Punjab

ਸਿੱਧੂ ਨੇ ਸਿਆਸਤ ਛੱਡਣ ਦੀ ਸ਼ਰਤ ਕਿਸ ਕੋਲ ਰੱਖੀ

‘ਦ ਖ਼ਾਲਸ ਬਿਊਰੋ :- ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸੁਖਬੀਰ ਬਾਦਲ ਸੁਮੇਧ ਸੈਣੀ ਨਾਲ ਮੇਰੇ ਸਬੰਧ ਸਾਬਿਤ ਕਰ ਦੇਣ ਤਾਂ ਮੈਂ ਰਾਜਨੀਤੀ ਤੋਂ ਸੰਨਿਆਸ ਲੈ ਲਵਾਂਗਾ। ਸਿੱਧੂ ਨੇ ਕਿਹਾ ਕਿ ਸੁਖਬੀਰ ਬਾਦਲ ਅਤੇ ਬਿਕਰਮ ਮਜੀਠੀਆ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ ਕਿ ਸਿੱਧੂ ਉਨ੍ਹਾਂ ਦੇ ਖਿਲਾਫ ਕੋਈ ਸਾਜਿਸ਼ ਰਚ ਰਹੇ ਹਨ ਜਦਕਿ ਕਿਸੇ ਦੇ ਵੀ ਖਿਲਾਫ ਜੇਕਰ ਕੋਈ ਕਾਰਵਾਈ ਹੁੰਦੀ ਹੈ ਤਾਂ ਕਾਨੂੰਨ ਦੇ ਦਾਇਰੇ ਦੇ ਅੰਦਰ ਹੀ ਹੁੰਦੀ ਹੈ।

ਸਿੱਧੂ ਨੇ ਕਿਹਾ ਕਿ ਅਸੀਂ ਤਾਂ ਸਿਰਫ ਮਾਣਯੋਗ ਅਦਾਲਤ ਤੋਂ ਇਨਸਾਫ ਅਤੇ ਕਾਰਵਾਈ ਦੀ ਮੰਗ ਹੀ ਕਰ ਸਕਦੇ ਹਾਂ, ਜਿਸ ਲਈ ਜਿੱਥੋਂ ਤੱਕ ਸਿੱਧੂ ਦਾ ਸਵਾਲ ਹੈ ਤਾਂ ਸਿੱਧੂ ਨੇ ਹਮੇਸ਼ਾ ਨਸ਼ੇ ਅਤੇ ਬੇਅਦਬੀ ਦੇ ਮਾਮਲਿਆਂ ਦੇ ਦੋਸ਼ੀਆਂ ਖਿਲਾਫ ਮੰਗ ਹੀ ਕੀਤੀ ਹੈ। ਸਿੱਧੂ ਨੇ ਮਜੀਠੀਆ ਅਤੇ ਸੁਖਬੀਰ ਬਾਦਲ ‘ਤੇ ਤੰਜ ਕੱਸਦਿਆਂ ਕਿਹਾ ਕਿ ਮੈਂ ਤਾਂ ਕਦੇ ਇਨ੍ਹਾਂ ਦਾ ਨਾਮ ਵੀ ਨਹੀਂ ਲਿਆ, ਫਿਰ ਇਨ੍ਹਾਂ ਨੂੰ ਕਿਉਂ ਲੱਗਦਾ ਹੈ ਕਿ ਇਨ੍ਹਾਂ ਖਿਲਾਫ ਕੋਈ ਸਾਜਿਸ਼ ਰਚੀ ਜਾ ਰਹੀ ਹੈ।