‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਨਵਜੋਤ ਸਿੰਘ ਸਿੱਧੂ ਨੇ ਜਦੋਂ ਦਾ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦਿੱਤਾ ਹੈ, ਉਦੋਂ ਤੋਂ ਉਹ ਸੁਰਖ਼ੀਆਂ ਵਿੱਚ ਹਨ। ਨਵਜੋਤ ਸਿੱਧੂ ਆਪਣੀ ਪਾਰਟੀ ਦੇ ਨਾਲ ਨਰਾਜ਼ ਹੋਣ ਦੇ ਨਾਲ ਲੋਕਾਂ ਤੋਂ ਵੀ ਹੁਣ ਦੂਰੀ ਬਣਾਉਂਦੇ ਹੋਏ ਨਜ਼ਰ ਆ ਰਹੇ ਹਨ। ਇੱਕ ਨਿੱਜੀ ਚੈਨਲ ਦੀ ਖ਼ਬਰ ਅਨੁਸਾਰ ਸਿੱਧੂ ਵੱਲੋਂ ਹੁਣ ਲੋਕਾਂ ਨੂੰ ਮਿਲਣਾ ਹੌਲੀ-ਹੌਲੀ ਘੱਟ ਕੀਤ ਜਾ ਰਿਹਾ ਹੈ। ਕੱਲ੍ਹ ਦੇਰ ਸ਼ਾਮ ਪੀਬੀ 30k0234 ਵਾਹਨ ‘ਤੇ ਇੱਕ ਵਿਅਕਤੀ ਸਿੱਧੂ ਨੂੰ ਮਿਲਣ ਲਈ ਪਹੁੰਚੇ ਤਾਂ ਉਨ੍ਹਾਂ ਨੂੰ 10 ਮਿੰਟ ਤੱਕ ਘਰ ਦੀ ਚਾਰਦੀਵਾਰੀ ਅੰਦਰ ਖੜ੍ਹਾ ਕਰਕੇ ਬਿਨਾਂ ਮਿਲੇ ਹੀ ਵਾਪਸ ਮੋੜ ਦਿੱਤਾ ਗਿਆ। ਜਦੋਂ ਮੀਡੀਆ ਨੇ ਉਨ੍ਹਾਂ ਦਾ ਨਾਮ ਪੁੱਛਿਆ ਤਾਂ ਉਨ੍ਹਾਂ ਨੇ ਆਪਣਾ ਨਾਮ ਨਹੀਂ ਦੱਸਿਆ ਪਰ ਗੱਡੀ ਨੰਬਰ ਦੀ ਰਜਿਸਟਰੇਸ਼ਨ ਤੋਂ ਪਤਾ ਲੱਗਾ ਕਿ ਗੱਡੀ ਰਜਿਸਟ੍ਰੇਸ਼ਨ ‘ਤੇ ਨਾਮ ਹਰਚਰਨ ਸਿੰਘ ਬਰਾੜ ਦਾ ਸੀ, ਜੋ ਸ੍ਰੀ ਮੁਕਤਸਰ ਸਾਹਿਬ ਦੇ ਰਹਿਣ ਵਾਲੇ ਸਨ।
ਸਿੱਧੂ ਦੇ ਪਟਿਆਲਾ ਘਰ ਵਿੱਖੇ ਮੀਡੀਆ ਅਤੇ ਸੀਆਈਡੀ ਦਾ ਤਾਂਤਾ ਲੱਗਿਆ ਰਹਿੰਦਾ ਹੈ ਅਤੇ ਸ਼ਾਮੀਂ ਵੀ ਲੱਗਿਆ ਹੋਇਆ ਸੀ। ਕਈ ਹੋਰ ਸੱਜਣ ਵੀ ਸਿੱਧੂ ਨੂੰ ਮਿਲਣ ਲਈ ਆਏ, ਪਰ ਉਨ੍ਹਾਂ ਨੂੰ ਵੀ ਬਾਹਰੋਂ ਹੀ ਮੋੜ ਦਿੱਤਾ ਗਿਆ। ਸਿੱਧੂ ਦੇ ਇਕਾਂਤਵਾਸ ਕੋਈ ਜ਼ਿਆਦਾ ਲਾਹੇਵੰਦ ਨਹੀਂ ਹੈ, ਕਿਉਂਕਿ ਜਦੋਂ ਕੋਈ ਮਿਲਣ ਲਈ ਆਉਂਦਾ ਹੈ ਤਾਂ ਉਹ ਮੀਡੀਆ ਸਾਹਮਣੇ ਆਪਣੇ ਪੱਤੇ ਨਹੀਂ ਖੋਲ੍ਹਦੇ, ਫਿਰ ਸਰਕਾਰ ਦੀ ਗੱਲ ਲੋਕਾਂ ਤੱਕ ਕਿਵੇਂ ਜਾਵੇਗੀ।
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਿੱਧੂ ਵਿਚਾਲੇ ਸਬੰਧ ਬਹੁਤ ਕੜਵੇ ਹੋ ਗਏ ਹਨ। ਕੈਪਟਨ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਸਿੱਧੂ ਪੰਜਾਬ ਦੇ ਲਈ ਚੰਗਾ ਬੰਦਾ ਨਹੀਂ ਹੈ ਅਤੇ ਉਹ ਸਿੱਧੂ ਨੂੰ ਕਦੇ ਵੀ ਨਹੀਂ ਜਿੱਤਣ ਦੇਣਗੇ।
ਉੱਧਰ ਦੂਜੇ ਪਾਸੇ ਸਿੱਧੂ ਦੇ ਰਣਨੀਤੀਕਾਰ ਸਲਾਹਕਾਰ ਅਤੇ ਸਾਬਕਾ ਆਈਪੀਐੱਸ ਅਫ਼ਸਰ ਮੁਹੰਮਦ ਮੁਸਤਫ਼ਾ ਨੇ ਟਵੀਟ ਕਰਕੇ ਕੈਪਟਨ ‘ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ਸਿੱਧੂ ਕੈਪਟਨ ਨੂੰ ਉਨ੍ਹਾਂ ਦੇ ਘਰ ਯਾਨਿ ਪਟਿਆਲਾ ਦੇ ਚੋਣ ਲੜ ਕੇ ਉਨ੍ਹਾਂ ਨੂੰ ਹਰਾਉਣਗੇ ਅਤੇ ਪੰਜਾਬ ਦਾ ਅਗਲਾ ਮੁੱਖ ਮੰਤਰੀ ਬਣਨਗੇ।