‘ਦ ਖਾਲਸ ਬਿਊਰੋ:ਪੰਜਾਬ ਦੇ ਭੱਖਦੇ ਮਸਲਿਆਂ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਰਾਜਪਾਲ ਨਾਲ ਮੁਲਾਕਾਤ ਕੀਤੀ ਹੈ lਇਸ ਤੋਂ ਬਾਅਦ ਇੱਕ ਪ੍ਰੈਸ ਕਾਨਫ਼ਰੰਸ ਨੂੰ ਸੰਬੋਧਨ ਕਰਦੇ ਹੋਏ ਉਹਨਾਂ ਸਭ ਤੋਂ ਪਹਿਲਾਂ ਨੋਵੀਂ ਪਾਤਸ਼ਾਹੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਉਤਸਵ ਦੀਆਂ ਵਧਾਈਆਂ ਦਿੱਤੀਆਂ ।ਇਸ ਮਗਰੋਂ ਉਹਨਾਂ ਰਾਜਪਾਲ ਨਾਲ ਆਪਣੀ ਹੋਈ ਮੁਲਾਕਾਤ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਹਨਾਂ ਮੇਰੀ ਗੱਲ ਨੂੰ ਬਹੁਤ ਠਰਮੇ ਨਾਲ ਸੁਣਿਆ ਹੈ ਤੇ ਹਾਂ ਪੱਖੀ ਹੁੰਗਾਰਾ ਦਿੱਤਾ ਹੈ ।ਆਪ ਤੇ ਵਰਦਿਆਂ ਉਹਨਾਂ ਕਿਹਾ ਹੈ ਕਿ ਆਮ ਲੋਕਾਂ ਨੇ ਕੁਝ ਹੀ ਦਿਨਾਂ ਵਿੱਚ ਇਹ ਸਮਝ ਲਿਆ ਹੈ ਕਿ ਆਪ ਸਿਰਫ਼ ਗੱਲਾਂ ਜੋਗੀ ਹੈ ਤੇ ਇਹਨਾਂ ਵਿੱਚ ਕੁਝ ਨਹੀਂ ਹੈ ।ਇਹਨਾਂ ਨੇ ਬਿਜਲੀ ਬਿੱਲਾਂ ਵਿੱਚ ਵਰਗਾਂ ਤੇ ਆਧਾਰਿਤ ਛੋਟਾਂ ਦੇ ਕੇ ਪੰਜਾਬ ਦੇ ਲੋਕਾਂ ਨੂੰ ਵਰਗਾਂ ਵਿੱਚ ਵੰਡ ਦਿੱਤਾ ਹੈ ।ਅਸੀਂ ਇਹ ਸਹੂਲਤ ਬਿਨਾਂ ਕਿਸੇ ਭੇਦ-ਭਾਵ ਦੇ ਸਾਰਿਆਂ ਨੂੰ ਦੇਣ ਦਾ ਵਾਅਦਾ ਕੀਤਾ ਸੀ।
ਅੱਗੇ ਬੋਲਦਿਆਂ ਸਿੱਧੂ ਨੇ ਕਿਹਾ ਹੈ ਕਿ ਅਮਨ ਕਾਨੂੰਨ ਦੀ ਹਾਲਤ ਨੂੰ ਛੱਡ ਕੇ ਪੰਜਾਬ ਦੇ ਹਰ ਮਸਲੇ ਦਾ ਹਲ ਵਿੱਤੀ ਹਾਲਤ ਵਿੱਚ ਸੁਧਾਰ ਹੈ। ਪੰਜਾਬ ਦਾ 85 ਫ਼ੀਸਦੀ ਬਜਟ ਤਨਖਾਹਾਂ-ਪੈਨਸ਼ਨਾਂ ਤੇ ਕਰਜਿਆਂ ਵਿੱਚ ਜਾ ਰਿਹਾ ਹੈ।ਪੰਜਾਬ ਦੇ ਥਰਮਲ ਪਲਾਂਟਾਂ ਵਿੱਚ ਕੁਝ ਦਿਨਾਂ ਦੇ ਹੀ ਕੋਲਾ ਬਚਿਆ ਹੈ ਤੇ ਆਉਣ ਵਾਲੇ ਦਿਨਾਂ ਵਿੱਚ ਹਾਲਾਤ ਹੋਰ ਵੀ ਮਾੜੇ ਹੋਣ ਵਾਲੇ ਹਨ ਜਦੋਂ ਕਿ ਸਾਡੀ ਸਰਕਾਰ ਵੇਲੇ ਚੰਨੀ ਸਰਕਾਰ ਨੇ ਬੜੇ ਤਰੀਕੇ ਨਾਲ ਹਾਲਾਤ ਨੂੰ ਸੰਭਾਲਿਆ ਸੀ।
ਕਿਸਾਨਾਂ ਦੀ ਮੰਦੀ ਆਰਥਿਕ ਹਾਲਤ ਤੇ ਬੋਲਦਿਆਂ ਉਹਨਾਂ ਕਿਹਾ ਕਿ ਸਰਕਾਰ ਨੇ ਕਿਸਾਨਾਂ ਨਾਲ ਜੋ ਵਾਅਦੇ ਕੀਤੇ ਹਨ ,ਉਹ ਜਲਦੀ ਨਿਭਾਉਣ ਤੇ 500 ਰੁਪਏ ਬੋਨਸ ਵੀ ਕਿਸਾਨਾਂ ਨੂੰ ਜਲਦੀ ਮਿਲਣਾ ਚਾਹਿਦਾ ਹੈ ।ਪੰਜਾਬ ਵਿੱਚ ਅਮਨ-ਕਾਨੂੰਨ ਦੀ ਸਥਿਤੀ ਦੀ ਗੱਲ ਕਰਦਿਆਂ ਉਹਨਾਂ ਕਿਹਾ ਕਿ ਪੰਜਾਬ ਵਿੱਚ ਜਾਨ-ਮਾਲ ਦੀ ਸੁਰੱਖਿਆ ਖਤਰੇ ਵਿੱਚ ਹੈ ਤੇ ਇਸ ਮਾਮਲੇ ਨੂੰ ਉਚਾ ਚੁੱਕਣ ਲਈ, ਜੋ ਵੀ ਹੋ ਸਕੇਗਾ,ਮੈਂ ਕਰਾਂਗਾ।ਇਹ ਮਸਲੇ ਨੂੰ ਸਰਕਾਰ ਨੂੰ ਪਹਿਲ ਦੇ ਆਧਾਰ ਤੇ ਲੈਣਾ ਚਾਹਿਦਾ ਹੈ ।
ਪੰਜਾਬ ਦੇ ਮੁੱਖ ਮੰਤਰੀ ਤੇ ਤੰਜ ਕੱਸਦਿਆਂ ਸਿੱਧੂ ਨੇ ਉਸ ਨੂੰ ਰੱਬੜ ਦਾ ਗੁੱਡਾ ਦਸਿਆ ਤੇ ਪੰਜਾਬ ਦੇ ਅੱਜ ਦੇ ਹਾਲਾਤਾਂ ਤੇ ਪੁਲਿਸ ਦੀ ਭੂਮਿਕਾ ਤੇ ਵੀ ਸਵਾਲ ਚੁੱਕਿਆ ।ਆਪਣੇ ਪੰਜਾਬ ਮਾਡਲ ਦੀ ਗੱਲ ਕਰਦਿਆਂ ਉਹਨਾਂ ਸਵਾਲ ਚੁੱਕਿਆ ਕਿ ਪੰਜਾਬ ਵਿੱਚ ਦਿੱਲੀ ਮਾਡਲ ਨੂੰ ਇਥੇ ਲਾਗੂ ਨਹੀਂ ਕੀਤਾ ਜਾ ਸਕਦਾ।ਪੰਜਾਬ ਦੇ ਪਾਣੀਆਂ ਦੇ ਮੁਦਿਆਂ ਤੇ ਉਹਨਾਂ ਕਿਹਾ ਕਿ ਪਾਣੀ ਦੀ ਇੱਕ ਬੂੰਦ ਵੀ ਬਾਹਰ ਨਹੀਂ ਜਾਣ ਦਿੱਤੀ ਜਾਵੇਗੀ,ਜਿਸ ਵਿੱਚ ਦਮ ਹੈ,ਉਹ ਲੈ ਕੇ ਦਿਖਾਵੇ। ਸਿੱਧੂ ਨੇ ਐਸਵਾਈ ਐਲ਼ ਦੇ ਮੁੱਦੇ ਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਆਪਣਾ ਸਟੈਂਡ ਸਾਫ਼ ਕਰਨ ਲਈ ਕਿਹਾ ਹੈ ।ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਦਿੱਲੀ ਤੱਕ ਪਹੁੰਚ ਕਰਾਂਗਾ ਕਿਉਂਕਿ ਇਹ ਮੁੱਦੇ ਬਹੁਤ ਗੰਭੀਰ ਹਨ ।ਅਲਕਾ ਲਾਂਬਾ ਤੇ ਕੁਮਾਰ ਵਿਸ਼ਵਾਸ ਤੇ ਹੋਏ ਕੇਸਾਂ ਨੂੰ ਲੈ ਕੇ ਸਿੱਧੂ ਨੇ ਕਿਹਾ ਹੈ ਕਿ ਇਹ ਸਿਰਫ਼ ਡਰਾ ਕੇ ਸੱਚ ਨੂੰ ਦਬਾਉਣ ਦੀ ਕਾਰਵਾਈ ਹੈ ਕਿ ਉਹਨਾਂ ਦੀ ਪੇਸ਼ੀ ਦੌਰਾਨ ਉਹ ਖੁੱਦ ਉਹਨਾਂ ਨਾਲ ਥਾਣੇ ਜਾਣਗੇ।