India Punjab

ਨਵਜੋਤ ਸਿੱਧੂ ਨੇ ਚੰਨੀ ਨੂੰ ਲਾਇਆ ਤੱਤਾ ਸੇਕ

‘ਦ ਖ਼ਾਲਸ ਬਿਊਰੋ (ਬਨਵੈਤ / ਪੁਨੀਤ ਕੌਰ) :- ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਆਪਣੀ ਹੀ ਪਾਰਟੀ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ‘ਤੇ ਲਗਾਤਾਰ ਹਮਲੇ ਕੀਤੇ ਜਾ ਰਹੇ ਹਨ। ਪੰਜਾਬ ਵਿੱਚ ਨਵੇਂ ਐਡਵੋਕੇਟ ਜਨਰਲ ਅਤੇ ਪੰਜਾਬ ਪੁਲਿਸ ਦੇ ਮੁਖੀ ਦੀ ਨਿਯੁਕਤੀ ਨੂੰ ਲੈ ਕੇ ਉਨ੍ਹਾਂ ਨੇ ਹਮਲਿਆਂ ਦੀ ਸ਼ੁਰੂਆਤ ਕੀਤੀ ਸੀ। ਬਾਅਦ ਵਿੱਚ ਉਹ ਰੇਤ ਮਾਫੀਆ ਨੂੰ ਲੈ ਕੇ ਮੁੱਖ ਮੰਤਰੀ ਨੂੰ ਘੇਰਨ ਲੱਗ ਪਏ ਸਨ। ਦੋ ਦਿਨ ਪਹਿਲਾਂ ਲੁਧਿਆਣਾ ਵਿੱਚ ਉਨ੍ਹਾਂ ਨੇ ਮੁੱਖ ਮੰਤਰੀ ਦੀ ਹਾਜ਼ਰੀ ਵਿੱਚ ਉਨ੍ਹਾਂ ਦੇ ਦਾਅਵਿਆਂ ਦੀ ਫੂਕ ਕੱਢ ਦਿੱਤੀ ਸੀ। ਸਿੱਧੂ ਨੇ ਅੱਜ ਮੁੜ ਚਿਤਾਵਨੀ ਦਿੱਤੀ ਹੈ ਕਿ ਜੇਕਰ ਐੱਸਟੀਐੱਫ ਦੀ ਰਿਪੋਰਟ ਨਾ ਖੋਲ੍ਹੀ ਗਈ ਤਾਂ ਉਹ ਮਰਨ ਵਰਤ ‘ਤੇ ਬੈਠ ਜਾਣਗੇ। ਉਹ ਅੱਜ ਮੋਗਾ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰ ਰਹੇ ਸਨ।

ਸਿੱਧੂ ਨੇ ਕਿਹਾ ਕਿ ਉਹ ਪਾਰਟੀ ਦੇ ਨਿਰਦੇਸ਼ਾਂ ‘ਤੇ ਚੱਲਦੇ ਹਨ। ਜੇਕਰ ਨਸ਼ਿਆਂ ਦੀ ਸਪੈਸ਼ਲ ਟਾਸਕ ਫੋਰਸ (ਐੱਸਟੀਐੱਫ) ਦੀ ਰਿਪੋਰਟ ਨਾ ਖੋਲ੍ਹੀ ਗਈ ਤਾਂ ਉਹ ਮਰਨ ਵਰਤ ‘ਤੇ ਬੈਠ ਜਾਣਗੇ।ਸਿੱਧੂ ਨੇ ਦਾਅਵਾ ਕੀਤਾ ਕਿ ਅਦਾਲਤ ਨੇ ਹਦਾਇਤ ਕੀਤੀ ਹੈ ਕਿ ਇਸ ਰਿਪੋਰਟ ਨੂੰ ਖੋਲ੍ਹ ਕੇ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਸਿੱਧੂ ਇਸ ਤੋਂ ਪਹਿਲਾਂ ਐਡਵੋਕੇਟ ਜਨਰਲ ਅਤੇ ਡੀਜੀਪੀ ਦੀ ਨਿਯੁਕਤੀ ਨੂੰ ਲੈ ਕੇ ਵੀ ਸਰਕਾਰ ਨਾਲ ਭਿੜ ਚੁੱਕੇ ਹਨ। ਸਿੱਧੂ ਨੇ ਕਿਹਾ ਕਿ ਪੰਜਾਬ ਸਿਰ 7 ਲੱਖ ਕਰੋੜ ਦਾ ਕਰਜ਼ਾ ਹੈ। ਅਸੀਂ ਕਰਜ਼ੇ ਲੈ ਕੇ ਕਰਜ਼ਾ ਉਤਾਰ ਰਹੇ ਹਾਂ।ਸਿੱਧੂ ਨੇ ਕਿਹਾ ਕਿ ਕਰਜ਼ਾ ਮੋੜਨ ਦੀ ਬਜਾਏ ਕੋਈ ਇਹ ਕਿਉਂ ਨਹੀਂ ਕਹਿੰਦਾ ਕਿ ਉਹ ਭਵਿੱਖ ‘ਚ ਕਰਜ਼ਾ ਚੜ੍ਹਨ ਨਹੀਂ ਦੇਣਗੇ। ਸਿੱਧੂ ਨੇ ਕਿਹਾ ਕਿ ਉਹ ਸਰਕਾਰ ਨੂੰ ਰੇਤ ਤੋਂ 2 ਹਜ਼ਾਰ ਕਰੋੜ ਅਤੇ ਸ਼ਰਾਬ ਤੋਂ 20 ਹਜ਼ਾਰ ਕਰੋੜ ਰੁਪਏ ਕਮਾ ਕੇ ਦੇਣਗੇ।