‘ਦ ਖ਼ਾਲਸ ਬਿਊਰੋ (ਜਗਜੀਵਨ ਮੀਤ):-ਜਾਟ ਮਹਾਂ ਸਭਾ ਵੱਲੋਂ ਅੱਜ ਨਵਜੋਤ ਕੌਰ ਸਿੱਧੂ ਨੂੰ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ। ਉਨ੍ਹਾਂ ਨੂੰ ਪੰਜਾਬ ਵਿੱਚ ਔਰਤ ਇਕਾਈ ਦਾ ਪ੍ਰਧਾਨ ਥਾਪਿਆ ਗਿਆ ਹੈ। ਚੰਡੀਗੜ੍ਹ ਵਿੱਚ ਉਨ੍ਹਾਂ ਨੇ ਪ੍ਰੈੱਸ ਕਾਨਫਰੰਸ ਕਰਦਿਆਂ ਕਿਹਾ ਹੈ ਕਿ ਕਿਸਾਨੀ ਸੰਘਰਸ਼ ਦੀ ਮਜ਼ਬੂਤੀ ਲਈ ਹਮੇਸ਼ਾ ਉਹ ਕੰਮ ਕਰਨਗੇ। ਇਸ ਮੌਕੇ ਉਨ੍ਹਾਂ ਕੇਂਦਰ ਸਰਕਾਰ ‘ਤੇ ਵੀ ਨਿਸ਼ਾਨਾ ਕੱਸਿਆ।
ਉਨ੍ਹਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਸਮੇਂ ਵਿਚ ਖੇਤੀ ਕਾਨੂੰਨ ਲਿਆਉਣ ਦੀ ਕੇਂਦਰ ਸਰਕਾਰ ਨੂੰ ਇੰਨੀ ਕਾਹਲੀ ਕਿਉਂ ਪੈ ਗਈ ਸੀ। ਜੇਕਰ ਕਾਨੂੰਨ ਲੈ ਕੇ ਹੀ ਆਉਣੇ ਸੀ ਤਾਂ ਕਿਸਾਨਾਂ ਦੇ ਪਹਿਲਾਂ ਕਰਜੇ ਮਾਫ ਕਰਨੇ ਸੀ। ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਕਿਸਾਨਾਂ ਨੂੰ ਤਿੰਨ ਕਾਰਪੋਰੇਟਾਂ ਆਡਾਨੀ, ਆਬਾਨੀ ਤੇ ਰਾਮ ਦੇਵ ਹੀ ਨਹੀਂ ਸਗੋਂ ਹੋਰ ਵੀ ਕਾਰਪੋਰੇਟ ਚਾਹੀਦੇ ਹਨ। ਇਨ੍ਹਾਂ ਤਿੰਨਾਂ ਨਾਲ ਸਰਕਾਰ ਕਿਉਂ ਕਿਸਾਨਾਂ ਨੂੰ ਬੰਨ੍ਹਣਾ ਚਾਹੀਦਾ ਹੈ, ਕਿਸਾਨਾਂ ਕੋਲ ਵੀ ਚੁਆਇਸ ਹੋਣੀ ਚਾਹੀਦੀ ਸੀ।
ਉਨ੍ਹਾਂ ਕਿਹਾ ਕਿ ਮੈਂ ਹਮੇਸ਼ਾ ਹੀ ਵਿਮੈਨ ਇੰਪਵਾਰਮੈਂਟ ਦੀ ਗੱਲ ਕਰਦੀ ਹਾਂ। ਨਵਜੋਤ ਸਿੱਧੂ ਬਾਰੇ ਪੁੱਛੇ ਇੱਕ ਸਵਾਲ ‘ਤੇ ਉਨ੍ਹਾਂ ਕਿਹਾ ਕਿ ਮੇਰਾ ਆਪਣਾ ਗੱਲ ਕਰਨ ਦਾ ਤਰੀਕਾ ਹੈ। ਸਿੱਧੂ ਸਾਹਿਬ ਦੀ ਆਪਣੀ ਪੜ੍ਹਾਈ ਹੈ ‘ਤੇ ਹਰੇਕ ਮੁੱਦੇ ਤੇ ਆਪਣੀ ਪਕੜ। ਮੈਨੂੰ ਜੋ ਜਿੰਮੇਦਾਰੀ ਸੌਂਪੀ ਗਈ ਹੈ, ਮੈਂ ਜ਼ਰੂਰ ਤਨਦੇਹੀ ਨਾਲ ਨਿਭਾਂਵਾਗੀ। ਹਾਲਾਂਕਿ ਇਸ ਮੌਕੇ ਇਹ ਵੀ ਕਿਹਾ ਗਿਆ ਕਿ ਇਹ ਜਿੰਮੇਦਾਰੀ ਸੌਂਪਣ ਪਿੱਛੇ ਕੈਪਟਨ ਸਾਹਿਬ ਦਾ ਕੋਈ ਹੱਥ ਨਹੀਂ ਹੈ।