‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਇੱਕ ਵਾਰ ਫਿਰ ਭਾਰਤ-ਪਾਕਿਸਤਾਨ ਬਾਰਡਰ ਖੋਲ੍ਹਣ ਦੀ ਵਕਾਲਤ ਕੀਤੀ ਹੈ। ਸਿੱਧੂ ਨੇ ਕਿਹਾ ਕਿ ਭਾਰਤ-ਪਾਕਿ ਸਰਹੱਦ ਦੇ ਬੰਦ ਹੋਣ ਕਾਰਨ ਪੰਜਾਬ ਨੂੰ ਬਹੁਤ ਨੁਕਸਾਨ ਹੋ ਰਿਹਾ ਹੈ। ਬਾਰਡਰ ਬੰਦ ਹੋਣ ਕਾਰਨ ਪੰਜਾਬ ਨੂੰ ਕਰੀਬ 4 ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਸਿੱਧੂ ਨੇ ਕਿਹਾ ਕਿ ਭਾਰਤ-ਪਾਕਿਸਤਾਨ ਵਪਾਰ ਅਤੇ ਇਨ੍ਹਾਂ 34 ਦੇਸ਼ਾਂ ਦਾ ਦਾਇਰਾ 37 ਅਰਬ ਅਮਰੀਕੀ ਡਾਲਰ ਹੈ। ਇਸ ਸਮੇਂ ਅਸੀਂ ਸਿਰਫ਼ ਤਿੰਨ ਅਰਬ ਡਾਲਰ ਦਾ ਕਾਰੋਬਾਰ ਕਰ ਰਹੇ ਹਾਂ, ਜੋ ਸਮਰੱਥਾ ਦਾ ਪੰਜ ਫੀਸਦੀ ਵੀ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਪਿਛਲੇ 34 ਮਹੀਨਿਆਂ ਵਿੱਚ ਚਾਰ ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਇਸ ਦੌਰਾਨ 15 ਹਜ਼ਾਰ ਨੌਕਰੀਆਂ ਚਲੀਆਂ ਗਈਆਂ ਹਨ। ਭਾਰਤ-ਪਾਕਿਸਤਾਨ ਵਪਾਰ ਬਾਰੇ ਸਿੱਧੂ ਨੇ ਕਿਹਾ ਕਿ ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਅਤੇ ਮੈਂ ਇੱਕ ਵਾਰ ਫਿਰ ਬੇਨਤੀ ਕਰ ਰਿਹਾ ਹਾਂ ਕਿ ਵਪਾਰ ਮੁੜ ਸ਼ੁਰੂ ਕੀਤਾ ਜਾਵੇ। ਇਸ ਦਾ ਹਰ ਕਿਸੇ ਨੂੰ ਫਾਇਦਾ ਹੋਵੇਗਾ।
ਸਿੱਧੂ ਨੇ ਭਾਰਤ-ਪਾਕਿਸਤਾਨ ਸਬੰਧਾਂ ਬਾਰੇ ਬੋਲਦਿਆਂ ਕਿਹਾ ਕਿ ਜੋ ਗਲਤ ਹਨ, ਉਹ ਸਰਹੱਦ ਪਾਰੋਂ ਆਉਂਦੇ ਰਹਿਣਗੇ। ਪਰ ਗਲਤ ਲੋਕਾਂ ਕਾਰਨ ਆਮ ਨਾਗਰਿਕਾਂ ਨੂੰ ਖੱਜਲ-ਖੁਆਰੀ ਨਹੀਂ ਹੋਣੀ ਚਾਹੀਦੀ, ਜੋ ਲੋਕ ਪਾਸਪੋਰਟ ‘ਤੇ ਆਉਣਾ ਚਾਹੁੰਦੇ ਹਨ, ਉਹ ਆਸਾਨੀ ਨਾਲ ਆ ਸਕਦੇ ਹਨ। ਸਿੱਧੂ ਨੇ ਕਿਹਾ ਕਿ ਕੇਜਰੀਵਾਲ ਕਹਿੰਦਾ ਹੈ ਕਿ ਇੱਥੇ ਨਕਲੀ ਕੇਜਰੀਵਾਲ ਘੁੰਮ ਰਿਹਾ ਹੈ ਪਰ ਮੈਂ ਕਹਿੰਦਾ ਹਾਂ ਕਿ ਪੰਜਾਬ ਵਿੱਚ ਕਈ ਨਕਲੀ ਸਿੱਧੂ ਵੀ ਘੁੰਮ ਰਹੇ ਹਨ। ਕੇਜਰੀਵਾਲ ਪੰਜਾਬ ਆ ਕੇ ਪੰਜਾਬ ਦੀਆਂ ਔਰਤਾਂ ਨੂੰ 1000 ਰੁਪਏ ਦੇਣ ਦੀ ਗੱਲ ਕਰਦਾ ਹੈ। ਸਾਡੀਆਂ ਔਰਤਾਂ ਭਿਖਾਰੀਆਂ ਨਹੀਂ ਹਨ। ਜੇਕਰ ਕੋਈ ਆ ਕੇ ਮੇਰੀ ਪਤਨੀ ਨੂੰ 1000 ਰੁਪਏ ਦੇਵੇ ਤਾਂ ਮੈਂ ਇਸ ਨੂੰ ਚੁੱਕ ਕੇ ਬਾਹਰ ਸੁੱਟ ਦੇਵਾਂ।