Punjab

ਸਿੱਧੂ ਨੇ ਕੈਪਟਨ ਦਾ ਬੰਨ੍ਹਿਆ ਰਗੜਾ

‘ਦ ਖ਼ਾਲਸ ਬਿਊਰੋ :- ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਤਾਜਪੋਸ਼ੀ ਸਮਾਗਮ ਵਿੱਚ ਸੰਬੋਧਨ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਣਗੌਲਿਆ ਹੀ ਨਹੀਂ ਕੀਤਾ, ਸਗੋਂ ਰਗੜਾ ਵੀ ਲਾਇਆ। ਉਨ੍ਹਾਂ ਕਿਹਾ ਕਿ ਲੋਕਾਂ ਦੇ ਕੰਮ ਕਰੇ ਬਿਨਾਂ ਗੁਜ਼ਾਰਾ ਨਹੀਂ। ਉਨ੍ਹਾਂ ਨੇ ਸਭ ਨੂੰ ਨਾਲ ਲੈ ਕੇ ਚੱਲਣ ਦੀ ਗੱਲ ਤਾਂ ਕੀਤੀ ਪਰ ਕਿਸੇ ਵਿਸ਼ੇਸ਼ ਦਾ ਨਾਂ ਨਹੀਂ ਲਿਆ। ਇਸ ਤੋਂ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਭਾਸ਼ਣ ਵਿੱਚ ਸਿੱਧੂ ਨਾਲ ਰਲ ਕੇ ਚੱਲਣ ਦੀ ਗੱਲ ਜ਼ਰੂਰ ਕਹੀ ਸੀ। ਸਮਾਗਮ ਦੌਰਾਨ ਸਟੇਜ ‘ਤੇ ਬੈਠੇ ਨੇਤਾਵਾਂ ਦੇ ਮਨਾਂ ਦੀ ਦੂਰੀ ਦਾ ਝਲਕਾਰਾ ਸਾਫ ਨਜ਼ਰ ਆ ਰਿਹਾ ਸੀ। ਉਂਝ ਕਈ ਨੇਤਾਵਾਂ ਨੇ ਆਪਣੇ ਭਾਸ਼ਣ ਵਿੱਚ ਗਿਲੇ-ਸ਼ਿਕਵੇ ਵੀ ਸਾਂਝੇ ਕੀਤੇ।

ਸਿੱਧੂ ਨੇ ਆਪਣੇ ਭਾਸ਼ਣ ਦੌਰਾਨ ਕਿਹਾ ਕਿ ਉਹ ਪੰਜਾਬ ਦੇ ਮਸਲੇ ਹੱਲ ਕਰਨਗੇ ਅਤੇ ਵਰਕਰਾਂ ਨਾਲ ਨੇੜੇ ਦਾ ਸੰਪਰਕ ਕਾਇਮ ਰੱਖਣਗੇ। ਉਨ੍ਹਾਂ ਨੇ ਕਿਹਾ ਕਿ ਕਾਂਗਰਸੀ ਵਰਕਰ ਉਨ੍ਹਾਂ ਦੀ ਪੱਗ ਦੇ ਲੜ ਹਨ ਅਤੇ ਸਾਰੇ ਵਰਕਰ ਹੀ ਪ੍ਰਧਾਨ ਬਣ ਗਏ ਹਨ, ਹੁਣ ਕੋਈ ਫਰਕ ਨਹੀਂ ਰਹਿ ਗਿਆ। ਉਨ੍ਹਾਂ ਇਹ ਵੀ ਕਿਹਾ ਕਿ ਕੋਈ ਵੀ ਅਹੁਦਾ ਮੇਰੇ ਲਈ ਮਸਲਾ ਨਹੀਂ। ਕੈਬਨਿਟਾਂ ਮੈਂ ਵਗਾ-ਵਗਾ ਮਾਰੀਆਂ ਹਨ। ਉਨ੍ਹਾਂ ਕਿਹਾ ਕਿ ਮਸਲਾ ਹੈ ਈਟੀਟੀ, ਡਾਕਟਰ, ਨਰਸਾਂ ਸੜਕਾਂ, ਕੰਡਕਟਰ, ਡ੍ਰਾਇਵਰ ਅਤੇ ਮਸਲਾ ਮੇਰੇ ਗੁਰੂ ਦਾ ਹੈ। ਇਹ ਪ੍ਰਧਾਨਗੀ ਉਨ੍ਹਾਂ ਮਸਲਿਆਂ ਨੂੰ ਹੱਲ ਕਰਨ ਦੀ ਉਮੀਦਾਂ ਦੀ ਪ੍ਰਧਾਨਗੀ ਹੈ। ਅਗਰ ਇਹ ਮਸਲੇ ਹੱਲ ਨਹੀਂ ਹੁੰਦੇ ਅਤੇ ਗੁਰੂ ਨੂੰ ਇਨਸਾਫ ਨਹੀਂ ਮਿਲਦਾ ਤਾਂ ਇਹ ਕੱਖ ਨਹੀਂ ਹੈ। ਸਿੱਧੂ ਨੇ ਕਿਹਾ ਕਿ ਕਿਰਦਾਰ ਲੋਕਾਂ ਦੇ ਵਿਸ਼ਵਾਸ ਵੱਲ ਦੇਖਦਾ ਹੈ।

ਸਿੱਧੂ ਨੇ ਕਿਹਾ ਮੇਰੇ ਪਿਓ ਨੂੰ ਗੋਰਿਆਂ ਨੇ ਤਸੀਹੇ ਦਿੱਤੇ ਸੀ। ਕਿਸਾਨ ਮੋਰਚੇ ਨੇ ਸਾਰਾ ਦੇਸ਼ ਇੱਕ ਧਾਗੇ ਵਿੱਚ ਪਰੋ ਕੇ ਰੱਖਿਆ ਹੈ। ਕਿਸਾਨਾਂ ਦਾ ਅੰਦੋਲਨ ਪਵਿੱਤਰ ਹੈ। ਅੱਜ ਕਾਂਗਰਸ ਇੱਕਜੁੱਟ ਹੈ। ਮੈਂ ਸਰਿਆਂ ਨੂੰ ਲੈ ਕੇ ਨਾਲ ਚੱਲਾਂਗਾ। ਦਿੱਲੀ ਮਾਡਲ ਦੇ ਪਰਖਚੇ ਉਡਾ ਦੇਣੇ ਹਨ। ਵੱਡਿਆ ਦਾ ਸਨਮਾਨ ਕਰਾਂਗਾ, ਛੋਟਿਆ ਨੂੰ ਪਿਆਰ ਦਿਆਂਗਾ।