India Punjab

ਕਾਂਗਰਸ ਕਲੇਸ਼ – ਸਿੱਧੂ ਨੂੰ ਪ੍ਰਿਯੰਕਾ ਗਾਂਧੀ ਨਾਲ ਮੁਲਾਕਾਤ ਦਾ ਮਿਲਿਆ ਸਮਾਂ, ਵੜਿੰਗ ਦੀ ਦਿੱਲੀ ’ਚ ਮੀਟਿੰਗ ਜਾਰੀ

ਬਿਊਰੋ ਰਿਪੋਰਟ (ਨਵੀਂ ਦਿੱਲੀ, 11 ਦਸੰਬਰ 2015): ਪੰਜਾਬ ਕਾਂਗਰਸ ਵਿੱਚ ਚੱਲ ਰਿਹਾ ਘਮਾਸਾਨ ਹੁਣ ਹਾਈਕਮਾਨ ਦੇ ਦਰਬਾਰ ਤੱਕ ਪਹੁੰਚ ਗਿਆ ਹੈ। ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਪਾਰਟੀ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨਾਲ ਮੁਲਾਕਾਤ ਲਈ 19 ਦਸੰਬਰ ਦਾ ਸਮਾਂ ਮਿਲਿਆ ਹੈ। ਸਿੱਧੂ ਆਪਣੀ ਪਤਨੀ, ਡਾ. ਨਵਜੋਤ ਕੌਰ ਸਿੱਧੂ, ਦੀ ਮੁਅੱਤਲੀ ਅਤੇ ਪਾਰਟੀ ਵਿੱਚ ਚੱਲ ਰਹੇ ਕਲੇਸ਼ ’ਤੇ ਹਾਈਕਮਾਨ ਦੀ ਕਿਸੇ ਵੀ ਕਾਰਵਾਈ ਤੋਂ ਪਹਿਲਾਂ ਆਪਣਾ ਪੱਖ ਰੱਖਣਾ ਚਾਹੁੰਦੇ ਹਨ।

ਸਿੱਧੂ ਬੁੱਧਵਾਰ ਨੂੰ ਵੀ ਦਿੱਲੀ ਪਹੁੰਚੇ ਸਨ ਪਰ ਸੰਸਦ ਸੈਸ਼ਨ ਕਾਰਨ ਕੇਂਦਰੀ ਲੀਡਰਸ਼ਿਪ ਨਾਲ ਮੁਲਾਕਾਤ ਨਹੀਂ ਹੋ ਸਕੀ ਸੀ।

ਰਾਜਾ ਵੜਿੰਗ ਗਰੁੱਪ ਸਰਗਰਮ

ਦੂਜੇ ਪਾਸੇ, ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਗਰੁੱਪ ਵੀ ਪੂਰੀ ਤਰ੍ਹਾਂ ਸਰਗਰਮ ਹੋ ਗਿਆ ਹੈ। ਪਾਰਟੀ ਦੇ ਮੌਜੂਦਾ ਹਾਲਾਤਾਂ ’ਤੇ ਵਿਚਾਰ ਵਟਾਂਦਰਾ ਕਰਨ ਲਈ ਦਿੱਲੀ ਵਿੱਚ ਮੀਟਿੰਗ ਕੀਤੀ ਜਾ ਰਹੀ ਹੈ, ਜਿਸ ਵਿੱਚ ਪੰਜਾਬ ਕਾਂਗਰਸ ਇੰਚਾਰਜ ਭੁਪੇਸ਼ ਬਘੇਲ ਅਤੇ ਪ੍ਰਧਾਨ ਰਾਜਾ ਵੜਿੰਗ ਸਮੇਤ ਦੋ ਸਹਿ-ਇੰਚਾਰਜ ਵੀ ਮੌਜੂਦ ਹਨ।

ਮੰਨਿਆ ਜਾ ਰਿਹਾ ਹੈ ਕਿ ਵੜਿੰਗ, ਸਿੱਧੂ ਦੀ ਪ੍ਰਿਯੰਕਾ ਗਾਂਧੀ ਨਾਲ ਹੋਣ ਵਾਲੀ ਮੁਲਾਕਾਤ ਤੋਂ ਬਾਅਦ ਪੈਦਾ ਹੋਣ ਵਾਲੇ ਹਾਲਾਤਾਂ ਨੂੰ ਸੰਭਾਲਣ ਦੀ ਰਣਨੀਤੀ ਬਣਾਉਣ ਵਿੱਚ ਜੁਟੇ ਹੋਏ ਹਨ।

ਹਾਈਕਮਾਨ ਸਖ਼ਤ, ਜਾਂਚ ਕਮੇਟੀ ਗਠਿਤ

ਹਾਈਕਮਾਨ ਨੇ ਡਾ. ਨਵਜੋਤ ਕੌਰ ਵੱਲੋਂ ‘500 ਕਰੋੜ ਰੁਪਏ ਵਿੱਚ ਮੁੱਖ ਮੰਤਰੀ ਦੀ ਕੁਰਸੀ’ ਦੇ ਬਿਆਨ ਨੂੰ ਬਹੁਤ ਗੰਭੀਰਤਾ ਨਾਲ ਲਿਆ ਹੈ ਅਤੇ ਇਸਦੀ ਜਾਂਚ ਲਈ ਇੱਕ ਉੱਚ-ਪੱਧਰੀ ਕਮੇਟੀ ਦਾ ਗਠਨ ਕੀਤਾ ਹੈ। ਇਸ ਕਮੇਟੀ ਦੀ ਅਗਵਾਈ ਪੰਜਾਬ ਇੰਚਾਰਜ ਭੁਪੇਸ਼ ਬਘੇਲ ਕਰਨਗੇ। ਹਾਈਕਮਾਨ ਨੇ ਇਸ ਘਮਾਸਾਨ ’ਤੇ ਸਖ਼ਤ ਨਾਰਾਜ਼ਗੀ ਜ਼ਾਹਰ ਕਰਦਿਆਂ ਬਘੇਲ ਤੋਂ ਵਿਸਥਾਰਤ ਰਿਪੋਰਟ ਵੀ ਮੰਗੀ ਹੈ।

ਮੰਨਿਆ ਜਾ ਰਿਹਾ ਹੈ ਕਿ ਜੇ ਹਾਈਕਮਾਨ ਸਖ਼ਤੀ ਦਿਖਾਉਂਦਾ ਹੈ, ਤਾਂ ਸਿੱਧੂ ਪਰਿਵਾਰ ਦੀ ਕਾਂਗਰਸ ਤੋਂ ਛੁੱਟੀ ਹੋ ਸਕਦੀ ਹੈ। ਹਾਲਾਂਕਿ, ਇਸ ਪੂਰੇ ਵਿਵਾਦ ’ਤੇ ਨਵਜੋਤ ਸਿੰਘ ਸਿੱਧੂ ਨੇ ਫਿਲਹਾਲ ਮੀਡੀਆ ਵਿੱਚ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ ਅਤੇ ਉਹ ਖ਼ਾਮੋਸ਼ ਹਨ।