Punjab

ਸਿੱਧੂ ਨੇ ਫਿਰ ਘੇਰੀ ਆਪਣੀ ਹੀ ਸਰਕਾਰ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਆਪਣੀ ਸਰਕਾਰ ‘ਤੇ ਨਿਸ਼ਾਨਾ ਕੱਸਣ ਦਾ ਇੱਕ ਵੀ ਮੌਕਾ ਨਹੀਂ ਛੱਡਦੇ। ਸਿੱਧੂ ਨੇ ਹੁਣ ਫਿਰ ਟਵੀਟ ਕਰਕੇ ਆਪਣੀ ਹੀ ਸਰਕਾਰ ਨੂੰ ਨਿਸ਼ਾਨੇ ‘ਤੇ ਲਿਆ ਹੈ। ਪਰ ਇਸ ਵਾਰ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ ਸਿੱਧੂ ਨੂੰ ਮੋੜਵਾਂ ਜਵਾਬ ਦਿੱਤਾ ਹੈ। ਨਵਜੋਤ ਸਿੱਧੂ ਨੇ ਬੀਤੇ ਦਿਨ ਪਟਿਆਲਾ ਵਿਖੇ ਨੌਕਰੀ ਲਈ ਧਰਨਾ-ਪ੍ਰਦਰਸ਼ਨ ਕਰ ਰਹੇ ਠੇਕਾ ਮੁਲਾਜ਼ਮਾਂ ਨਾਲ ਗੱਲਬਾਤ ਦੀ ਇੱਕ ਵੀਡੀਓ ਨੂੰ ਪੋਸਟ ਕਰਕੇ ਲਿਖਿਆ ਕਿ:

ਜਦ ਵੀ ਬੋਲਿਆ, ਹੈ ਸੱਚ ਬੋਲਿਆ ਸਿੱਧੂ ਨੇ,
ਸੋਚ ਸਮਝ ਕੇ ਹੀ ਮੂੰਹ ਖੋਲ੍ਹਿਆ ਸਿੱਧੂ ਨੇ।
ਸੱਚ ਨਾਲ ਦੇਖੀਏ ਕਿੰਨੇ ਜ਼ਖ਼ਮੀ ਹੁੰਦੇ ਨੇ
ਛੱਡ ਦਿੱਤਾ ਹੈ ਤੋਪ ਦਾ ਗੋਲਾ ਸਿੱਧੂ ਨੇ।

ਠੇਕਾ ਮੁਲਾਜ਼ਮਾਂ ਨਾਲ ਗੱਲਬਾਤ ਕਰਦਿਆਂ ਸਿੱਧੂ ਨੇ ਚੰਨੀ ਸਰਕਾਰ ‘ਤੇ ਆਖਰੀ ਤਿੰਨ ਮਹੀਨਿਆਂ ਵਿੱਚ ਇੱਕ ਲੱਖ ਨੌਕਰੀਆਂ ਨਾ ਦੇਣ ਅਤੇ ਲਾਲੀਪੌਪ ਦੇਣ ਦਾ ਮੁੱਦਾ ਚੁੱਕਿਆ। ਉਨ੍ਹਾਂ ਚੰਨੀ ਸਰਕਾਰ ‘ਤੇ ਸਿੱਧਾ ਹਮਲਾ ਕਰਦਿਆਂ ਕਿਹਾ, ”ਉਸ ਕੋਲ ਪਾਰਟੀ ਦੀ ਪਾਵਰ ਹੈ, ਐਡਮਿਨਿਸਟ੍ਰੇਸ਼ਨ ਦੀ ਨਹੀਂ। ਮੈਂ ਝੂਠੇ ਵਾਅਦੇ ਨਹੀਂ ਕਰਾਂਗਾ। ਚੋਣਾਂ ਤੋਂ ਪਹਿਲਾਂ ਲਾਲੀਪੌਪ ਵੰਡੇ ਜਾ ਰਹੇ ਹਨ। ਜੇਕਰ ਇਸ ਵਾਰੀ ਗਲਤੀ ਕਰ ਲਈ ਤਾਂ ਪੰਜਾਬ ਮੁੜ ਬਰਬਾਦ ਹੋ ਜਾਵੇਗਾ।” ਸਿੱਧੂ ਨੇ ਕਿਹਾ ਕਿ ਪੰਜਾਬ ਦੇਸ਼ ਦਾ ਸਭ ਤੋਂ ਵੱਧ ਕਰਜ਼ੇ ਵਾਲਾ ਸੂਬਾ ਬਣ ਗਿਆ ਹੈ। ਸਿੱਧੂ ਨੇ ਧਰਨਾਕਾਰੀਆਂ ਨੂੰ ਭਰੋਸਾ ਵੀ ਦਿੱਤਾ ਕਿ ਇਹ ਮੰਤਰਾਲਾ ਮੁੱਖ ਮੰਤਰੀ ਕੋਲ ਹੈ ਅਤੇ ਉਹ ਧਰਨਾਕਾਰੀਆਂ ਦੀਆਂ ਮੰਗਾਂ ਉਨ੍ਹਾਂ ਕੋਲ ਪੁੱਜਦਾ ਕਰਨਗੇ।

ਦੂਜੇ ਪਾਸੇ ਨਵਜੋਤ ਸਿੱਧੂ ਦੇ ਹ ਮਲੇ ਪਿੱਛੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ ਪਲਟਵਾਰ ਜਵਾਬ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ 52 ਦਿਨਾਂ ਵਿੱਚ ਹੀ ਉਹ ਕਰ ਵਿਖਾਇਆ ਹੈ, ਜੋ ਕੋਈ ਹੋਰ ਨਹੀਂ ਕਰ ਸਕਿਆ। ਉਨ੍ਹਾਂ ਕਿਹਾ ਕਿ ਸਰਕਾਰ ਨੇ ਹੁਣ ਤੱਕ ਇਨ੍ਹਾਂ ਦਿਨਾਂ ਵਿੱਚ 104 ਵਾਅਦੇ ਪੂਰੇ ਕਰ ਦਿੱਤੇ ਹਨ।