Punjab

ਖੇਤੀ ਕਾਨੂੰਨਾਂ ‘ਤੇ ਸਿੱਧੂ ਦੇ ਆਹ ਖੁਲਾਸੇ ਪਾਉਣਗੇ ਬਾਦਲ ਪਰਿਵਾਰ ਦੀ ਬੇੜੀ ਵਿੱਚ ਵੱਟੇ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਕਾਂਗਰਸ ਦੀ ਪੰਜਾਬ ਇਕਾਈ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅੱਜ ਚੰਡੀਗੜ੍ਹ ਵਿੱਚ ਆਪਣੀ ਪ੍ਰੈੱਸ ਕਾਨਫਰੰਸ ਦੌਰਾਨ ਖੇਤੀ ਕਾਨੂੰਨਾਂ ਬਾਰੇ ਤੱਥਾਂ ਦੇ ਆਧਾਰ ਉੱਤੇ ਬਾਦਲ ਪਰਿਵਾਰ ਨੂੰ ਲਪੇਟੇ ਵਿੱਚ ਲਿਆ। ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਤੋਂ ਸੇਧ ਲੈ ਕੇ ਹੀ ਮੋਦੀ ਸਰਕਾਰ ਨੇ ਤਿੰਨ ਖੇਤੀ ਕਾਨੂੰਨ ਘੜੇ ਹਨ। ਉਨ੍ਹਾਂ ਕਿਹਾ ਕਿ 2013 ਵਿਚ ਬਾਦਲ ਸਰਕਾਰ ਨੇ ਇਕ ਕੰਟਰੈਕਟ ਫਾਰਮਿੰਗ ਦਾ ਐਕਟ ਕੀਤਾ ਤੇ ਇਹੀ ਖੇਤੀ ਕਾਨੂੰਨਾਂ ਦੀ ਨੀਂਹ ਸਾਬਿਤ ਹੋਇਆ। ਸਿੱਧੂ ਨੇ ਮੀਡੀਆ ਅੱਗੇ ਇਸ ਕਾਨੂੰਨ ਦੇ ਪ੍ਰੋਪਜਲ ਨੂੰ ਪੜ੍ਹ ਕੇ ਵੀ ਦੱਸਿਆ।

ਉਨ੍ਹਾਂ ਕਿਹਾ ਕਿ ਇਸ ਕਾਨੂੰਨ ਦੇ ਖਾਸ ਪੰਜ ਬਿੰਦੂ ਕਿਸਾਨਾਂ ਦੇ ਖਿਲਾਫ ਹਨ। ਇਸ ਕਾਨੂੰਨ ਵਿਚ ਕਿਤੇ ਵੀ ਐਮਐਸਪੀ ਦੀ ਗੱਲ ਨਹੀਂ ਕੀਤੀ ਗਈ ਹੈ। ਇੱਥੋਂ ਤੱਕ ਕਿ 108 ਫਸਲਾਂ ਦਾ ਸ਼ਡਿਯੂਲ ਵੀ ਇਸ ਕਾਨੂੰਨ ਨਾਲ ਨੱਥੀ ਕੀਤਾ ਗਿਆ ਹੈ, ਇਸਨੂੰ ਵੀ ਐਕਟ ਨਾਲ ਜੋੜ ਦਿੱਤਾ ਗਿਆ ਹੈ।ਇਸ ਵਿਚ ਝੋਨਾ ਤੇ ਕਣਕ ਨੂੰ ਵੀ ਸ਼ਾਮਿਲ ਕਰ ਲਿਆ ਗਿਆ ਹੈ।ਇਸ ਐਕਟ ਵਿੱਚ ਲਿਖਿਆ ਗਿਆ ਹੈ ਕਿ ਕਿਸਾਨ ਤੇ ਖਰੀਦਣ ਵਾਲੇ ਦਾ ਝਗੜਾ ਐੱਸਡੀਐੱਮ ਨਬੇੜੇਗਾ ਤੇ ਕਰਨਾਲ ਦੇ ਐੱਸਡੀਐੱਮ ਨੇ ਕੀ ਕੀਤਾ ਹੈ, ਉਹ ਸਾਰਿਆਂ ਦੇ ਸਾਹਮਣੇ ਹੈ।

ਸਿੱਧੂ ਨੇ ਕਿਹਾ ਕਿ ਇਸ ਐਕਟ ਨਾਲ ਕਿਸਾਨ ਕੋਲੋਂ ਕੋਰਟ ਜਾਣ ਦਾ ਅਧਿਕਾਰੀ ਖੋਹ ਲਿਆ ਗਿਆ ਹੈ।ਬਾਦਲ ਪਰਿਵਾਰ ਦੇ ਨਿਸ਼ਾਨਾ ਲਗਾਉਂਦਿਆਂ ਸਿੱਧੂ ਨੇ ਕਿਹਾ ਕਿ ਸੰਵਿਧਾਣ ਪਾੜਨ ਵਾਲਿਆਂ ਨੇ ਸੰਵਿਧਾਨ ਦੀ ਉਲੰਘਣਾ ਵੀ ਕੀਤੀ ਹੈ। ਐਕਟ ਵਿੱਚ ਜਿਕਰ ਹੈ ਕਿ ਜੇਕਰ ਕੋਈ ਕਿਸਾਨ ਵੱਲ ਕੋਈ ਪੈਸਾ ਖੜ੍ਹਾ ਹੈ ਤਾਂ ਉਸਦੀ ਫਰਦ ਉੱਤੇ ਲਾਲ ਅੱਖਰਾਂ ਨਾਲ ਜਿਕਰ ਕੀਤਾ ਜਾਵੇਗਾ। ਇਸ ਨਾਲ ਨਾ ਤਾਂ ਕਿਸਾਨ ਜਮੀਨ ਵੇਚ ਸਕੇਗਾ ਤੇ ਨਾ ਹੀ ਕੋਈ ਕਰਜਾ ਲੈ ਸਕੇਗਾ। ਸਿੱਧੂ ਨੇ ਕਿਹਾ ਕਿ ਖੇਤੀ ਦੇ ਕਾਲੇ ਕਾਨੂੰਨਾਂ ਲਈ ਸਿੱਧੇ ਤੌਰ ਉੱਤੇ ਅਕਾਲੀ ਦਲ ਜਿੰਮੇਦਾਰ ਹੈ।

ਇਸ ਮੌਕੇ ਨਵਜੋਤ ਸਿੰਘ ਸਿੱਧੂ ਨੇ ਮੀਡੀਆ ਨੂੰ ਉਹ ਵੀਡੀਓ ਵੀ ਦਿਖਾਈ ਜਿਸ ਵਿੱਚ ਕਦੇ ਸੁਖਬੀਰ ਬਾਦਲ ਖੇਤੀ ਕਾਨੂੰਨਾਂ ਦੀ ਵਕਾਲਤ ਕਰ ਰਹੇ ਹਨ ਤੇ ਕਦੇ ਵਿਰੋਧ। ਇੱਥੋਂ ਤੱਕ ਕਿ ਸੁਖਬੀਰ ਬਾਦਲ ਇਕ ਵੀਡੀਓ ਵਿੱਚ ਦਾਅਵਾ ਵੀ ਕਰ ਰਹੇ ਹਨ ਕਿ ਉਨ੍ਹਾਂ ਨੂੰ ਖੇਤੀ ਕਾਨੂੰਨਾਂ ਬਾਰੇ ਕੁੱਝ ਨਹੀਂ ਪਤਾ ਹੈ, ਪਰ ਇਕ ਹੋਰ ਬਿਆਨ ਵਿੱਚ ਉਹ ਐਕਟ ਦੀਆਂ ਬਰੀਕੀਆਂ ਸਮਝਾ ਰਹੇ ਹਨ।ਇਸ ਦੌਰਾਨ ਇਕ ਵੀਡੀਓ ਉਹ ਵੀ ਸਾਂਝੀ ਕੀਤੀ ਗਈ ਜਿਸ ਵਿਚ ਸੁਖਬੀਰ ਬਾਦਲ, ਪ੍ਰਕਾਸ਼ ਸਿੰਘ ਬਾਦਲ ਤੇ ਹਰਸਿਮਰਤ ਕੌਰ ਬਾਦਲ ਖੇਤੀ ਕਾਨੂੰਨਾਂ ਦੇ ਹੱਕ ਵਿਚ ਭੁਗਤ ਰਹੇ ਹਨ।

ਸਿੱਧੂ ਨੇ ਕਿਹਾ ਕਿ ਕੇਂਦਰ ਦੇ 3 ਕਾਲੇ ਕਾਨੂੰਨਾਂ ਦੀ ਨੀਂਹ ਬਾਦਲਾਂ ਨੇ ਰੱਖੀ ਹੈ ਤੇ ਨੀਤੀ ਨਿਰਮਾਤਾ ਵੀ ਬਾਦਲ ਹੈ।ਕਿਸਾਨਾਂ ਦਾ ਅਸਲ ਗੁਨਾਹਗਾਰ ਕੌਣ ਹੈ, ਪਰਦੇ ਦੇ ਪਿੱਛੇ ਦੀ ਗੇਮ ਕੀ ਚਲਦੀ ਹੈ ਤੇ ਇਹ ਨਹੁੰ ਮਾਸ ਦਾ ਰਿਸ਼ਤਾ ਕੀ ਹੈ। ਇਹੀ ਸਮਝਣ ਵਾਲੀ ਗੱਲ ਹੈ।ਉਨ੍ਹਾਂ ਦੋਸ਼ ਲਾਇਆ ਕਿ ਹੁਣ ਲੋਕਾਂ ਨੇ ਝੂਠ ਫੜ ਲਿਆ ਹੈ ਤਾਂ ਬਾਦਲ ਪਰਿਵਾਰ ਨੇ ਲੋਕਾਂ ਨੂੰ ਮੂਰਖ ਬਣਾਉਣ ਲਈ ਮੋਦੀ ਕੋਲੋਂ ਡੇਢ ਸਾਲ ਦਾ ਸਮਾਂ ਮੰਗ ਲਿਆ ਹੈ ਕਿ ਜਦੋਂ ਫਿਰ ਲੋਕ ਗੱਲਾਂ ਵਿਚ ਆ ਜਾਣਗੇ ਤਾਂ ਫਿਰ ਮੋਦੀ ਦਾ ਪੱਲਾ ਫੜ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਕਹਾਵਤ ਹੈ ਕਿ ਨੌ ਸੌ ਚੂਹੇ ਖਾ ਕੇ ਬਿਲੀ ਚੱਲੀ ਹੱਜ ਨੂੰ। ਪਰ ਦੂਜੇ ਪਾਸੇ ਇਹ ਹੈ ਕਿ ਸੁਖਬੀਰ ਬਾਦਲ ਚੱਲਿਆ ਦਿੱਲੀ ਨੂੰ।ਜ਼ਿਕਰਯੋਗ ਹੈ ਕਿ ਇਸ ਦੌਰਾਨ ਨਵਜੋਤ ਸਿੰਘ ਸਿੱਧੂ ਦੀ ਪ੍ਰੈਸ ਕਾਨਫਰੰਸ ਵਿੱਚ ਪਰਗਟ ਸਿੰਘ ਵੀ ਉਨ੍ਹਾਂ ਦੇ ਨਾਲ ਬੈਠੇ ਸਨ।