‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਚੰਡੀਗੜ੍ਹ ਦੇ ਇੱਕ ਕਾਲਜ ਦੇ ਪ੍ਰੋਫੈਸਰ ਪੰਡਿਤ ਰਾਓ ਧਰੇਨਵਰ ਨੇ ਕੌਮੀ ਘੱਟਗਿਣਤੀ ਕਮਿਸ਼ਨ ਦੇ ਚੇਅਰਪਰਸਨ ਨੂੰ ਇੱਕ ਚਿੱਠੀ ਲਿਖ ਕੇ ਪੁਲਿਸ ਹਿਰਾਸਤ ਦੌਰਾਨ ਅਤੇ ਪੇਸ਼ੀ ਭੁਗਤਣ ਲਈ ਖੜਨ ਸਮੇਂ ਨਿਹੰਗ ਸਿੰਘਾਂ ਦੀਆਂ ਧਾਰਮਕ ਭਾਵਨਾਵਾਂ ਦਾ ਖਿਆਲ ਰੱਖਣ ਲਈ ਸੋਨੀਪਤ ਦੇ ਐੱਸਐੱਸਪੀ ਅਤੇ ਹਰਿਆਣਾ ਦੇ ਡੀਜੀਪੀ ਨੂੰ ਫੌਰੀ ਹਦਾਇਤਾਂ ਜਾਰੀ ਕਰਨ ਦੀ ਬੇਨਤੀ ਕੀਤੀ ਹੈ। ਇਸਦੇ ਨਾਲ ਉਨ੍ਹਾਂ ਨੇ ਕੁੱਝ ਹਵਾਲੇ ਦਿੱਤੇ ਹਨ ;
1) 16 ਅਕਤੂਬਰ 2021 ਨੂੰ ਅਦਾਲਤ ਵਿੱਚ ਨਿਹੰਗ ਸਿੰਘਾਂ ਦੀ ਪੇਸ਼ੀ ਤੋਂ ਬਾਅਦ ਹੋਈ ਧੱਕਾਮੁੱਕੀ ਦੌਰਾਨ ਇੱਕ ਨਿਹੰਗ ਸਿੰਘ ਦੀ ਦਸਤਾਰ ਉਤਰ ਗਈ ਸੀ, ਜੋ ਨਾ ਸਿਰਫ਼ ਧਾਰਮਿਕ ਭਾਵਨਾਵਾਂ ਨੂੰ ਠੇਸ ਪੁਚਾਉਣ ਵਾਲੀ ਕਾਰਵਾਈ ਸੀ ਸਗੋਂ ਪੇਸ਼ੀ ਭੁਗਤਣ ਲਈ ਅਦਾਲਤ ਵਿੱਚ ਆਉਣ ਵਾਲ਼ੇ ਸ਼ਖਸ ਦੇ ਮਨੁੱਖੀ ਹੱਕਾਂ ਦੀ ਉਲੰਘਣਾ ਵੀ ਸੀ।
2) ਨਿਹੰਗ ਸਿੰਘ ਆਪਣੇ ਧਾਰਮਿਕ ਅਕੀਦੇ ਮੁਤਾਬਕ ਸਿਰ ‘ਤੇ ਦੁਮਾਲਾ ਸਜਾਉਂਦੇ ਹਨ ਪਰ ਪੇਸ਼ੀ ਦੌਰਾਨ ਉਨ੍ਹਾਂ ਦੇ ਸਿਰ ਤੋਂ ਦੁਮਾਲਾ ਗਾਇਬ ਸੀ।
3) ਅੰਮ੍ਰਿਤਧਾਰੀ ਨਿਹੰਗ ਸਿੰਘ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨ ਤੋਂ ਬਾਅਦ ਨਿਤਨੇਮ ਕਰਦੇ ਹਨ। ਇਸ ਲਈ ਮਨੁੱਖੀ ਹੱਕਾਂ ਦੇ ਨਜ਼ਰੀਏ ਤੋਂ ਪੁਲਿਸ ਹਿਰਾਸਤ ਦੌਰਾਨ ਵੀ ਉਹਨਾਂ ਦੀ ਇਹ ਮਰਿਆਦਾ ਕਾਇਮ ਰਹਿਣੀ ਚਾਹੀਦੀ ਹੈ।
4) ਇੱਥੇ ਇਹ ਵੀ ਜ਼ਿਕਰਯੋਗ ਹੈ 15 ਅਕਤੂਬਰ 2021 ਨੂੰ ਵਾਪਰੀ ਘਟਨਾ ਵੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਕਾਰਨ ਹੀ ਹੋਈ ਸੀ। ਹੁਣ ਜੇਕਰ ਪੁਲਿਸ ਹਿਰਾਸਤ ਦੌਰਾਨ ਜਾਂ ਪੇਸ਼ੀ ਭੁਗਤਾਉਣ ਲਈ ਖੜਨ ਸਮੇਂ ਇਸ ਤਰਾਂ ਦੀ ਕੋਈ ਹੋਰ ਵਧੀਕੀ ਹੋਈ ਤਾਂ ਉਹ ਵੀ ਨਿਹੰਗ ਸਿੰਘਾਂ ਦੀਆਂ ਭਾਵਨਾਵਾਂ ਨੂੰ ਠੇਸ ਪੁਚਾਉਣ ਵਾਲ਼ੀ ਹੀ ਹੋਏਗੀ।
ਇਸ ਲਈ ਮੈਂ ਬੇਨਤੀ ਕਰਦਾ ਹਾਂ ਕਿ ਐਸਐਸਪੀ ਸੋਨੀਪਤ ਅਤੇ ਡੀਜੀਪੀ ਹਰਿਆਣਾ ਨੂੰ ਫ਼ੌਰੀ ਹਦਾਇਤਾਂ ਜਾਰੀ ਕੀਤੀਆਂ ਜਾਣ ਕਿ ਉਹ ਇਸ ਮੁੱਦੇ ਦੀ ਗੰਭੀਰਤਾ ਨੂੰ ਸਮਝਦਿਆਂ ਢੁੱਕਵੀਂ ਕਾਰਵਾਈ ਕਰਨ ਲਈ ਤਤਪਰ ਹੋਣ। ਇਸਦੇ ਨਾਲ ਹੀ ਉਨ੍ਹਾਂ ਨੇ ਸਿੰਘੂ ਬਾਰਡਰ ‘ਤੇ ਹੋਈ ਹਿੰਸਕ ਵਾਰਦਾਤ ‘ਤੇ ਦੁੱਖ ਜਤਾਇਆ ਹੈ ਪਰ ਇਸਦੇ ਨਾਲ ਹੀ ਨਿਹੰਗ ਸਿੰਘਾਂ ਦੀ ਤਾਰੀਫ ਵੀ ਕੀਤੀ ਹੈ ਕਿ ਇਸ ਵਾਰਦਾਤ ਨੂੰ ਅੰਜ਼ਾਮ ਦੇਣ ਵਾਲ਼ੇ ਨਿਹੰਗ ਸਿੰਘਾਂ ਨੇ ਦੇਸ਼ ਦੇ ਕਾਨੂੰਨ ਦਾ ਸਤਿਕਾਰ ਕਰਦਿਆਂ ਇਮਾਨਦਾਰੀ ਨਾਲ਼ ਪੁਲਿਸ ਅੱਗੇ ਆਤਮਸਮਰਪਣ ਕਰ ਦਿੱਤਾ ਹੈ। ਹੁਣ ਇਹ ਮਾਮਲਾ ਮਾਣਯੋਗ ਅਦਾਲਤ ਵਿੱਚ ਸੁਣਵਾਈ ਅਧੀਨ ਹੈ, ਜਿੱਥੇ ਕਾਨੂੰਨ ਆਪਣਾ ਕੰਮ ਕਰੇਗਾ। ਪਰ ਘੱਟਗਿਣਤੀ ਕੌਮ ਦੀ ਨਿਹੰਗ ਜਥੇਬੰਦੀ ਦੇ ਮੁੱਢਲੇ ਹੱਕਾਂ ਦੀ ਉਲੰਘਣਾ ਨਾ ਹੋਣ ਦੇਣਾ ਕੌਮੀ ਘੱਟਗਿਣਤੀ ਕਮਿਸ਼ਨ ਦਾ ਮੁੱਢਲਾ ਫਰਜ਼ ਬਣਦਾ ਹੈ। ਇਸ ਲਈ ਮੇਰੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਫ਼ੌਰੀ ਤੌਰ ‘ਤੇ ਵਾਜ਼ਿਬ ਕਾਰਵਾਈ ਕੀਤੀ ਜਾਵੇ।