Punjab

ਵਿੱਕੀ ਗੌਂਡਰ ਗੈਂਗ ਦਾ ਮੁੱਖ ਸਰਗਨਾ ਨਵੀਨ ਸੈਣੀ 5 ਪਿਸਤੌਲਾਂ ਸਮੇਤ ਕਾਬੂ

ਜਲੰਧਰ ‘ਚ ਪੁਲਿਸ ਨੇ ਵਿੱਕੀ ਗੌਂਡਰ ਗੈਂਗ ਦੇ ਮੁੱਖ ਸਰਗਨਾ ਨਵੀਨ ਸੈਣੀ ਉਰਫ਼ ਚਿੰਟੂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਉਸ ਦੇ ਕਬਜ਼ੇ ‘ਚੋਂ 5 ਪਿਸਤੌਲ, ਚਾਰ ਮੈਗਜ਼ੀਨ ਅਤੇ ਕਈ ਜਿੰਦਾ ਕਾਰਤੂਸ ਬਰਾਮਦ ਕੀਤੇ ਹਨ। ਪੁਲੀਸ ਚਿੰਟੂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ’ਤੇ ਲਵੇਗੀ। ਉਸ ਤੋਂ ਪੁੱਛ-ਪੜਤਾਲ ਕੀਤੀ ਜਾਵੇਗੀ ਕਿ ਉਹ ਹਥਿਆਰ ਕਿੱਥੋਂ ਲੈ ਕੇ ਆਇਆ ਸੀ ਅਤੇ ਕਿਸ ਨੂੰ ਦੇਣਾ ਸੀ।

ਪ੍ਰਾਪਤ ਜਾਣਕਾਰੀ ਅਨੁਸਾਰ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਸੰਗਠਿਤ ਅਪਰਾਧ ਵਿਰੁੱਧ ਚੱਲ ਰਹੀ ਕਾਰਵਾਈ ਦੇ ਤਹਿਤ ਚਿੰਟੂ ਨੂੰ ਗ੍ਰਿਫਤਾਰ ਕੀਤਾ ਹੈ। ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਚਿੰਟੂ 9 ਮਹੀਨਿਆਂ ਤੋਂ ਫਰਾਰ ਸੀ। ਜਲੰਧਰ ਸਿਟੀ ਪੁਲਸ ਕਾਫੀ ਸਮੇਂ ਤੋਂ ਦੋਸ਼ੀਆਂ ਦਾ ਪਿੱਛਾ ਕਰ ਰਹੀ ਸੀ। ਬੀਤੇ ਦਿਨ ਗੁਪਤ ਸੂਚਨਾ ਦੇ ਆਧਾਰ ‘ਤੇ ਪੁਲਿਸ ਨੇ ਉਸ ਨੂੰ ਜਲੰਧਰ ਸ਼ਹਿਰ ਤੋਂ ਕਾਬੂ ਕੀਤਾ। ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਜਲਦੀ ਹੀ ਇਸ ਸਬੰਧੀ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਸਾਂਝੀ ਕਰਨਗੇ।

ਵਿੱਕੀ ਗੌਂਡਰ ਗੈਂਗ ਦੇ ਸਾਥੀ ਨਵੀਨ ਸੈਣੀ ਉਰਫ਼ ਚਿੰਟੂ ਗੈਂਗ ਦਾ ਅਹਿਮ ਕੜੀ ਹੈ। ਉਹ ਗਰੋਹ ਲਈ ਹਥਿਆਰਾਂ ਦੀ ਤਸਕਰੀ ਅਤੇ ਨਸ਼ਾ ਤਸਕਰੀ ਦੇ ਪੂਰੇ ਨੈੱਟਵਰਕ ਨੂੰ ਸੰਭਾਲਦਾ ਸੀ। ਇਸ ਤੋਂ ਇਲਾਵਾ ਹੁਣ ਤੱਕ ਦੀ ਜਾਂਚ ‘ਚ ਇਹ ਗੱਲ ਸਾਹਮਣੇ ਆਈ ਹੈ ਕਿ ਚਿੰਟੂ ‘ਤੇ ਕਤਲ ਦੀ ਕੋਸ਼ਿਸ਼, ਜਬਰੀ ਵਸੂਲੀ ਅਤੇ ਹੋਰ ਵਰਗੇ ਕਈ ਘਿਨਾਉਣੇ ਅਪਰਾਧ ਦੇ ਮਾਮਲੇ ਦਰਜ ਹਨ। ਫਿਲਹਾਲ ਜਲੰਧਰ ਸਿਟੀ ਪੁਲਸ ਵਲੋਂ ਦੋਸ਼ੀਆਂ ਤੋਂ ਪੁੱਛਗਿੱਛ ਜਾਰੀ ਹੈ।