‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ): – ਦਿੱਲੀ ਹਿੰਸਾ ਵਿੱਚ ਦੋਸ਼ੀ ਪਿੰਜਰਾ ਤੋੜ ਦੀ ਮੈਂਬਰ ਨਤਾਸ਼ਾ ਨਰਵਾਲ ਨੂੰ ਅਤਰਿੰਮ ਜ਼ਮਾਨਤ ਮਿਲ ਗਈ ਹੈ। ਦਿੱਲੀ ਹਾਈਕੋਰਟ ਨੇ ਨਤਾਸ਼ਾ ਨੂੰ ਪਿਤਾ ਦੇ ਸਸਕਾਰ ਵਿੱਚ ਸ਼ਾਮਿਲ ਹੋਣ ਲਈ ਜ਼ਮਾਨਤ ਦਿੱਤੀ ਹੈ। ਇਹ ਜ਼ਮਾਨਤ 50 ਹਜ਼ਾਰ ਦੇ ਨਿੱਜੀ ਮੁਚੱਲਕੇ ‘ਤੇ ਦਿੱਤੀ ਗਈ ਹੈ। ਨਤਾਸ਼ਾ ਨਰਵਾਲ ਨੇ ਕਿਹਾ ਹੈ ਕਿ ਉਸਦੇ ਪਿਤਾ ਦੀ ਕੱਲ੍ਹ ਰਾਤ ਰੋਹਤਕ ਦੇ ਇਕ ਹਸਪਤਾਲ ਵਿੱਚ ਮੌਤ ਹੋ ਗਈ ਹੈ ਅਤੇ ਭਰਾ ਕੋਰੋਨਾ ਪੀੜਿਤ ਹੈ।
ਹਾਈਕੋਰਟ ਨੇ ਕਿਹਾ ਕਿ ਸਾਨੂੰ ਇਹ ਦੱਸਿਆ ਗਿਆ ਹੈ ਕਿ ਅੰਤਿਮ ਸਸਕਾਰ ਲਈ ਪਰਿਵਾਰ ਵਿੱਚ ਹੋਰ ਕੋਈ ਮੈਂਬਰ ਨਹੀਂ ਹੈ ਤੇ ਨਤਾਸ਼ਾ ਦੇ ਪਿਤਾ ਦੀ ਲਾਸ਼ ਹਸਪਤਾਲ ਵਿੱਚ ਰੱਖੀ ਹੋਈ ਹੈ। ਕੋਰਟ ਦੇ ਪੁੱਛਣ ਉੱਤੇ ਨਤਾਸ਼ਾ ਦੇ ਵਕੀਲ ਨੇ ਦੱਸਿਆ ਕਿ ਉਸਦੀ ਮਾਤਾ ਦੀ 15 ਸਾਲ ਪਹਿਲਾਂ ਮੌਤ ਹੋ ਗਈ ਸੀ। ਭਰਾ ਕੋਰੋਨਾ ਦੀ ਲਾਗ ਨਾਲ ਪੀੜਤ ਹੈ।
ਦਿੱਲੀ ਹਾਈਕੋਰਟ ਨੇ ਕਿਹਾ ਕਿ ਨਿਆਂ ਹਿੱਤ ਨੂੰ ਧਿਆਨ ਵਿੱਚ ਰੱਖਦਿਆਂ ਸਾਡਾ ਮੰਨਣਾ ਹੈ ਕਿ ਦੁੱਖ ਅਤੇ ਵਿਅਕਤੀਗਤ ਹਾਨੀ ਹੋਣ ਅਤੇ ਤੱਥਾਂ ਨੂੰ ਧਿਆਨ ਵਿੱਚ ਰੱਖਦਿਆਂ ਰਿਹਾਈ ਜ਼ਰੂਰੀ ਹੈ। ਅਰਜੀ ਦਾ ਸਰਕਾਰ ਨੇ ਵੀ ਵਿਰੋਧ ਨਹੀਂ ਕੀਤਾ ਹੈ।
ਜ਼ਿਕਰਯੋਗ ਹੈ ਕਿ ਦਿੱਲੀ ਹਿੰਸਾ ਵਿੱਚ ਕਈ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਇਸ ਵਿੱਚ ਨਤਾਸ਼ਾ ਵੀ ਸ਼ਾਮਿਲ ਸੀ। ਨਤਾਸ਼ਾ ਉਨ੍ਹਾਂ 18 ਦੋਸ਼ੀਆਂ ਵਿੱਚੋਂ ਹੈ, ਜਿਨ੍ਹਾਂ ਦੇ ਖਿਲਾਫ ਰਾਜਧ੍ਰੋਹ ਦੇ ਅਪਰਾਧ ਦਾ ਨੋਟਿਸ ਲਿਆ ਗਿਆ ਹੈ। ਦੰਗੇ ਦੇ ਕਥਿਤ ਰੂਪ ਵਿੱਚ ਪਹਿਲਾਂ ਤੋਂ ਹੀ ਘੜੀ ਗਈ ਸਾਜਿਸ਼ ਦਾ ਹਿੱਸਾ ਹੋਣ ਲਈ ਦੋਸ਼ੀਆਂ ਦੇ ਖਿਲਾਫ ਦੋਸ਼ ਦਾਖਿਲ ਕੀਤੇ ਹਨ। ਰਾਜਧ੍ਰੋਹ ਦੇ ਮਾਮਲਿਆਂ ਵਿੱਚ ਉਮਰਕੈਦ ਦੀ ਸਜਾ ਦਾ ਪ੍ਰਬੰਧ ਹੈ। 2020 ਵਿੱਚ ਦਿੱਲੀ ਦੰਗਿਆਂ ਦੀ ਸਾਜਿਸ਼ ਘੜੀ ਗਈ ਸੀ। 18 ਦੋਸ਼ੀਆਂ ਵਿੱਚੋਂ ਉਮਰ ਖਾਲਿਦ ਨੂੰ 15 ਅਪ੍ਰੈਲ ਨੂੰ ਜ਼ਮਾਨਤ ਦਿੱਤੀ ਗਈ ਹੈ।