Punjab

ਨਵਜੋਤ ਸਿੱਧੂ ਕਰਨ ਜਾ ਰਹੇ ਨੇ ਆਫ਼ੀਸ਼ੀਅਲ ਯੂ.ਟਿਊਬ ਚੈਨਲ

ਪਿਛਲੇ ਲੰਮੇ ਸਮੇਂ ਤੋਂ ਪੰਜਾਬ ਦੀ ਸਿਆਸਤ ਦੂਰ ਰਹੇ ਸਾਬਕਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅੱਜ ਪ੍ਰੈਸ ਕਾਨਫਰੰਸ ਕਰਦਿਆਂ ਕਿਹਾ ਕਿ ਮੈਂ ਅੱਜ ਤੋਂ ਬਾਅਦ ਆਪਣੀ ਜ਼ਿੰਦਗੀ ਦੀ ਇੱਕ ਨਵਾਂ ਅਧਿਆਇ ਸ਼ੁਰੂ ਕਰਨ ਜਾ ਰਿਹਾ ਹਾਂ। ਉਨ੍ਹਾਂ ਕਿਹਾ ਕਿ ਮੇਰੀ ਜ਼ਿੰਦਗੀ ਵਿੱਚ ਕਿਤੇ ਵੀ ਸਿਆਸਤ ਨਹੀਂ ਹੋਵੇਗੀ।

ਨਵਜੋਤ ਸਿੰਘ ਸਿੱਧੂ ਵਲੋਂ ਆਪਣਾ ਯੂ.ਟਿਊਬ ਦਾ ਆਫ਼ੀਸ਼ੀਅਲ ਚੈਨਲ ਸ਼ੁਰੂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਰਾਹੀਂ ਮੈਂ ਲੋਕਾਂ ਦੇ ਸਵਾਲਾਂ ਦਾ ਜਵਾਬ ਦੇਵਾਂਗਾ ਤੇ ਉਨ੍ਹਾਂ ਦੇ ਨਾਲ ਜੁੜਾਂਗਾ ਅਤੇ ਚੈਨਲ ਵਿਚ ਮੇਰੇ ’ਤੇ ਕਿਸੇ ਤਰ੍ਹਾਂ ਦੀ ਕੋਈ ਪਾਬੰਦੀ ਨਹੀਂ ਹੋਵੇਗੀ।

ਉਨ੍ਹਾਂ ਨੇ ਕਿਹਾ ਕਿ ਸਿਆਸਤ ਵਿਚ ਦਾਇਰਾ ਹੁੰਦਾ ਹੈ ਪਰ ਇਸ ਵਿਚ ਕੋਈ ਦਾਇਰਾ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਬਦਕਿਸਮਤੀ ਨਾਲ ਕੁਝ ਲੋਕਾਂ ਨੇ ਸਿਆਸਤ ਨੂੰ ਇਕ ਧੰਦਾ ਬਣਾ ਲਿਆ ਹੈ ਪਰ ਮੈਂ ਧੰਦੇ ਲਈ ਨਹੀਂ ਸਗੋਂ ਲੋਕ ਭਲਾਈ ਲਈ ਸਿਆਸਤ ਵਿਚ ਆਇਆ।

ਸਿੱਧੂ ਨੇ ਕਿਹਾ ਤੁਹਾਨੂੰ ਮੇਰੇ ਬਾਰੇ ਸਾਰੀ ਜਾਣਕਾਰੀ ਇਸ ਚੈਨਲ ਵਿਚ ਮਿਲੇਗੀ। ਜਿਵੇਂ ਕਿ ਮੇਰੀ ਜ਼ਿੰਦਗੀ, ਮੇਰੀ ਰੂਹਾਨੀਅਤ, ਮੇਰੀ ਕ੍ਰਿਕਟ ਲਾਈਫ਼ ਬਾਰੇ ਸਭ ਕੁਝ ਹੋਵੇਗਾ ਪਰ ਰਾਜਨੀਤੀ ਬਾਰੇ ਨਹੀਂ। ਇੱਕ ਸਵਾਲ ਦਾ ਜਵਾਬ ਦਿੰਦਿਆਂ ਸਿੱਧੂ ਨੇ ਕਿਹਾ- YouTube ਪੇਜ ‘ਤੇ ਰਾਜਨੀਤੀ ਬਾਰੇ ਕੁਝ ਨਹੀਂ ਹੋਵੇਗਾ। ਪੰਜਾਬ ਦੀ ਰਾਜਨੀਤੀ ਦਾ ਫੈਸਲਾ ਲੋਕ ਕਰਨਗੇ।। ਸਮਾਂ ਦੱਸੇਗਾ ਕਿ ਮੈਂ ਰਾਜਨੀਤੀ ਵਿੱਚ ਵਾਪਸ ਆਵਾਂਗਾ ਜਾਂ ਨਹੀਂ।

ਉਨ੍ਹਾਂ ਨੇ ਕਿਹਾ ਕਿ ਸਿਆਸਤ ਤੋਂ ਉਨ੍ਹਾਂ ਨੇ ਇੱਕ ਰੁਪਿਆ ਵੀ ਆਪਣੇ ਘਰ ਨਹੀਂ ਲਿਆਂਦਾ। ਜ਼ਿੰਦਗੀ ਵਿੱਚ ਸਾਰੀ ਕਮਾਈ ਆਪਣੇ ਹੱਕ ਹਲਾਲ ਦੀ ਖਾਂਦੀ ਹੈ ਅਤੇ ਖਾਂਦਾ ਰਹਾਂਗਾ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਪਹਿਲਾਂ ਮੈਂ ਕ੍ਰਿਕੇਟ ਖੇਡਿਆ ਫਿਰ ਉਸ ਤੋਂ ਬਾਅਦ ਕੁਮੈਂਟਰੀ ਕੀਤੀ, ਇਸ ਤੋਂ ਬਾਅਦ ਕਮੇਡੀ ਸ਼ੋਅ ਕੀਤੇ। ਜਿਸ ਨਾਲ ਅੱਜ ਨਵਜੋਤ ਸਿੱਧੂ ਅੱਜ ਇੱਥੇ ਹਾਂ। ਸਿੰਘ ਸਿੱਧੂ ਨੇ ਕਿਹਾ ਕਿ ਉਨ੍ਹਾਂ ਦੀ ਪਤਨੀਂ ਰਾਜਨੀਤੀ ਵਿੱਚ ਐਕਟਿਵ ਹਨ ਅਤੇ ਉਹ ਰਹਿਣਗੇ। ਪਰ ਸਿੱਧੂ ਨੇ ਆਪਣੀ ਰਾਜਨੀਤੀ ਛੱਡਣ ਬਾਰੇ ਕੋਈ ਠੋਸ ਜਵਾਬ ਨਹੀਂ ਦਿੱਤਾ।