‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਅੱਜ ਕੈਬਨਿਟ ਮੰਤਰੀ ਅਤੇ ਵਿਧਾਇਕਾਂ ਸਣੇ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਗਏ, ਜਿੱਥੇ ਉਨ੍ਹਾਂ ਦਾ ਭਰਵਾਂ ਸਵਾਗਤ ਹੋਇਆ। ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦੌਰਾਨ ਸਿੱਧੂ ਨੇ ਪੂਰੀ ਸ਼ਰਧਾ ਨਾਲ ਬਾਣੀ ਦਾ ਆਨੰਦ ਮਾਣਿਆ। ਗੁਰਦੁਆਰਾ ਪ੍ਰਬੰਧਕਾਂ ਵੱਲੋਂ ਸਿੱਧੂ ਦਾ ਸਵਾਗਤ ਅਤੇ ਸਨਮਾਨ ਕੀਤਾ ਗਿਆ। ਨਵਜੋਤ ਸਿੱਧੂ ਵੱਲੋਂ ਇਮਰਾਨ ਖ਼ਾਨ ਨੂੰ ਆਪਣਾ ਵੱਡਾ ਭਰਾ ਆਖਿਆ ਗਿਆ।
ਕਰਤਾਰਪੁਰ ਸਾਹਿਬ ਤੋਂ ਪਰਤ ਕੇ ਨਵਜੋਤ ਸਿੱਧੂ ਨੇ ਲਾਂਘਾ ਖੋਲ੍ਹਣ ਲਈ ਦੋਵਾਂ ਸਰਕਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੀਐੱਮ ਮੋਦੀ ਅਤੇ ਇਮਰਾਨ ਖਾਨ ਨੇ ਵੱਡਾ ਕੰਮ ਕੀਤਾ ਹੈ। ਸਾਡੀ ਕਿਸਮਤ ਉੱਤੇ ਲੱਗੇ ਤਾਲੇ ਖੁੱਲ੍ਹਣੇ ਚਾਹੀਦੇ ਹਨ। ਤਕਦੀਰ ਬਦਲਣੀ ਹੈ ਤਾਂ ਪਾਕਿਸਤਾਨ ਨਾਲ ਵਪਾਰ ਖੋਲ੍ਹਿਆ ਜਾਵੇ।
ਪੰਜਾਬ ਭਾਜਪਾ ਲੀਡਰ ਹਰਜੀਤ ਸਿੰਘ ਗਰੇਵਾਲ ਨੇ ਨਵਜੋਤ ਸਿੱਧੂ ਦੇ ਪਾਕਿਸਤਾਨ ਵਿੱਚ ਹੋਏ ਨਿੱਘੇ ਸਵਾਗਤ ਅਤੇ ਉਨ੍ਹਾਂ ਵੱਲੋਂ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਵੱਡਾ ਭਰਾ ਕਹਿਣ ਉੱਤੇ ਸਵਾਲ ਖੜੇ ਕੀਤੇ ਹਨ। ਉਨ੍ਹਾਂ ਕਿਹਾ ਕਿ ਅਸੀਂ ਵੀ ਇੱਕ ਦਿਨ ਪਹਿਲਾਂ ਕਰਤਾਰਪੁਰ ਸਾਹਿਬ ਗਏ ਸੀ, ਸਾਡੇ ਲਈ ਕੋਈ ਉੱਥੇ ਨਹੀਂ ਆਇਆ। ਸਿੱਧੂ ਦਾ ਪਰੋਟੋਕੋਲ ਮੁਤਾਬਕ ਸਵਾਗਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਪਾਕਿਸਤਾਨ ਨਾਲ ਰਿਸ਼ਤੇ ਸਾਫ ਹੁੰਦੇ ਨਜ਼ਰ ਆ ਰਹੇ ਹਨ।
ਉਨ੍ਹਾਂ ਕਿਹਾ ਕਿ ਹੁਣ ਇਹ ਸਮਝ ਆਉਂਦਾ ਹੈ ਕਿ ਇਨ੍ਹਾਂ ਦੇ ਦੋਹਰੇ ਚਿਹਰੇ ਹਨ। ਅਸੀਂ ਕਿਸਾਨਾਂ ਤੋਂ ਮੁਆਫੀ ਮੰਗ ਲਈ ਹੈ ਤੇ ਕਾਨੂੰਨ ਵੀ ਵਾਪਸ ਲੈ ਲਏ ਹਨ, ਪ੍ਰਧਾਨ ਮੰਤਰੀ ਨੇ ਵੀ ਮੁਆਫੀ ਮੰਗ ਲਈ ਹੈ। ਹੁਣ ਸਿੱਧੂ ਸਣੇ ਕਾਂਗਰਸੀ ਕੀ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕਰਨ ਬਾਰੇ ਮੁਆਫੀ ਮੰਗਣਗੇ? ਉਨ੍ਹਾਂ ਕਿਹਾ ਕਿ ਜਦੋਂ ਮੈਂ ਕਰਤਾਰਪੁਰ ਸਾਹਿਬ ਗਿਆ ਤਾਂ ISI ਦੇ ਏਜੰਟ ਬਹੁਤ ਖੁਸ਼ ਸੀ ਤੇ ਪੁੱਛ ਰਹੇ ਸੀ ਕਿ ਸਿੱਧੂ ਸਾਬ ਆ ਰਹੇ ਨੇ, ਸਾਨੂੰ ਸਮਝ ਨਹੀਂ ਆਇਆ ਕਿ ਇਹ ਖੁਸ਼ੀ ਕਿਉਂ ਹੋ ਰਹੀ ਸੀ।