‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਚੋਣਾਂ ਵਿੱਚ ਹਾਰਨ ਤੋਂ ਬਾਅਦ ਨਵਜੋਤ ਸਿੱਧੂ ਅਤੇ ਸੁਖਬੀਰ ਬਾਦਲ ਨੇ ਪਹਿਲਾ ਬਿਆਨ ਦਿੱਤਾ ਹੈ। ਨਵਜੋਤ ਸਿੱਧੂ ਨੇ ਕਿਹਾ ਕਿ ਮੇਰੇ ਖਿਲਾਫ਼ ਟੋਏ ਪੁੱਟਣ ਵਾਲੇ ਖੁਦ ਡਿੱਗ ਗਏ ਹਨ। ਮੈਨੂੰ ਨੀਵਾਂ ਕਰਨ ਦੀ ਕੋਸ਼ਿਸ਼ ਕੀਤੀ ਗਈ। ਤਿੰਨ-ਚਾਰ ਮੁੱਖ ਮੰਤਰੀ ਭੁਗਤ ਗਏ। ਜੋ ਪੰਜਾਬ ਨਾਲ ਇਸ਼ਕ ਕਰੇ, ਫਿਰ ਉਹ ਹਾਰਾਂ ਜਿੱਤਾਂ ਨਹੀਂ ਵੇਖਦਾ। ਕੋਈ ਜਿਹੋ ਜਿਹਾ ਬੀਜ ਬੀਜੇਗਾ, ਅੰਕੁਰ ਉਹੋ ਜਿਹਾ ਹੀ ਫੁੱਟੇਗਾ। ਉਨ੍ਹਾਂ ਨੇ ਦਾਅਵਾ ਕੀਤਾ ਕਿ ਲੋਕਾਂ ਨੇ ਬਦਲਾਅ ਦੇ ਲਈ ਵਧੀਆ ਫੈਸਲਾ ਲਿਆ ਹੈ। ਮੇਰਾ ਮਕਸਦ ਪੰਜਾਬ ਨੂੰ ਅੱਗੇ ਲਿਜਾਣਾ ਹੈ। ਸਿੱਧੂ ਨੇ ਪੰਜਾਬ ਦੇ ਲੋਕਾਂ ਨੂੰ ਇਸ ਬਦਲਾਅ ਲਈ ਵਧਾਈ ਦਿੱਤੀ। ਲੋਕਾਂ ਦੇ ਫੈਸਲੇ ਵਿੱਚ ਰੱਬ ਦੀ ਆਵਾਜ਼ ਹੁੰਦੀ ਹੈ, ਉਸਨੂੰ ਨਿਮਰਤਾ ਨਾਲ ਸਵੀਕਾਰ ਕਰਨਾ ਚਾਹੀਦਾ ਹੈ। ਪੰਜਾਬ ਦੇ ਲੋਕਾਂ ਵਿੱਚ ਮੈਂ ਰੱਬ ਵੇਖਦਾ ਹਾਂ। ਕੌਣ ਕਹਿੰਦਾ ਹੈ ਕਿ ਬੇਅਦਬੀ ਦੀ ਸਜ਼ਾ ਨਹੀਂ ਮਿਲੀ, ਜਿਹੜੇ ਪੰਥ ਦੇ ਨਾਂ ‘ਤੇ ਰਾਜ ਕਰਦੇ ਸੀ, ਉਨ੍ਹਾਂ ਦਾ ਕੱਲ੍ਹ ਕੀ ਹਸ਼ਰ ਹੋਇਆ ਸੀ, ਹੁਣ ਉਹ ਕਿੱਥੇ ਗਏ ਹਨ। ਮੈਂ ਕਾਂਗਰਸ ਵਿੱਚ ਰਹਿ ਕੇ ਮਾਫੀਆ ਨੂੰ ਖਤਮ ਕਰਨ ਦੀਆਂ ਚੀਕਾਂ ਮਾਰੀਆਂ, ਅਖੀਰ ਤੱਕ ਲੜਦਾ ਰਿਹਾ ਤੇ ਅੱਜ ਵੀ ਲੜ ਰਿਹਾ ਹਾਂ। ਮੇਰੀ ਲੜਾਈ ਪਹਿਲਾਂ ਤੋਂ ਹੀ ਸਿਸਟਮ ਦੀ ਸੀ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਸੀਂ ਸਿਰ ਝੁਕਾ ਕੇ ਨਤੀਜੇ ਸਵੀਕਾਰ ਕਰਦੇ ਹਾਂ। ਜਨਤਾ ਦੀ ਆਵਾਜ਼ ਰੱਬ ਦੀ ਆਵਾਜ਼ ਹੈ। ਅਸੀਂ ਆਪਣੀਆਂ ਕਮੀਆਂ ਨੂੰ ਦੂਰ ਕਰਾਂਗੇ। ਉਨ੍ਹਾਂ ਕਿਹਾ ਕਿ ਹਾਰ ਤੋਂ ਬਾਅਦ ਸਾਡੇ ਹੌਂਸਲੇ ਬੁਲੰਦ ਹਨ। ਸੋਮਵਾਰ ਨੂੰ ਮੀਟਿੰਗ ਵਿੱਚ ਹਾਰ ਉੱਤੇ ਮੰਥਨ ਕਰਾਂਗੇ। ਪੰਜਾਬ ਦੇ ਮਸਲੇ ਉੱਤੇ ਅਸੀਂ ਸਰਕਾਰ ਨੂੰ ਸਮਰਥਨ ਕਰਾਂਗੇ।