Punjab

ਬਿਜਲੀ ਸਮਝੌਤਿਆਂ ਦਾ ਫ਼ੈਸਲਾ ਸੈਸ਼ਨ ‘ਚ ਹੋਵੇ – ਸਿੱਧੂ

‘ਦ ਖ਼ਾਲਸ ਬਿਊਰੋ :- ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਬਿਜਲੀ ਦਰਾਂ ਮੁੱਦਿਆਂ ‘ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮੁੜ ਘੇਰਿਆ ਹੈ। ਸਿੱਧੂ ਨੇ ਕੈਪਟਨ ਨੂੰ ਬਿਜਲੀ ਸਮਝੌਤੇ ਰੱਦ ਕਰਨ ਲਈ ਵਿਧਾਨ ਸਭਾ ਸੈਸ਼ਨ ਬੁਲਾਉਣ ਦੀ ਸਲਾਹ ਦਿੱਤੀ ਹੈ। ਸਿੱਧੂ ਨੇ ਕਿਹਾ ਕਿ

ਪੰਜਾਬ ਸਰਕਾਰ ਨੂੰ ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ (P.S.E.R.C) ਨੂੰ ਤੁਰੰਤ ਨਿਰਦੇਸ਼ ਲਾਜ਼ਮੀ ਜਾਰੀ ਕਰਨੇ ਚਾਹੀਦੇ ਹਨ ਕਿ ਪ੍ਰਾਈਵੇਟ ਬਿਜਲੀ ਪਲਾਂਟਾਂ ਨੂੰ ਅਦਾ ਕੀਤੇ ਜਾ ਰਹੇ ਮਹਸੂਲ (tariff) ਨੂੰ ਜਨਤਕ ਹਿੱਤ ਵਿੱਚ ਘਟਾਇਆ ਜਾਵੇ ਫ਼ਲਸਰੂਪ ਇਹ ਬਿਜਲੀ ਖਰੀਦ ਸਮਝੌਤਿਆਂ ਨੂੰ ਬੇਅਸਰ ਅਤੇ ਬੇਅਰਥ ਕਰ ਦੇਣਗੇ। ਇਸ ਤੋਂ ਬਾਅਦ ਨੁਕਸਦਾਰ ਬਿਜਲੀ ਖਰੀਦ ਸਮਝੌਤਿਆਂ ਨੂੰ ਪੂਰੀ ਤਰ੍ਹਾਂ ਰੱਦ ਕਰਨ ਵਾਸਤੇ ਨਵਾਂ ਕਾਨੂੰਨ ਬਨਾਉਣ ਖ਼ਾਤਰ 5-7 ਦਿਨਾਂ ਦਾ ਵਿਧਾਨ ਸਭਾ ਇਜਲਾਸ ਬੁਲਾਇਆ ਜਾਵੇ, ਜਿਸ ਵਿੱਚ ਸਤਲੁਜ-ਜਮੁਨਾ ਲਿੰਕ ਪਾਣੀਆਂ ਦੀ ਵੰਡ ਸੰਬੰਧੀ ਸਮਝੌਤੇ ਨੂੰ ਰੱਦ ਕਰਨ ਵਾਂਗ ਬਿਜਲੀ ਖਰੀਦ ਸਮਝੌਤਿਆਂ ਨੂੰ ਰੱਦ ਕਰਨ ਵਾਲਾ ਕਾਨੂੰਨ ਪਾਸ ਕੀਤਾ ਜਾ ਸਕਦਾ ਹੈ।

ਇਸ ਨਾਲ ਜਨਰਲ ਸ਼੍ਰੇਣੀ ਸਮੇਤ ਸਾਰੇ ਘਰੇਲੂ ਖਪਤਕਾਰਾਂ ਨੂੰ 300 ਯੂਨਿਟ ਬਿਜਲੀ ਮੁਫ਼ਤ ਦੇਣ, ਘਰੇਲੂ ਦਰ ਘਟਾ ਕੇ 3 ਰੁਪਏ ਪ੍ਰਤੀ ਯੂਨਿਟ ਅਤੇ ਉਦਯੋਗਾਂ ਲਈ 5 ਰੁਪਏ ਪ੍ਰਤੀ ਯੂਨਿਟ ਕਰਨ ਦੇ ਨਾਲ-ਨਾਲ ਸਾਰੇ ਬਕਾਇਆ ਬਿੱਲਾਂ ਦੇ ਨਿਪਟਾਰੇ, ਗੈਰ-ਵਾਜਬ ਅਤੇ ਬੇਹਿਸਾਬੇ ਬਿੱਲ ਮੁਆਫ ਕਰਨ ਵਿੱਚ ਪੰਜਾਬ ਸਰਕਾਰ ਨੂੰ ਮਦਦ ਮਿਲੇਗੀ।