ਬਿਉਰੋ ਰਿਪੋਰਟ – ਅੰਬਾਲਾ ਵਿੱਚ ਇੱਕ ਵਾਰ ਮੁੜ ਤੋਂ ਪ੍ਰਸ਼ਾਸਨ ਅਤੇ ਕਿਸਾਨ ਆਹਮੋ-ਸਾਹਮਣੇ ਹੋ ਗਏ ਹਨ। ਨਵਦੀਪ ਜਲਬੇੜਾ ਦੇ ਜੇਲ੍ਹ ਤੋਂ ਛੁੱਟਣ ਤੋਂ ਬਾਅਦ ਕਿਸਾਨਾਂ ਨੇ ਵਿਕਟਰੀ ਮਾਰਚ ਦਾ ਅੰਬਾਲਾ ਵਿੱਚ ਪ੍ਰੋਗਰਾਮ ਰੱਖਿਆ ਸੀ ਅਤੇ ਦਾਣਾ ਮੰਡੀ ਵਿੱਚ ਇਕੱਠ ਕਰਨਾ ਸੀ। ਪਰ ਇਸ ਤੋਂ ਪਹਿਲਾਂ ਹੀ ਪ੍ਰਸ਼ਾਸਨ ਨੇ ਧਾਰਾ 144 ਜੋ ਕਿ ਹੁਣ BNS ਅਧੀਨ 163 ਹੋ ਗਈ ਹੈ ਉਸ ਨੂੰ ਲਾਗੂ ਕਰ ਦਿੱਤਾ ਗਿਆ। ਜਦੋਂ ਕਿਸਾਨ ਆਗੂ ਅਮਰਜੀਤ ਸਿੰਘ ਮੋਹਰੀ, ਜਸਵਿੰਦਰ ਸਿੰਘ ਲੌਂਗੋਵਾਲ ਅਤੇ ਰਣਜੀਤ ਸਿੰਘ ਦਾਣਾ ਮੰਡੀ ਵੱਲ ਵਧੇ ਤਾਂ ਉਨ੍ਹਾਂ ਸਮੇਤ 20 ਤੋਂ ਵੱਧ ਆਗੂਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਕਿਸਾਨ ਆਗੂ ਸਰਵਣ ਸਿੰਘ ਪੰਧੇਰ ਵੀ ਅੰਬਾਲਾ-ਹਿਸਾਰ ਹਾਾਈਵੇਅ ’ਤੇ ਪਹੁੰਚ ਗਏ ਹਨ। ਉਨ੍ਹਾਂ ਨੇ ਕਿਹਾ ਅਸੀਂ ਅੰਬਾਲਾ ਐੱਸਐੱਸਪੀ ਨਾਲ ਗੱਲ ਕੀਤੀ ਹੈ ਕਿ ਤੁਸੀਂ ਦਾਣਾ ਮੰਡੀ ਵਿੱਚ ਪ੍ਰੋਗਰਾਮ ਕਰਨ ਦਿਉ ਤਾਂ ਉਨ੍ਹਾਂ ਕਿਹਾ ਅਸੀਂ ਚੰਡੀਗੜ੍ਹ ਸਰਕਾਰ ਤੋਂ ਇਜਾਜ਼ਤ ਲੈਣੀ ਹੈ। ਅਸੀਂ ਹੁਣ ਉਨ੍ਹਾਂ ਦੇ ਜਵਾਬ ਦਾ ਇੰਤਜ਼ਾਰ ਕਰ ਰਹੇ ਹਾਂ। ਪੰਧੇਰ ਨੇ ਕਿਹਾ ਅਸੀਂ ਨਵਦੀਪ ਜਲਬੇੜਾ ਦੀ ਰਿਹਾਈ ਤੋਂ ਬਾਅਦ SSP ਦਫ਼ਤਰ ਦੇ ਘਿਰਾਓ ਦਾ ਪ੍ਰੋਗਰਾਮ ਪਹਿਲਾਂ ਹੀ ਰੱਦ ਕਰ ਦਿੱਤਾ ਸੀ। ਅਸੀਂ ਨਵਦੀਪ ਦਾ ਦਾਣਾ ਮੰਡੀ ਰੈਲੀ ਤੋਂ ਬਾਅਦ ਸਨਮਾਨ ਕਰਨਾ ਸੀ।
ਨਵਦੀਪ ਜਲਬੇੜਾ ਵੀ ਅੰਬਾਲਾ-ਹਿਸਾਰ ਹਾਈਵੇਅ ’ਤੇ ਪਹੁੰਚ ਗਏ ਹਨ। ਉਨ੍ਹਾਂ ਕਿਹਾ ਸਰਕਾਰ ਸਾਨੂੰ ਸ਼ਾਂਤੀ ਨਾਲ ਵੀ ਪ੍ਰਦਰਸ਼ਨ ਨਹੀਂ ਕਰਨ ਦਿੰਦੀ ਹੈ। ਸਾਨੂੰ ਧਮਕੀ ਦਿੱਤੀ ਜਾਂਦੀ ਹੈ ਕਿ ਤੁਹਾਡੇ ਪਾਸਪੋਰਟ ਰੱਦ ਕਰ ਦਿੱਤੇ ਜਾਣਗੇ ਅਸੀਂ ਇੰਨਾਂ ਧਮਕੀਆਂ ਤੋਂ ਡਰਨ ਵਾਲੇ ਨਹੀਂ ਹਾਂ। ਨਵਦੀਪ ਨੇ ਕਿਹਾ ਮੈਂ ਆਪਣੇ ਘਰ ਵਾਲਿਆਂ ਨੂੰ ਕਿਹਾ ਸੀ ਕਿ ਰਿਹਾਈ ਦੇ ਲਈ ਕਿਸੇ ਤਰਲੇ ਨਹੀਂ ਕਰਨੇ, ਹਰਿਆਣਾ ਸਰਕਾਰ ਵੀ ਚਾਹੁੰਦੀ ਸੀ ਉਨ੍ਹਾਂ ਨੂੰ ਚੋਣਾਂ ਤੱਕ ਅੰਦਰ ਰੱਖਿਆ ਜਾਵੇ। ਉਨ੍ਹਾਂ ਕਿਹਾ ਜਿੰਨੇ ਕਿਸਾਨਾਂ ਨੂੰ ਅੱਜ ਫੜਿਆ ਹੈ, ਅਸੀਂ ਸਾਰਿਆਂ ਨੂੰ ਰਿਹਾਅ ਕਰਵਾ ਕੇ ਰਹਾਂਗੇ।
ਉੱਧਰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਜਾਣਬੁੱਝ ਕੇ ਸਰਕਾਰ ਸਾਨੂੰ ਰੋਕ ਰਹੀ ਹੈ ਤਾਂ ਕਿ ਹਾਈਕੋਰਟ ਵਿੱਚ ਕਹਿ ਸਕੇ ਕਿ ਕਿਸਾਨਾਂ ਨੇ ਮਾਹੌਲ ਖਰਾਬ ਕੀਤਾ। ਸਾਡਾ ਅਜਿਹਾ ਕੋਈ ਪ੍ਰੋਗਰਾਮ ਨਹੀਂ ਮਾਹੌਲ ਖਰਾਬ ਕਰਨਾ ਬੇਵਜ੍ਹਾ ਸਾਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ।