Punjab

ਕੈਪਟਨ ਨੇ ਟੱਪੀ ਸਰਦਲ, ਸਿੱਧੂ ਬਣੇ ਭੰਬੀਰੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਚੋਣਾਂ ਦੀ ਰੁੱਤ ਅਤੇ ਹਾਈਕਮਾਂਡ ਦੇ ਡੰਡੇ ਦੇ ਡਰੋਂ ਕੈਪਟਨ ਅਮਰਿੰਦਰ ਸਿੰਘ ਨੂੰ ਘਰੋਂ ਬਾਹਰ ਨਿਕਲਣਾ ਪੈ ਹੀ ਗਿਆ ਹੈ। ਅੱਜ ਸ਼ਹੀਦ ਊਧਮ ਸਿੰਘ ਦੇ ਯਾਦਗਾਰੀ ਦਿਹਾੜੇ ਮੌਕੇ ਉਹ ਸੁਨਾਮ ਪਹੁੰਚ ਗਏ ਹਨ। ਕੈਪਟਨ ਸਰਕਾਰ ਦੇ ਸਾਢੇ ਚਾਰ ਸਾਲਾਂ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਕੈਪਟਨ ਨੂੰ ਕਿਸੇ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਘਰੋਂ ਪੁਲਾਂਘ ਭਰਨੀ ਪਈ, ਨਹੀਂ ਤਾਂ ਇਸ ਤੋਂ ਪਹਿਲਾਂ ਉਹ ਆਪਣੇ ਸਿਸਵਾਂ ਵਾਲੇ ਘਰ ਤੋਂ ਹੀ ਸਰਕਾਰ ਚਲਾਉਂਦੇ ਆ ਰਹੇ ਹਨ।

ਦੇਸ਼ ਦੀ ਆਜ਼ਾਦੀ ਲਈ ਕੁਰਬਾਨੀ ਦੇਣ ਵਾਲੇ ਮਹਾਨ ਸ਼ਹੀਦਾਂ ਵਿੱਚ ਸੰਗਰੂਰ ਜ਼ਿਲ੍ਹੇ ਦੇ ਸੁਨਾਮ ਇਲਾਕੇ ਤੋਂ ਊਧਮ ਸਿੰਘ ਦਾ ਨਾਂ ਬੜੀ ਸ਼ਰਧਾ ਨਾਲ ਲਿਆ ਜਾਂਦਾ ਹੈ। ਅਕਾਲੀ-ਭਾਜਪਾ ਸਰਕਾਰ ਨੇ ਤਾਂ ਸ਼ਰਧਾ ਵਜੋਂ ਸੁਨਾਮ ਦਾ ਨਾਂ ਬਦਲ ਕੇ ਸੁਨਾਮ ਊਧਮ ਸਿੰਘ ਵਾਲਾ ਰੱਖ ਦਿੱਤਾ ਸੀ।

ਦੂਜੇ ਪਾਸੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਸ਼ਹੀਦ ਨੂੰ ਸ਼ਰਧਾਂਜਲੀ ਦੇਣ ਲਈ ਅੱਜ ਫਤਿਹਗੜ੍ਹ ਸਾਹਿਬ ਪਹੁੰਚ ਗਏ ਹਨ। ਸ਼ਹੀਦ, ਜਿਨ੍ਹਾਂ ਨੂੰ ਕੌਮ ਦਾ ਸਾਂਝਾ ਸਰਮਾਇਆ ਮੰਨਿਆ ਜਾਂਦਾ ਹੈ, ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਵੀ ਕੈਪਟਨ ਤੇ ਸਿੱਧੂ ਰਲ ਕੇ ਨਹੀਂ ਤੁਰ ਸਕੇ। ਸਿੱਧੂ ਪਿਛਲੇ ਚਾਰ ਦਿਨਾਂ ਤੋਂ ਫਿਰਕੀ ਦੀ ਤਰ੍ਹਾਂ ਪੰਜਾਬ ਦੌਰੇ ‘ਤੇ ਹਨ। ਤਿੰਨ ਦਿਨ ਪਹਿਲਾਂ ਉਹ ਦਿੱਲੀ ਤੋਂ ਤੁਰੇ। ਜਲੰਧਰ ਤੇ ਲੁਧਿਆਣਾ ਗੇੜਾ ਲਾਇਆ। ਫਿਰ ਉਹ ਕਾਂਗਰਸ ਦੇ ਜਾਨ ਗਵਾਉਣ ਵਾਲੇ ਨੇਤਾ ਦੇ ਘਰ ਹਿੱਸੋਵਾਲ ਵਿਖੇ ਪਹੁੰਚੇ। ਕੱਲ੍ਹ ਉਨ੍ਹਾਂ ਨੇ ਚੰਡੀਗੜ੍ਹ ਵਿੱਚ ਡੇਰਾ ਲਾਈ ਰੱਖਿਆ ਅਤੇ ਚਾਰ ਜ਼ਿਲ੍ਹਿਆਂ ਦੇ ਨੇਤਾਵਾਂ ਸਮੇਤ ਦਲਿਤ ਲੀਡਰਾਂ ਨਾਲ ਮੀਟਿੰਗ ਕੀਤੀ। ਉਹਨਾਂ ਨੇ ਪੰਜਾਬੀ ਫਿਲਮ ਐਕਟਰ ਯੋਗ ਰਾਜ ਸਿੰਘ ਦੇ ਘਰ ਜਾ ਦਰਵਾਜ਼ਾ ਖੜਕਾਇਆ ਅਤੇ ਅੱਜ ਸਵੇਰੇ ਉਨ੍ਹਾਂ ਨੇ ਸਰਹਿੰਦ ਹਾਜ਼ਰੀ ਭਰੀ।

ਸ਼ਹੀਦ ਨੂੰ ਯਾਦ ਕਰਨ ਲਈ ਹਰ ਸਾਲ 31 ਜੁਲਾਈ ਨੂੰ ਸੂਬਾ ਪੱਧਰੀ ਸਮਾਗਮ ਸੁਨਾਮ ਵਿਖੇ ਕੀਤਾ ਜਾਂਦਾ ਹੈ। ਪਰ ਮੋਤੀਆਂ ਵਾਲੀ ਸਰਕਾਰ ਨੂੰ ਯਾਦ ਪਹਿਲੀ ਵਾਰ ਆਈ ਹੈ। ਪਿਛਲੀ ਅਕਾਲੀ-ਭਾਜਪਾ ਸਰਕਾਰ ਦੇ ਰਾਜ ਦੌਰਾਨ ਉਦੋਂ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਮਾਗਮ ਵਿੱਚ ਸ਼ਿਰਕਤ ਕਰਦੇ ਰਹੇ ਹਨ। ਕਾਂਗਰਸ ਦੇ ਰਾਜ ਦੌਰਾਨ ਇਹ ਚੌਥੀ ਵਾਰ ਸ਼ਹੀਦ ਊਧਮ ਸਿੰਘ ਦੀ ਯਾਦ ਵਿੱਚ ਸਮਾਗਮ ਕਰਵਾਇਆ ਜਾ ਰਿਹਾ ਹੈ ਪਰ ਮੁੱਖ ਮੰਤਰੀ ਨੇ ਨਿੱਜੀ ਤੌਰ ‘ਤੇ ਸਮਾਗਮ ਵਿੱਚ ਸ਼ਾਮਿਲ ਹੋਣ ਦੀ ਖੇਚਲ ਨਹੀਂ ਕੀਤੀ। ਹਾਂ…ਉਨ੍ਹਾਂ ਦੀ ਥਾਂ ਕੈਬਨਿਟ ਮੰਤਰੀ ਪ੍ਰੋਕਸੀ ਵਜੋਂ ਹਾਜ਼ਰੀ ਭਰਦੇ ਰਹੇ ਹਨ। ਉਹ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਸੁਨਾਮ ਪਹੁੰਚ ਚੁੱਕੇ ਹਨ ਅਤੇ ਇਸਦਾ ਸਿੱਧਾ ਪ੍ਰਸਾਰਣ ਕੀਤਾ ਜਾ ਰਿਹਾ ਹੈ।

ਦੱਸ ਦਈਏ ਕਿ ਕੈਪਟਨ ਅਮਰਿੰਦਰ ਸਿੰਘ ਉੱਤੇ ਮੁੱਖ ਮੰਤਰੀ ਹੁੰਦਿਆਂ ਘਰੋਂ ਨਾ ਨਿਕਲਣ ਦੇ ਦੋਸ਼ ਲੱਗਦੇ ਰਹੇ ਹਨ। ਉਨ੍ਹਾਂ ਨੇ ਪਹਿਲੀ ਵਾਰ ਦੀ ਸਰਕਾਰ ਚੰਡੀਗੜ੍ਹ ਬੈਠ ਕੇ ਹੀ ਚਲਾਈ ਸੀ। ਇਸ ਵਾਰ ਤਾਂ ਆਪਣੇ ਕੁੱਝ ਚਹੇਤਿਆਂ ਅਫ਼ਸਰਾਂ ਉੱਤੇ ਸਰਕਾਰ ਦਾ ਸਾਰਾ ਕੰਮ-ਕਾਜ ਛੱਡਿਆ ਹੋਇਆ ਹੈ।

ਇੱਕ ਵੱਖਰੀ ਜਾਣਕਾਰੀ ਅਨੁਸਾਰ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਸ਼ਹੀਦ ਊਧਮ ਸਿੰਘ ਉਰਫ਼ ਰਾਮ ਮੁਹੰਮਦ ਸਿੰਘ ਆਜ਼ਾਦ ਨੂੰ ਸ਼ਰਧਾਂਜਲੀ ਦੇਣ ਲਈ ਫਤਿਹਗੜ੍ਹ ਸਾਹਿਬ ਪਹੁੰਚੇ ਹੋਏ ਹਨ। ਕਾਂਗਰਸ ਦੇ ਵਰਕਿੰਗ ਪ੍ਰਧਾਨ ਕੁਲਜੀਤ ਸਿੰਘ ਨਾਗਰਾ ਵੀ ਉਨ੍ਹਾਂ ਦੇ ਨਾਲ ਮੌਜੂਦ ਰਹੇ।