Punjab

ਕੈਪਟਨ ਤੇ ਸਿੱਧੂ ਮਾਰ ਰਹੇ ਨੇ ਅੱਕੀ ਪਲਾਹੀਂ ਹੱਥ

‘ਦ ਖ਼ਾਲਸ ਬਿਊਰੋ :- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਪੈਰ ਨਹੀਂ ਲੱਗੇ ਹਨ ਅਤੇ ਉਹ ਆਪਣੀ ਪੈਂਠ ਜਮਾਉਣ ਲਈ ਅੱਕੀ ਪਲਾਹੀਂ ਹੱਥ ਮਾਰ ਰਹੇ ਹਨ। ਨਵਜੋਤ ਸਿੰਘ ਸਿੱਧੂ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਨਾਲ ਮੁੜ ਵਿਵਾਦਾਂ ਵਿੱਚ ਘਿਰ ਕੇ ਰਹਿ ਗਏ ਹਨ ਜਦਕਿ ਕੈਪਟਨ ਅਮਰਿੰਦਰ ਸਿੰਘ ਗ੍ਰਹਿ ਮੰਤਰੀ ਅਮਿਤ ਸ਼ਾਹ ਸਮੇਤ ਕਈ ਹੋਰਾਂ ਭਾਜਪਾ ਨੇਤਾਵਾਂ ਨਾਲ ਮੀਟਿੰਗ ਕਰਨ ਤੋਂ ਬਾਇਅਦ ਵੀ ਇਹ ਕਹਿਣਾ ਪਿਆ ਕਿ ਉਹ ਭਾਜਪਾ ਵਿੱਚ ਸ਼ਾਮਿਲ ਨਹੀਂ ਹੋ ਰਹੇ ਹਨ। ਹਾਂ, ਇੱਕ ਗੱਲ ਜ਼ਰੂਰ ਹੈ ਕਿ ਲੰਘੇ ਕੱਲ੍ਹ ਵਾਪਰੀਆਂ ਦੋਵਾਂ ਘਟਨਾਵਾਂ ਤੋਂ ਬਾਅਦ ਸਿੱਧੂ ਪ੍ਰਧਾਨਗੀ ਚਮਕਾਉਣ ਦੇ ਰਾਹ ਮੁੜ ਤੋਂ ਤੁਰ ਪਏ ਹਨ। ਜਦੋਂਕਿ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੀ ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾਵਾਂ ਦਾ ਥਾਪੜਾ ਮਿਲਣ ਲੱਗਾ ਹੈ।

ਨਵਜੋਤ ਸਿੰਘ ਸਿੱਧੂ ਵੱਲੋਂ ਅਸਤੀਫ਼ਾ ਵਾਪਸ ਲੈਣ ਤੋਂ ਬਾਅਦ ਉਨ੍ਹਾਂ ਦੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਕੀਤੀ ਮੀਟਿੰਗ ਵੀ ਰੰਗ ਲੈ ਆਈ ਹੈ। ਉਹ ਸਰਕਾਰੀ ਫੈਸਲੇ ਲੈਣ ਵੇਲੇ ਆਪਣੀ ਹਾਮੀ ਭਰਵਾਉਣ ਲਈ ਚੰਨੀ ਨੂੰ ਮਜ਼ਬੂਰ ਕਰਨ ਵਿੱਚ ਸਫ਼ਲ ਹੋ ਗਏ ਹਨ। ਸੂਤਰ ਦੱਸਦੇ ਹਨ ਕਿ ਸਿੱਧੂ ਦੇ ਅੜ੍ਹਣ ‘ਤੇ ਹੀ ਵੱਡੇ ਸਰਕਾਰੀ ਫੈਸਲੇ ਲੈਣ ਲਈ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ।

ਕਮੇਟੀ ਵਿੱਚ ਮੁੱਖ ਮੰਤਰੀ ਅਤੇ ਪਾਰਟੀ ਪ੍ਰਧਾਨ ਤੋਂ ਬਿਨਾਂ ਇੱਕ ਨੁਮਾਇੰਦਾ ਸੈਂਟਰ ਤੋਂ ਲਿਆ ਗਿਆ ਹੈ। ਹਾਲਾਂਕਿ, ਪ੍ਰੋਟੋਕੋਲ  ਮੁਤਾਬਕ ਪਾਰਟੀ ਪ੍ਰਧਾਨ ਸਰਕਾਰੀ ਫੈਸਲਿਆਂ ਵਿੱਚ ਸਿੱਧੀ ਦਖ਼ਲਅੰਦਾਜ਼ੀ ਨਹੀਂ ਕਰ ਸਕਦਾ। ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਪਾਰਟੀ ਛੱਡਣ ਦਾ ਐਲਾਨ ਕਰ ਦਿੱਤਾ ਹੈ। ਬਾਵਜੂਦ ਇਸਦੇ ਕਾਂਗਰਸ ਪਾਰਟੀ ਦੇ ਕਈ ਸੀਨੀਅਰ ਨੇਤਾ ਸੁਨੀਲ ਜਾਖੜ, ਪ੍ਰਤਾਪ ਸਿੰਘ ਬਾਜਵਾ, ਸ਼ਮਸ਼ੇਰ ਸਿੰਘ ਦੂਲੋਂ ਅਤੇ ਅਸ਼ਵਨੀ ਸੇਖੜੀ ਕੈਪਟਨ ਦੀ ਬੇੜੀ ਵਿੱਚ ਸਵਾਰ ਹੋਣ ਲਈ ਕਾਹਲੇ ਹਨ।

ਕਹਿ ਲਈਏ ਕਿ ਸਿੱਧੂ ਨੂੰ ਪ੍ਰਧਾਨ ਬਣਾਉਣ ਵੇਲੇ ਜਿਨ੍ਹਾਂ ਨੇਤਾਵਾਂ ਨੂੰ ਅੱਖੋਂ ਓਹਲੇ ਕੀਤਾ ਗਿਆ ਸੀ, ਕੈਪਟਨ ਅਮਰਿੰਦਰ ਸਿੰਘ ਉਨ੍ਹਾਂ ਨੂੰ ਕੈਸ਼ ਕਰਨ ਲੱਗੇ ਹਨ। ਸੂਤਰਾਂ ਅਨੁਸਾਰ ਕੈਪਟਨ ਦੀ ਟੀਮ ਅਤੇ ਕਾਂਗਰਸ ਦੇ ਸੀਨੀਅਰ ਨੇਤਾਵਾਂ ਵਿੱਚ ਆਪਸੀ ਸੰਪਰਕ ਬਣਿਆ ਹੋਇਆ ਹੈ। ਕੈਪਟਨ ਅਮਰਿੰਦਰ ਸਿੰਘ ਭਾਜਪਾ ਵਿੱਚ ਸ਼ਾਮਿਲ ਹੋਣ ਦੀ ਥਾਂ ਆਪਣੀ ਪਾਰਟੀ ਖੜ੍ਹੀ ਕਰ ਲੈਂਦੇ ਹਨ ਤਾਂ ਕੈਪਟਨ ਦੇ ਨੇੜਕੂ ਰਹੇ ਅਤੇ ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ, ਸ਼ਾਮ ਸੁੰਦਰ ਅਰੋੜਾ, ਸਾਧੂ ਸਿੰਘ ਧਰਮਸੋਤ ਅਤੇ ਨਵਜੋਤ ਸਿੰਘ ਸਿੱਧੂ ਚੋਣਾਂ ਵਿੱਚ ਸਿੱਧੇ ਜਾਂ ਅਸਿੱਧੇ ਤੌਰ ‘ਤੇ ਭੁਗਤ ਸਕਦੇ ਹਨ।

ਕੁੱਲ ਮਿਲਾ ਕੇ ਕਿਹਾ ਜਾ ਸਕਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਘਰੋਂ ਬੇਘਰ ਹੋ ਕੇ ਵੀ ਬਹੁਤਿਆਂ ਲਈ ਅੰਦਰੋਂ ਪਰਾਏ ਨਹੀਂ ਹੋਏ ਜਦੋਂਕਿ ਨਵਜੋਤ ਸਿੰਘ ਸਿੱਧੂ ਘਰ ਵਿੱਚ ਬੈਠ ਕੇ ਵੀ ਆਪਣੇ ਅਤੇ ਪਰਾਏ ਦੋਹਾਂ ਵਿੱਚ ਪ੍ਰਵਾਨ ਨਹੀਂ ਚੜ੍ਹ ਸਕੇ।  ਨਵਜੋਤ ਸਿੰਘ ਸਿੱਧੂ ਦੇ ਅਸਤੀਫ਼ਾ ਦੇਣ ਦੇ ਕਾਹਲ ਵਿੱਚ ਲਏ ਫੈਸਲੇ ਤੋਂ ਹਾਈਕਮਾਂਡ ਵੱਖਰੀ ਖਫ਼ਾ ਹੈ। ਕਾਂਗਰਸ ਹਾਈਕਮਾਂਡ ਨੇ ਦੋ-ਚਾਰ ਦਿਨ ਕੈਪਟਨ ਨੂੰ ਮਨਾਉਣ ਤੋਂ ਬਾਅਦ ਲਗਾਮਾਂ ਖੁੱਲ੍ਹੀਆਂ ਛੱਡ ਦਿੱਤੀਆਂ ਹਨ।

ਉਂਝ, ਨਵੇਂ ਬਣੇ ਮੁੱਖ ਮੰਤਰੀ ਨੇ ਕੈਪਟਨ ਅਮਰਿੰਦਰ ਸਿੰਘ ਨਾਲ ਸੰਪਰਕ ਸਾਧਣਾ ਬੰਦ ਕਰ ਦਿੱਤਾ ਹੈ ਜਦੋਂਕਿ ਉਹ ਪਾਰਟੀ ਅਤੇ ਸਰਕਾਰ ਦੇ ਵਿਗੜੇ ਅਕਸ ਨੂੰ ਸੁਧਾਰਣ ਵਿੱਚ ਜੁਟ ਗਏ ਹਨ। ਉਨ੍ਹਾਂ ਦੇ ਅੰਦਰਲਾ ਆਮ ਅਤੇ ਖ਼ਾਸ ਹੋਣ ਦਾ ਚਿਹਰਾ ਲੋਕ ਪੜ੍ਹਨ ਜ਼ਰੂਰ ਲੱਗ ਪਏ ਹਨ।