Punjab

ਨਵਜੋਤ ਸਿੰਘ ਸਿੱਧੂ ਦਾ ਪੰਜਾਬ ਮਾਡਲ ਹਵਾ, ਕਾਂਗਰਸ ਹਾਈਕਮਾਂਡ ਦਾ ਇੱਕ ਪਰਿਵਾਰ ਇੱਕ ਟਿਕਟ ਫੈਸਲਾ ਉੱਡਿਆ

‘ਦ ਖ਼ਾਲਸ ਬਿਊਰੋ :- ਪੰਜਾਬ ਕਾਂਗਰਸ ਦੇ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਹੋਣ ਤੋਂ ਬਾਅਦ ਬਗਾ ਵਤ ਦੀ ਅੱ ਗ ਭ ੜਕ ਗਈ ਹੈ। ਕਾਂਗਰਸ ਹਾਈਕਮਾਂਡ ਦਾ ਇੱਕ ਪਰਿਵਾਰਕ ਟਿਕਟ ਦਾ ਫੈਸਲਾ ਵੀ ਹਵਾ ਹੋ ਗਿਆ ਹੈ। ਨਵਜੋਤ ਸਿੰਘ ਸਿੱਧੂ ਦਾ ਪੰਜਾਬ ਮਾਡਲ ਵੀ ਲੱਗਦੈ ਖੰਭ ਲਾ ਕੇ ਉੱਡ-ਪੁੱਡ ਗਿਆ। ਪੰਜਾਬ ਦੀ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਦੇ ਜਵਾਈ ਨੂੰ ਸਾਹਨੇਵਾਲ, ਨਵਜੋਤ ਸਿੰਘ ਸਿੱਧੂ ਦੇ ਭਰਾ ਨੂੰ ਅਤੇ ਫਤਿਹਗੜ੍ਹ ਸਾਹਿਬ ਤੋਂ ਸੰਸਦ ਮੈਂਬਰ ਅਮਰ ਸਿੰਘ ਦੇ ਬੇਟੇ ਦਾ ਦੂਜੀ ਸੂਚੀ ਵਿੱਚ ਸ਼ਾਮਿਲ ਨਾਂ ਟਿਕਟ ਦੇ ਦਾਅਵੇਦਾਰਾਂ ਦਾ ਮੂੰਹ ਚਿੜਾ ਰਿਹਾ ਹੈ।

ਐਲਾਨੇ ਗਏ ਉਮੀਦਵਾਰਾਂ ਵਿੱਚੋਂ ਇਸ ਸਮੇਂ ਸਭ ਤੋਂ ਅਹਿਮ ਨਾਮ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦੇ ਸਭ ਤੋਂ ਨਜ਼ਦੀਕੀ ਚਿਹਰੇ ਸਮਿਤ ਦਾ ਸਮਝਿਆ ਜਾ ਰਿਹਾ ਹੈ, ਜਿਸ ਨੂੰ ਅਮਰਗੜ੍ਹ ਤੋਂ ਮੌਜੂਦਾ ਵਿਧਾਇਕ ਸੁਰਜੀਤ ਧੀਮਾਨ ਦੀ ਥਾਂ ਟਿਕਟ ਦਿੱਤੀ ਗਈ ਹੈ।

ਕਾਂਗਰਸ ਦੀ ਦੂਜੀ ਸੂਚੀ ਆਉਣ ਤੋਂ ਬਾਅਦ ਜਿਵੇਂ ਕਿ ਸਮਝਿਆ ਜਾ ਰਿਹਾ ਸੀ ਕਿ ਪਾਰਟੀ ਵਿੱਚ ਬਾਗੀ ਸੁਰਾਂ ਹੋਰ ਉੱਚੀ ਹੋ ਗਈਆਂ ਹਨ ਅਤੇ ਰਹਿੰਦੀਆਂ ਅੱਠ ਸੀਟਾਂ ‘ਤੇ ਉਮੀਦਵਾਰਾਂ ਦਾ ਐਲਾਨ ਹੋਣ ਤੋਂ ਬਾਅਦ ਹਾਲੇ ਵੀ ਭੜਥੂ ਪੈ ਜਾਣ ਦੇ ਆਸਾਰ ਬਣੇ ਹੋਏ ਹਨ। ਪਤਾ ਲੱਗਾ ਹੈ ਕਿ ਉਮੀਦਵਾਰਾਂ ਦੀ ਚੋਣ ਵੇਲੇ ਕਾਂਗਰਸ ਦੀ ਸੁਪਰੀਮੋ ਸੋਨੀਆ ਗਾਂਧੀ ਮੂਹਰੇ ਪੂਰੀ ਛਿੰਝ ਪੈਂਦੀ ਰਹੀ ਹੈ। ਚੋਣ ਕਮੇਟੀ ਦੇ ਤਿੰਨ ਘਾਗ ਨਵਜੋਤ ਸਿੰਘ ਸਿੱਧੂ, ਚਰਨਜੀਤ ਸਿੰਘ ਚੰਨੀ ਅਤੇ ਸੁਨੀਲ ਜਾਖੜ ਆਪਸ ਵਿੱਚ ਉਲਝੇ ਰਹੇ। ਸੂਤਰਾਂ ਦੀ ਮੰਨੀਏ ਤਾਂ ਪਹਿਲੀ ਸੂਚੀ ਵਿੱਚ ਨਵਜੋਤ ਸਿੰਘ ਸਿੱਧੂ ਦੀ ਪੁੱਗ ਗਈ। ਦੂਜੀ ਸੂਚੀ ਵਿੱਚ ਚਰਨਜੀਤ ਸਿੰਘ ਚੰਨੀ ਦਾ ਮੂੰਹ ਪਲੋਸ ਲਿਆ ਗਿਆ।

ਵੱਖ-ਵੱਖ ਥਾਂਵਾਂ ਤੋਂ ਮਿਲੀਆਂ ਸੂਚਨਾਵਾਂ ਅਨੁਸਾਰ ਸੁਨਾਮ ਤੋਂ ਟਿਕਟ ਕੱਟੇ ਜਾਣ ‘ਤੇ ਦਮਨ ਥਿੰਦ ਬਾਜਵਾ ਨੇ ਤਿੱਖਾ ਰਵੱਈਆ ਦਿਖਾਇਆ ਹੈ। ਉਨ੍ਹਾਂ ਕਿਹਾ ਕਿ ਸੁਨਾਮ ਨੂੰ ਮੇਰੇ ਤੋਂ ਕੋਈ ਖੋਹ ਨਹੀਂ ਸਕਦਾ। ਸਾਹਨੇਵਾਲ ਤੋਂ ਸਤਵਿੰਦਰ ਬਿੱਟੀ ਅਤੇ ਸਮਰਾਲਾ ਤੋਂ ਮੌਜੂਦਾ ਵਿਧਾਇਕ ਅਮਰੀਕ ਢਿੱਲੋਂ ਨੇ ਟਿਕਟਾਂ ਕੱਟੇ ਜਾਣ ਦੇ ਬਾਵਜੂਦ ਆਜ਼ਾਦ ਤੌਰ ‘ਤੇ ਚੋਣ ਲੜਨ ਦਾ ਐਲਾਨ ਕੀਤਾ ਹੈ।
ਸਤਵਿੰਦਰ ਬਿੱਟੀ ਨੇ ਪ੍ਰਿਅੰਕਾ ਗਾਂਧੀ ਨੂੰ ਸਵਾਲ ਪੁੱਛਿਆ ਹੈ ਕਿ ਉਨ੍ਹਾਂ ਦਾ ‘ਬੇਟੀ ਹਾਂ ਲੜ ਸਕਦੀ ਹਾਂ’ ਸਲੋਗਨ ਸੀ, ਹੁਣ ਉਹ ਕਿੱਥੇ ਗਿਆ ਜਾਂ ਫਿਰ ਸਲੋਗਨ ਸਿਰਫ ਉੱਤਰ ਪ੍ਰਦੇਸ਼ ਦੇ ਚੋਣ ਲਈ ਹੀ ਹੈ।

ਸਾਹਨੇਵਾਲ ਤੋਂ ਕਾਂਗਰਸੀ ਆਗੂ ਸਤਵਿੰਦਰ ਕੌਰ ਬਿੱਟੀ ਨੇ ਕਿਹਾ ਕਿ ਮੈਂ ਇੱਥੋਂ 4500 ਵੋਟਾਂ ਨਾਲ ਹਾਰੀ ਸੀ। ਇਸ ਤੋਂ ਬਾਅਦ ਇੱਥੇ ਦਿਨ ਰਾਤ ਮਿਹਨਤ ਕੀਤੀ। ਇਸ ਦੇ ਬਾਵਜੂਦ ਇੱਥੋਂ ਟਿਕਟ ਰਾਜਿੰਦਰ ਕੌਰ ਭੱਠਲ ਦੇ ਜਵਾਈ ਨੂੰ ਦਿੱਤੀ ਗਈ। ਪਾਰਟੀ ਇੱਕ ਪਰਿਵਾਰ ਨੂੰ ਇੱਕ ਟਿਕਟ ਦੇਣ ਦੀ ਗੱਲ ਕਰ ਰਹੀ ਸੀ ਤਾਂ ਕਾਂਗਰਸ ਨੇ ਮੇਰੀ ਟਿਕਟ ਕਿਉਂ ਕੱਟੀ।ਕਾਂਗਰਸ ਪਾਰਟੀ ਦਾ ਇਹ ਕੋਈ ਤਰੀਕਾ ਨਹੀਂ ਹੈ।

ਦੂਜੇ ਪਾਸੇ ਫਿਰੋਜ਼ਪੁਰ ਦੇਹਾਤੀ ਤੋਂ ਮੌਜੂਦਾ ਵਿਧਾਇਕ ਸਤਿਕਾਰ ਕੌਰ ਨੇ ਸਮਰਥਕਾਂ ਦੀ ਮੀਟਿੰਗ ਬੁਲਾਈ ਹੈ। ਖਰੜ ਦੀ ਟਿਕਟ ਚੰਨੀ ਦੇ ਚਹੇਤੇ ਨੂੰ ਦੇਣ ਤੋਂ ਬਾਅਦ ਸਾਬਕਾ ਮੰਤਰੀ ਅਤੇ ਕਾਂਗਰਸ ਦੇ ਬਜ਼ੁਰਗ ਨੇਤਾ ਜਗਮੋਹਨ ਸਿੰਘ ਕੰਗ ਪਾਰਟੀ ਨੂੰ ਅਲਵਿਦਾ ਕਹਿਣ ਦੀ ਤਿਆਰੀ ਵਿੱਚ ਹਨ।

ਦਮਨ ਬਾਜਵਾ ਨੇ ਕਿਹਾ ਕਿ ਜਸਵਿੰਦਰ ਧੀਮਾਨ ਨੂੰ ਸੁਨਾਮ ਤੋਂ ਟਿਕਟ ਦਿੱਤੀ ਗਈ ਹੈ। ਸਿਆਸਤ ਵਿਚ ਉਤਰਾਅ-ਚੜ੍ਹਾਅ ਆਉਂਦੇ ਹਨ।ਉਨ੍ਹਾਂ ਕਿਹਾ ਕਿ ਵਾਹਿਗੁਰੂ ਨਾ ਮਾਰੇ ਵਰਨਾ ਕਿਸੇ ਦੇ ਮਾਰਨ ਨਾਲ ਕੋਈ ਨਹੀਂ ਮਰਦਾ। ਕਾਂਗਰਸ ਨੇ ਭਾਵੇਂ ਟਿਕਟ ਖੋਹ ਲਈ ਹੋਵੇ ਪਰ ਸੁਨਾਮ ਨੂੰ ਮੇਰੇ ਤੋਂ ਕੋਈ ਨਹੀਂ ਖੋਹ ਸਕਦਾ। ਜਦੋਂ ਤੱਕ ਸਮਰਥਕ ਮੇਰੇ ਨਾਲ ਹਨ, ਮੈਨੂੰ ਕਿਸੇ ਗੱਲ ਦੀ ਪਰਵਾਹ ਨਹੀਂ ਹੈ। ਸਮਰਾਲਾ ਤੋਂ ਕਾਂਗਰਸ ਦੇ ਮੌਜੂਦਾ ਵਿਧਾਇਕ ਅਮਰੀਕ ਢਿੱਲੋਂ ਨੇ ਟਿਕਟ ਕੱਟਣ ਤੋਂ ਬਾਅਦ ਕਿਹਾ ਕਿ ਰਾਜਾ ਗਿੱਲ ਨੂੰ ਟਿਕਟ ਦਿੱਤੀ ਗਈ ਹੈ, ਇਸ ਦਾ ਕੋਈ ਆਧਾਰ ਨਹੀਂ ਹੈ। ਸਮਰਾਲਾ ਦੇ 180 ਸਰਪੰਚਾਂ ਵਿੱਚੋਂ 170 ਮੇਰੇ ਸਮਰਥਕ ਹਨ। ਕਾਂਗਰਸ ਨੂੰ ਜਵਾਬ ਮਿਲੇਗਾ। ਮੈਂ ਯਕੀਨੀ ਤੌਰ ‘ਤੇ ਇੱਥੋਂ ਚੋਣ ਲੜਾਂਗਾ।

ਜਲਾਲਾਬਾਦ ਤੋਂ ਅਕਾਲੀ ਦਲ ਦੇ ਮੁਖੀ ਸੁਖਬੀਰ ਬਾਦਲ ਅਤੇ ਪਟਿਆਲਾ ਸ਼ਹਿਰੀ ਤੋਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਹਾਲੇ ਕਾਂਗਰਸ ਨੇ ਕਿਸੇ ਉਮੀਦਵਾਰ ਦੇ ਨਾਮ ਦਾ ਐਲਾਨ ਨਹੀਂ ਕੀਤਾ ਹੈ।