਕੀਲ ਰਹੇ ਹਨ ਅਤੇ ਉਨ੍ਹਾਂ ਨੇ ਸਾਬਕਾ ਡਾਇਰੈਕਟਰ ਜਨਰਲ ਪੁਲਿਸ ਸੁਮੇਧ ਸੈਣੀ ਨੂੰ ਵੀ ਬਲੈਂਕੇਟ ਬੇਲ ਦਿਵਾਈ ਸੀ। ਪੁਲਿਸ ਮੁਖੀ ਇਕਬਾਲਪ੍ਰੀਤ ਸਿੰਘ ਸਹੋਤਾ ਨੂੰ ਵੀ ਉਨ੍ਹਾਂ ਨੇ ਬਰਗਾੜੀ ਗੋ ਲੀ ਕਾਂਡ ਅਤੇ ਬਾਦਲਾਂ ਨੂੰ ਬਚਾਉਣ ਲਈ ਦੋਸ਼ੀ ਠਹਿਰਾਉਂਦਿਆਂ ਅਹੁਦੇ ਤੋਂ ਪਾਸੇ ਕਰਨ ਦੀ ਸ਼ਰਤ ਰੱਖ ਦਿੱਤੀ ਸੀ। ਉਨ੍ਹਾਂ ਨੂੰ ਮਨਾਉਣ ਲਈ ਏਜੀ ਏਪੀਐੱਸ ਦਿਓਲ ਤੋਂ ਅਹੁਦਾ ਵਾਪਸ ਲੈ ਲਿਆ ਗਿਆ ਪਰ ਸਹੋਤਾ ਬਚੇ ਆ ਰਹੇ ਹਨ।

ਸਿੱਧੂ ਵੱਲ਼ੋਂ ਜਨਤਕ ਤੌਰ ‘ਤੇ ਆਪਣੀ ਸਰਕਾਰ ਦੀ ਲਗਾਤਾਰ ਆਲੋਚਨਾ ਕਰਕੇ ਪਾਰਟੀ ਹਾਈਕਮਾਂਡ ਨੇ ਮੁੱਖ ਮੰਤਰੀ ਚੰਨੀ ਨੂੰ ਏਜੀ ਬਦਲਣ ਦਾ ਹੁਕਮ ਚਾੜ ਦਿੱਤਾ ਹਾਲਾਂਕਿ ਚੰਨੀ ਇਹ ਦਾਅਵਾ ਕਰਦੇ ਆਏ ਹਨ ਕਿ ਏਪੀਐੱਸ ਦਿਓਲ ਨੂੰ ਪਾਰਟੀ ਹਾਈਕਮਾਂਡ ਵੱਲੋਂ ਹਰੀ ਝੰਡੀ ਮਿਲਣ ਤੋਂ ਬਾਅਦ ਲਾਇਆ ਗਿਆ ਸੀ। ਚੰਨੀ ਵੱਲੋਂ ਏਪੀਐੱਸ ਦਿਓਲ ਨੂੰ ਹਟਾਏ ਜਾਣ ਤੋਂ ਬਾਅਦ ਏਜੀ ਦਫ਼ਤਰ ਦੇ ਦੋ ਸੀਨੀਅਨਰ ਵਕੀਲਾਂ ਨੂੰ ਰੋਸ ਵਜੋਂ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ ਅਤੇ ਪਤਾ ਇਹ ਲੱਗਾ ਹੈ ਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਦੋ ਵਕੀਲ ਏਜੀ ਦਫ਼ਤਰ ਵਿੱਚ ਕੰਮ ਕਰਨ ਤੋਂ ਟਾਲਾ ਵੱਟਣ ਲੱਗੇ ਹਨ।

ਕੱਲ੍ਹ ਦੇ ਪ੍ਰਾਈਮ ਟਾਈਮ ਵਿੱਚ ਪੰਜਾਬ ਕਾਂਗਰਸ ਅੰਦਰ ਧੁਖ ਰਹੀ ਧੂਣੀ ‘ਤੇ ਚਰਚਾ ਕੀਤੀ ਸੀ। ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਨੂੰ ਜਾਣ ਵਾਲੇ ਪਹਿਲੇ ਵਫ਼ਦ ਵਿੱਚ ਉਨ੍ਹਾਂ ਨੂੰ ਸ਼ਾਮਿਲ ਨਹੀਂ ਕੀਤਾ ਗਿਆ ਸੀ। ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੋਹਾਂ ‘ਤੇ ਸ਼ੱਕ ਦੀ ਸੂਈ ਘੁੰਮਦੀ ਆ ਰਹੀ ਹੈ। ਇਹ ਪਹਿਲੀ ਵਾਰ ਹੈ ਜਦੋਂ ਸਿੱਧੂ ਨੇ ਸੰਜਮ ਤੋਂ ਕੰਮ ਲਿਆ ਅਤੇ ਕੋਈ ਬਖੇੜਾ ਖੜਾ ਨਹੀਂ ਕੀਤਾ ਪਰ ਉਨ੍ਹਾਂ ਦੀ ਇਸ ਚੁੱਪ ਦੇ ਗੰਭੀਰ ਅਰਥ ਲਏ ਜਾਣੇ ਬਣਦੇ ਹਨ। ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਤੋਂ ਬਾਅਦ ਅਤੇ ਪਹਿਲਾਂ ਮੀਡੀਆ ਨਾਲ ਕੀਤੀ ਗੱਲਬਾਤ ਵਿੱਚ ਵੀ ਉਨ੍ਹਾਂ ਨੇ ਬੜਾ ਸੰਕੋਚ ਰੱਖਿਆ ਹੈ। ਸ਼ਾਇਦ ਅਸਤੀਫ਼ਾ ਲੈਣ ਤੋਂ ਬਾਅਦ ਉਨ੍ਹਾਂ ਦੀ ਸਮਝ ਵਿੱਚ ਪੈ ਗਿਆ ਹੈ ਕਿ ਸਿਆਸਤ ਵਿੱਚ ਕ੍ਰਿਕਟ ਦੀ ਤਰ੍ਹਾਂ ਤੇਜ਼ ਤਰਾਰ ਚੌਕੇ-ਛੱਕੇ ਮੌਕਾ ਆਉਣ ‘ਤੇ ਮਾਰਨੇ ਬਣਦੇ ਹਨ।

ਹੁਣ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਿੰਨੇ ਖੇਤੀ ਕਾਨੂੰਨ ਵਾਪਸ ਲੈ ਕੇ ਪੰਜਾਬ ਦੀ ਸੱਤਾ ‘ਤੇ ਕਬਜ਼ਾ ਕਰਨ ਦੀ ਅੰਦਰੋਂ-ਅੰਦਰੀ ਸਿੱਕ ਪਲੋਸਣ ਲੱਗੇ ਹਨ ਤਾਂ ਨਵਜੋਤ ਸਿੰਘ ਸਿੱਧੂ ਦੀ ਜ਼ਿੰਮੇਵਾਰੀ ਹੋਰ ਵੀ ਵੱਧ ਜਾਂਦੀ ਹੈ। ਸਿੱਧੂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਕਾਂਗਰਸ ਪਰਿਵਾਰ ਨੂੰ ਨਾਲ ਲੈ ਕੇ ਤੁਰਨ ਤੋਂ ਬਿਨਾਂ ਮੁੱਖ ਮੰਤਰੀ ਦੀ ਕੁਰਸੀ ਨੂੰ ਹੱਥ ਪਾਉਣਾ ਔਖਾ ਹੋ ਜਾਵੇਗਾ। ਜਦਕਿ ਭਾਰਤੀ ਜਨਤਾ ਪਾਰਟੀ ਦੀ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸ਼੍ਰੋਮਣੀ ਅਕਾਲੀ ਦਲ ਨਾਲ ਸਾਂਝ ਭਿਆਲੀ ਦੀਆਂ ਕਨਸੋਆਂ ਕੰਨੀਂ ਪੈਣ ਲੱਗੀਆਂ ਹਨ। ਇੱਥੇ ਦੂਜੇ ਪਾਸੇ ਵਾਲੀ ਚਰਚਾ ਕਰਨ ਦੀ ਵੀ ਲੋੜ ਹੈ ਕਿ ਚਰਨਜੀਤ ਸਿੰਘ ਚੰਨੀ ਗੁੱਝੀ ਸੱਟ ਮਾਰਨ ਦੇ ਮਾਹਿਰ ਮੰਨੇ ਜਾ ਰਹੇ ਹਨ। ਉਨ੍ਹਾਂ ਦਾ ਭਲਾ ਵੀ ਆਪਣੀ ਰਣਨੀਤੀ ਬਦਲਣ ਵਿੱਚ ਹੈ।