‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਆਪਣੇ ਟਵੀਟ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਸਾਹਮਣੇ ਇੱਕ ਹੋਰ ਮੰਗ ਰੱਖੀ ਹੈ। ਸਿੱਧੂ ਨੇ ਚੰਨੀ ਨੂੰ ਹਰ ਮਹੀਨੇ ਸਰਕਾਰੀ ਖ਼ਜ਼ਾਨੇ ਦੀ ਸਥਿਤੀ ਭਾਵ ਵਿੱਤੀ ਰਿਪੋਰਟ ਨੂੰ ਜਨਤਕ ਕਰਨ ਦੀ ਮੰਗ ਕੀਤੀ ਹੈ। ਨਵਜੋਤ ਸਿੱਧੂ ਨੇ ਟਵੀਟ ਕਰਕੇ ਕਿਹਾ ਕਿ ਅੱਜ ਪੰਜਾਬ ਦੇਸ਼ ਦਾ ਸਭ ਤੋਂ ਵੱਧ ਕਰਜ਼ਦਾਰ ਸੂਬਾ ਹੈ। ਪੰਜਾਬ ‘ਤੇ ਸੂਬੇ ਦੀ ਜੀਡੀਪੀ ਦਾ 50 ਫ਼ੀਸਦੀ ਕਰਜ਼ ਹੈ। ਅੱਧੇ ਤੋਂ ਵੱਧ ਖ਼ਰਚ ਮਹਿੰਗੇ ਕਰਜ਼ੇ ਨਾਲ ਚੱਲ ਰਿਹਾ ਹੈ। ਪੰਜਾਬ ਨੂੰ ਉਨ੍ਹਾਂ ਅਸਲ ਮਸਲਿਆਂ ਤੋਂ ਨਾ ਭਟਕਣ ਦਿੱਤਾ ਜਾਵੇ, ਜਿਨ੍ਹਾਂ ਦਾ ਹਰ ਪੰਜਾਬ ਅਤੇ ਪਾਰਟੀ ਵਰਕਰ ਨੂੰ ਸਮਰਥਨ ਕਰਨਾ ਚਾਹੀਦਾ ਹੈ।
ਸਿੱਧੂ ਇੱਕ ਹੋਰ ਟਵੀਟ ਕਰਕੇ ਕਹਿੰਦੇ ਹਨ ਕਿ ਵਿੱਤੀ ਜਵਾਬਦੇਹੀ ਅਤੇ ਪਾਰਦਸ਼ਤਾ ਪੰਜਾਬ ਪੰਜਾਬ ਮਾਡਲ ਦੇ ਥੰਮ੍ਹ ਹਨ। ਜਵਾਬਦੇਹੀ ਦਾ ਮਤਲਬ ਇਹ ਦੱਸਣਾ ਹੈ ਕਿ ਹਰ ਯੋਜਨਾ ਵਿੱਚ ਲੱਗਣ ਵਾਲਾ ਫੰਡ ਕਿੱਥੋਂ ਆ ਰਿਹਾ ਹੈ। ਕੀ ਉਹ ਕਮਾਈ ਹੈ ਜਾਂ ਫਿਰ ਕਰਜ਼ਾ। ਪਾਰਦਸ਼ਤਾ ਦਾ ਮਤਲਬ ਸੂਬੇ ਦੇ ਵਿੱਤੀ ਹਾਲਾਤ ਨੂੰ ਹਰ ਮਹੀਨੇ ਜਨਤਕ ਕਰਨਾ ਹੈ।
ਨਵਜੋਤ ਸਿੱਧੂ ਨੇ ਇੱਕ ਹੋਰ ਟਵੀਟ ਕਰਦਿਆਂ ਕਿਹਾ ਕਿ ਕਰਜ਼ ਲੈਣਾ ਕੋਈ ਹੱਲ ਨਹੀਂ ਹੈ। ਟੈਕਸ ਦੀ ਕਮਾਈ ਕਰਜ਼ ਨਿਪਟਾਉਣ ਵਿੱਚ ਨਹੀਂ ਲੱਗਣੀ ਚਾਹੀਦੀ, ਸਗੋਂ ਵਿਕਾਸ ਦੇ ਤੌਰ ‘ਤੇ ਲੋਕਾਂ ਨੂੰ ਵਾਪਸ ਮਿਲਣੀ ਚਾਹੀਦੀ ਹੈ।