Punjab

ਨਵਜੋਤ ਕੌਰ ਸਿੱਧੂ ਵੱਲੋਂ ਰਾਜਾ ਵੜਿੰਗ ‘ਤੇ ਸਿੱਧਾ ਹਮਲਾ, ‘ਭ੍ਰਿਸ਼ਟ’ ਕਹਿ ਕੇ ਦੱਸਿਆ ਮੁਅੱਤਲੀ ਦਾ ਕਾਰਨ

ਬਿਊਰੋ ਰਿਪੋਰਟ (ਚੰਡੀਗੜ੍ਹ, 8 ਦਸੰਬਰ 2025): ਪੰਜਾਬ ਕਾਂਗਰਸ ਤੋਂ ਮੁਅੱਤਲ ਕੀਤੇ ਜਾਣ ਤੋਂ ਬਾਅਦ ਡਾ. ਨਵਜੋਤ ਕੌਰ ਸਿੱਧੂ ਨੇ ਤੁਰੰਤ ਕਾਰਵਾਈ ਕਰਦਿਆਂ ਪਾਰਟੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ’ਤੇ ਜ਼ੋਰਦਾਰ ਹਮਲਾ ਬੋਲਿਆ ਹੈ। ਉਨ੍ਹਾਂ ਨੇ ਰਾਜਾ ਵੜਿੰਗ ਨੂੰ ‘ਭ੍ਰਿਸ਼ਟ’ ਕਰਾਰ ਦਿੱਤਾ ਹੈ।

ਡਾ. ਨਵਜੋਤ ਕੌਰ ਸਿੱਧੂ ਨੇ ਸੋਸ਼ਲ ਮੀਡੀਆ ’ਤੇ ਤਿੱਖਾ ਹਮਲਾ ਕਰਦਿਆਂ ਪਾਰਟੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ‘ਭ੍ਰਿਸ਼ਟ’ ਅਤੇ ‘ਅਸੰਵੇਦਨਸ਼ੀਲ’ ਕਰਾਰ ਦਿੱਤਾ ਹੈ।

ਆਪਣੇ ਟਵੀਟ ਵਿੱਚ ਡਾ. ਸਿੱਧੂ ਨੇ ਸਪੱਸ਼ਟ ਕੀਤਾ ਕਿ ਉਹ ਰਾਜਾ ਵੜਿੰਗ ਨੂੰ ਕਾਂਗਰਸ ਪ੍ਰਧਾਨ ਵਜੋਂ ਸਵੀਕਾਰ ਕਰਨ ਤੋਂ ਇਨਕਾਰ ਕਰਦੀ ਹੈ। ਉਨ੍ਹਾਂ ਨੇ ਲਿਖਿਆ:

“ਮੈਂ ਇੱਕ ਅਸੰਵੇਦਨਸ਼ੀਲ, ਗੈਰ-ਜ਼ਿੰਮੇਵਾਰ, ਨੈਤਿਕ ਤੌਰ ਤੇ ਬੇਈਮਾਨ ਅਤੇ ਭ੍ਰਿਸ਼ਟ ਪ੍ਰਧਾਨ ਦੇ ਨਾਲ ਖੜ੍ਹੇ ਹੋਣ ਤੋਂ ਇਨਕਾਰ ਕਰਦੀ ਹਾਂ। ਮੈਂ ਉਨ੍ਹਾਂ ਸਾਰੇ ਭਰਾਵਾਂ ਅਤੇ ਭੈਣਾਂ ਲਈ ਖੜ੍ਹੀ ਹਾਂ, ਜਿਨ੍ਹਾਂ ਨੂੰ ਉਸਦੀ ਅਯੋਗਤਾ ਅਤੇ ਗੈਰ-ਜ਼ਿੰਮੇਵਾਰਾਨਾ ਵਿਵਹਾਰ ਕਾਰਨ ਠੇਸ ਪਹੁੰਚੀ ਹੈ। ਮੈਂ ਉਸ ਨੂੰ ਪ੍ਰਧਾਨ ਵਜੋਂ ਸਵੀਕਾਰ ਕਰਨ ਤੋਂ ਇਨਕਾਰ ਕਰਦੀ ਹਾਂ। ਮੈਨੂੰ ਹੈਰਾਨੀ ਹੈ ਕਿ ਮੁੱਖ ਮੰਤਰੀ ਉਸਨੂੰ ਕਿਉਂ ਬਚਾ ਰਹੇ ਹਨ।”

ਡਾ. ਸਿੱਧੂ ਦੇ ਇਸ ਟਵੀਟ ਨੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨਾਲ ਸ਼ੁਰੂ ਹੋਈ ਲੜਾਈ ਨੂੰ ਹੋਰ ਡੂੰਘਾ ਕਰ ਦਿੱਤਾ ਹੈ। ਸਿੱਧੂ ਪਰਿਵਾਰ ਵੱਲੋਂ ਰਾਜਾ ਵੜਿੰਗ ’ਤੇ ਸਿੱਧੇ ਭ੍ਰਿਸ਼ਟਾਚਾਰ ਦੇ ਦੋਸ਼ ਲਾਏ ਜਾਣ ਤੋਂ ਬਾਅਦ, ਉਨ੍ਹਾਂ ਦਾ ਇਹ ਟਵੀਟ ਪਾਰਟੀ ਦੀ ਉੱਚ ਲੀਡਰਸ਼ਿਪ ਲਈ ਵੱਡੀ ਚੁਣੌਤੀ ਬਣ ਗਿਆ ਹੈ, ਕਿਉਂਕਿ ਉਨ੍ਹਾਂ ਨੇ ਮੁੱਖ ਮੰਤਰੀ ਦੀ ਭੂਮਿਕਾ ’ਤੇ ਵੀ ਸਵਾਲ ਉਠਾਏ ਹਨ।

ਕਾਂਗਰਸ ਦੀ ਅੰਦਰੂਨੀ ਕਲਹ ਜਨਤਕ ਹੋਣ ਕਾਰਨ ਵਿਰੋਧੀ ਧਿਰਾਂ ਲਗਾਤਾਰ ਪਾਰਟੀ ਦੇ ਸੰਗਠਨ ਵਿੱਚ ਫੈਲੇ ਭ੍ਰਿਸ਼ਟਾਚਾਰ ਅਤੇ ਅਨੁਸ਼ਾਸਨਹੀਣਤਾ ’ਤੇ ਨਿਸ਼ਾਨਾ ਸਾਧ ਰਹੀਆਂ ਹਨ।