Punjab

ਨਵਜੋਤ ਸਿੱਧੂ ਨੇ ਫਿਰ ਚੁੱਕੀ ਕਿਸਾਨਾਂ ਦੀ ਗੱਲ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਨਵਜੋਤ ਸਿੰਘ ਸਿੱਧੂ ਨੇ ਕਿਸਾਨੀ ਅੰਦੋਲਨ ਦਾ ਸਮਰਥਨ ਕਰਦਿਆਂ ਕਿਹਾ ਕਿ ‘ਕਿਸਾਨੀ ਬਚਾਓ, ਲੋਕਤੰਤਰ ਬਚਾਓ ! ਕਾਲੇ ਕਾਨੂੰਨਾਂ ਨੂੰ ਰੱਦ ਕਰਨਾ ਜਿੱਤ ਹੈ ਪਰ ਉਸ ਤੋਂ ਵੀ ਵੱਡੀ ਜਿੱਤ, ਰਾਜਨੀਤਿਕ ਫ਼ੈਸਲਾ ਲੈਣ ਵਾਲਿਆਂ ਅੱਗੇ ਨਵਾਂ ਵਿਕਾਸਮੁਖੀ ਏਜੰਡਾ ਰੱਖ ਕੇ ਕਿਸਾਨ ਯੂਨੀਅਨਾਂ ਦੀ ਸਮਾਜਿਕ ਲਹਿਰ ਨੂੰ ਨਿਰੰਤਰ ਵਿਕਾਸ ਵਾਲੀ ਆਰਥਿਕ ਤਾਕਤ ਵਿੱਚ ਬਦਲਿਆ ਜਾਣਾ ਚਾਹੀਦਾ ਹੈ। 2022 ‘ਚ ਪੰਜਾਬ ਦੀ ਮੁੜ-ਉਸਾਰੀ ਵਿੱਚ ਕਿਸਾਨ ਫ਼ੈਸਲਾਕੁੰਨ ਸਾਬਤ ਹੋ ਸਕਦੇ ਹਨ’।

ਉਨ੍ਹਾਂ ਕਿਹਾ ਕਿ ‘ਯੂਨੀਅਨਾਂ ਆਪਣੀ ਤਾਕਤ ਨੂੰ ਸਹਿਕਾਰੀ ਸਭਾਵਾਂ (Cooperatives) ਰਾਹੀਂ ਆਰਥਿਕ ਸ਼ਕਤੀ ਵਿੱਚ ਬਦਲ ਸਕਦੀਆਂ ਹਨ। ਪੰਜਾਬ ਨੂੰ ਕਿਸਾਨੀ ਕਰਜ਼ੇ ਉੱਪਰ ਸਰ ਛੋਟੂ ਰਾਮ ਵਾਲੀ ਨੀਤੀ ਲਾਗੂ ਕਰਨੀ ਚਾਹੀਦੀ ਹੈ, ਦਾਲਾਂ, ਤੇਲਾਂ, ਸਬਜੀਆਂ ਅਤੇ ਫ਼ਲਾਂ ‘ਤੇ ਐਮ.ਐਸ.ਪੀ. ਦੇਣੀ ਚਾਹੀਦੀ ਹੈ, ਕਿਸਾਨਾਂ ਨੂੰ ਭੰਡਾਰਨ ਸਮਰੱਥਾ ਵਧਾਉਣ ਵਾਸਤੇ ਕੋਲਡ ਸਟੋਰ ਬਣਾ ਕੇ ਦਿੱਤੇ ਜਾਣੇ ਚਾਹੀਦੇ ਹਨ ਅਤੇ ਪੰਜਾਬ ਸਰਕਾਰ ਵੱਲੋਂ ਖੇਤੀ ਉਤਪਾਦਨ ਨੂੰ ਕੇਂਦਰੀ ਏਸ਼ੀਆ (Central Asia) ਵੱਲ ਨੂੰ ਖੁੱਲ੍ਹੇ ਵਪਾਰਕ ਰਸਤੇ ਰਾਹੀਂ ਨਿਰਯਾਤ ਕਰਨ ਦਾ ਪ੍ਰੋਗਰਾਮ ਦਿੱਤਾ ਜਾਣਾ ਚਾਹੀਦਾ ਹੈ।