Punjab

ਪੰਜਾਬ ਦੇ ਮੰਤਰੀ ਦੀ ਕਥਿਤ ਇਤਰਾਜ਼ਯੋਗ ਵੀਡੀਓ ‘ਤੇ ਕੌਮੀ ਮਹਿਲਾ ਕਮਿਸ਼ਨ ਸਖ਼ਤ, DGP ਤੋਂ 3 ਦਿਨਾਂ ਅੰਦਰ ਰਿਪੋਰਟ ਮੰਗੀ

ਲੋਕ ਸਭਾ ਚੋਣਾਂ ਲਈ ਵੋਟਾਂ ਪੈਣ ਤੋਂ ਚਾਰ ਦਿਨ ਪਹਿਲਾਂ ਆਮ ਆਦਮੀ ਪਾਰਟੀ ਦੇ ਲੋਕਲ ਬਾਡੀ ਮੰਤਰੀ ਬਲਕਾਰ ਸਿੰਘ ਦੀ ਕਥਿਤ ਵੀਡੀਓ ਵਾਇਰਲ ਹੋਣ ਕਾਰਨ ਪੰਜਾਬ ਵਿੱਚ ਸਿਆਸਤ ਗਰਮਾ ਗਈ ਹੈ। ਕੌਮੀ ਮਹਿਲਾ ਕਮਿਸ਼ਨ ਨੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੂੰ ਤਿੰਨ ਦਿਨਾਂ ਵਿੱਚ ਵਿਸਥਾਰਤ ਰਿਪੋਰਟ ਸੌਂਪਣ ਦੇ ਹੁਕਮ ਦਿੱਤੇ ਹਨ।

ਦੱਸ ਦੇਈਏ ਕਿ ਵਾਇਰਲ ਵੀਡੀਓ ਕਾਰਨ ਪੂਰੇ ਪੰਜਾਬ ਦਾ ਸਿਆਸੀ ਮਾਹੌਲ ਗਰਮਾ ਗਿਆ ਹੈ। ਸਾਰੀਆਂ ਪਾਰਟੀਆਂ ਦੇ ਮੰਤਰੀਆਂ ਨੇ ਬਲਕਾਰ ਸਿੰਘ ਨੂੰ ਬਰਖਾਸਤ ਕਰਨ ਦੀ ਮੰਗ ਕੀਤੀ ਸੀ ਅਤੇ ਮੈਂਬਰਸ਼ਿਪ ਰੱਦ ਕਰਨ ਦੀ ਵੀ ਮੰਗ ਕੀਤੀ ਸੀ। ਵਾਇਰਲ ਹੋ ਰਿਹਾ ਵੀਡੀਓ ਕਰੀਬ 1.25 ਮਿੰਟ ਦਾ ਹੈ। ਹਾਲਾਂਕਿ ਇਸ ਸਬੰਧੀ ਬਲਕਾਰ ਸਿੰਘ ਨੇ ਕਿਹਾ ਕਿ ਮੈਨੂੰ ਇਸ ਮਾਮਲੇ ਦੀ ਕੋਈ ਜਾਣਕਾਰੀ ਨਹੀਂ ਹੈ।

ਜਾਣਕਾਰੀ ਅਨੁਸਾਰ ਇਹ ਵੀਡੀਓ ਵਿਦੇਸ਼ੀ ਨੰਬਰਾਂ ਤੋਂ ਪੰਜਾਬ ਦੀਆਂ ਕੁਝ ਮੀਡੀਆ ਸੰਸਥਾਵਾਂ ਨੂੰ ਭੇਜੀ ਗਈ ਸੀ। ਇਸ ਵਿੱਚ ਕੋਈ ਆਵਾਜ਼ ਨਹੀਂ ਹੈ। ਇਹ ਵੀਡੀਓ ਕਦੋਂ ਦੀ ਹੈ? ਇਹ ਕਿਸਨੇ ਬਣਾਇਆ? ਕਿਸਨੇ ਕੀਤਾ ਵਾਇਰਲ? ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਵੀਡੀਓ ਦੇ ਨਾਲ ਲਿਖਿਆ ਸੀ ਕਿ ਇਸ ਦਾ ਦੂਜਾ ਭਾਗ ਵੀ ਜਲਦੀ ਹੀ ਆਵੇਗਾ। ਦੱਸ ਦੇਈਏ ਕਿ ਜਦੋਂ ਉਕਤ ਵੀਡੀਓ ਲੋਕਾਂ ਤੱਕ ਪੁੱਜਣ ਲੱਗੀ ਤਾਂ ਕਾਂਗਰਸ, ਭਾਜਪਾ, ਅਕਾਲੀ ਦਲ ਨੇ ਵਿਰੋਧ ਸ਼ੁਰੂ ਕਰ ਦਿੱਤਾ। ਕੱਲ੍ਹ ਯਾਨੀ ਸੋਮਵਾਰ ਨੂੰ ਮਹਿਲਾ ਕਾਂਗਰਸ ਵੱਲੋਂ ਮੰਤਰੀ ਬਲਕਾਰ ਸਿੰਘ ਦਾ ਪੁਤਲਾ ਵੀ ਫੂਕਿਆ ਗਿਆ।

ਕੁਝ ਸਮਾਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਨੇ ਦਾਅਵਾ ਕੀਤਾ ਸੀ ਕਿ ਇਸ ਵਾਇਰਲ ਵੀਡੀਓ ਵਿੱਚ ਦਿਖਾਈ ਦੇਣ ਵਾਲਾ ਵਿਅਕਤੀ ਪੰਜਾਬ ਦਾ ਮੰਤਰੀ ਹੈ। ਮਜੀਠੀਆ ਨੇ ਇਹ ਵੀਡੀਓ ਪੰਜਾਬ ਦੇ ਰਾਜਪਾਲ ਬੀਐਲ ਪੁਰੋਹਿਤ ਨੂੰ ਵੀ ਭੇਜੀ ਸੀ। ਉਨ੍ਹਾਂ ਕੇਂਦਰੀ ਏਜੰਸੀਆਂ ਤੋਂ ਜਾਂਚ ਦੀ ਮੰਗ ਕੀਤੀ ਸੀ।

ਭਾਜਪਾ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਅਤੇ ਗੁਜਰਾਤ ਦੇ ਸਾਬਕਾ ਸੀਐਮ ਵਿਜੇ ਰੂਪਾਨੀ ਨੇ ਇਸ ਵੀਡੀਓ ਨਾਲ ਜੁੜੇ ਸਵਾਲ ‘ਤੇ ਕਿਹਾ ਸੀ ਕਿ ਇਹ ਬਹੁਤ ਸ਼ਰਮਨਾਕ ਹਰਕਤ ਹੈ। ਉਨ੍ਹਾਂ ਪੰਜਾਬ ਦੀ ‘ਆਪ’ ਸਰਕਾਰ ‘ਤੇ ਸਵਾਲ ਉਠਾਉਂਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਤੋਂ ਸ਼ੁਰੂ ਹੋ ਕੇ ਉਨ੍ਹਾਂ ਦੇ ਸਾਰੇ ਮੰਤਰੀਆਂ ਦਾ ਪਰਦਾਫਾਸ਼ ਹੋ ਚੁੱਕਾ ਹੈ।