‘ਦ ਖ਼ਾਲਸ ਬਿਊਰੋ :- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਨਾਉਣ ਲਈ ਖੁਦ ਨਵਜੋਤ ਸਿੰਘ ਸਿੱਧੂ ਸ਼ੁੱਕਰਵਾਰ ਨੂੰ ਮੁੱਖ ਮੰਤਰੀ ਦੇ ਫਾਰਮ ਹਾਊਸ ਸਿਸਵਾਂ ਵਿੱਚ ਜਾਣਗੇ। ਉਹ ਤਾਜਪੋਸ਼ੀ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਕੈਪਟਨ ਨੂੰ ਬੇਨਤੀ ਕਰਨਗੇ। ਸਿੱਧੂ ਨਾਲ ਉਸਦੇ ਹਮਾਇਤੀ ਵਿਧਾਇਕਾਂ ਦੀ ਫੌਜ ਵੀ ਜਾਵੇਗੀ। ਅਮਰਿੰਦਰ ਸਿੰਘ ਦੇ ਘਰ ਪਹੁੰਚਣ ਦਾ ਸਮਾਂ ਸਵੇਰੇ 10 ਵਜੇ ਰੱਖਿਆ ਗਿਆ ਹੈ ਜਦਕਿ ਸਹੁੰ ਚੁੱਕਣ ਦਾ ਸਮਾਂ ਸਵੇਰੇ 11 ਵਜੇ ਦਾ ਹੈ। ਸੂਤਰ ਦੱਸਦੇ ਹਨ ਕਿ ਮੌਕੇ ਦੀ ਨਜ਼ਾਕਤ ਦੇਖ ਕੇ ਸਿੱਧੂ ਅਮਰਿੰਦਰ ਸਿੰਘ ਤੋਂ ਮੁਆਫੀ ਵੀ ਮੰਗ ਸਕਦੇ ਹਨ। ਤਾਜਪੋਸ਼ੀ ਸਮਾਗਮ ਵਿੱਚ ਕਾਂਗਰਸ ਦੀ ਕੌਮੀ ਨੇਤਾ ਪ੍ਰਿਅੰਕਾ ਗਾਂਧੀ ਵਾਡਰਾ ਦੇ ਸ਼ਾਮਿਲ ਹੋਣ ਦੀ ਵੀ ਚਰਚਾ ਹੈ। ਉਂਝ ਹਰਿਆਣਾ, ਰਾਜਸਥਾਨ ਅਤੇ ਹਿਮਾਚਲ ਤੋਂ ਵੀ ਵੱਡੇ ਕੱਦ ਵਾਲੇ ਨੇਤਾ ਸ਼ਾਮਿਲ ਹੋਣਗੇ।
