India Lok Sabha Election 2024 Punjab

ਪ੍ਰਧਾਨ ਮੰਤਰੀ ਨੇ ਜਲੰਧਰ ‘ਚ ਕੀਤੀ ਰੈਲੀ, ਵਿਰੋਧੀਆਂ ‘ਤੇ ਕੱਸੇ ਤੰਜ

ਬਿਉਰੋ ਰਿਪੋਰਟ – ਪ੍ਰਧਾਨ ਮੰਤਰੀ ਵੱਲੋਂ ਗੁਰਦਾਸਪੁਰ ਵਿੱਚ ਰੈਲੀ ਕਰਨ ਤੋਂ ਬਾਅਦ ਜਲੰਧਰ ਵਿੱਚ ਰੈਲੀ ਕੀਤੀ ਗਈ। ਇਸ ਦੌਰਾਨ ਪ੍ਰਧਾਨ ਮੰਤਰੀ ਪੱਗ ਬੰਨ੍ਹ ਕੇ ਰੈਲੀ ਵਿੱਚ ਆਏ। ਉਨ੍ਹਾਂ ਕਿਹਾ ਕਿ ਪੰਜਾਬ ਦੀ ਧਰਤੀ ਸੇਵਾ ਦੀ ਧਰਤੀ ਹੈ। ਉਨ੍ਹਾਂ ਕਿਹਾ ਕਿ ਗੁਰਦੁਆਰਿਆਂ, ਮੰਦਰਾਂ ਅਤੇ ਰਾਧਾ ਸੁਆਮੀ ਡੇਰੇ ਨੇ ਕੋਰੋਨਾ ਸਮੇਂ ਵਿੱਚ ਬਹੁਤ ਸੇਵਾ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਮੇਰੇ ਲਈ ਨਵਾਂ ਨਹੀਂ ਹੈ। ਉਨ੍ਹਾਂ ਕਿਹਾ ਕਿ ਜਲੰਰ ਦੇ ਕੁਲਚੇ ਅਤੇ ਪਕੌੜੇ ਬਹੁਤ ਮਸ਼ਹੂਰ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਜਪਾ ਦੀ ਲਹਿਰ ਦੇ ਵਿੱਚ ਵਿਰੋਧੀ ਪਾਰਟੀਆਂ ਦਾ ਗੁਬਾਰ ਨਿਕਲ ਚੁੱਕਾ ਹੈ। ਪ੍ਰਧਾਨ ਮੰਤਰੀ ਨੇ ਜਲੰਧਰ ਦੇ ਲੋਕਾਂ ਨੂੰ ਮੁਖਾਤਬ ਹੁੰਦਿਆਂ ਕਿਹਾ ਕਿ ਜੇਕਰ ਤੁਸੀਂ ਕਿਸੇ ਚੌਕ ਵਿੱਚ ਖੜ੍ਹ ਕੇ ਪੁੱਛੋ ਤਾਂ 100 ਵਿੱਚੋਂ 90 ਲੋਕ ਕਹਿਣਗੇ ਕਿ ਮੋਦੀ ਦੀ ਸਰਕਾਰ ਦੁਬਾਰਾ ਸੱਤਾ ਵਿੱਚ ਆਵੇਗੀ। ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਭਾਜਪਾ ਦੇ ਵਿਰੋਧ ਵਿੱਚ ਵੋਟ ਪਾ ਕੇ ਆਪਣੀ ਵੋਟ ਖਰਾਬ ਨਾ ਕਰਨ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਕਾਂਗਰਸ ਦਾ ਮਤਲਬ ਮੁਸ਼ਕਲ ਹੈ ਪਰ ਮੋਦੀ ਨੇ ਮੁਸ਼ਕਲਾਂ ਹੱਲ ਕੀਤੀਆਂ ਹਨ। ਮੋਦੀ ਨੇ ਦੇਸ਼ ਵਿੱਚੋਂ 25 ਕਰੋੜ ਲੋਕਾਂ ਨੂੰ ਗਰੀਬੀ ਰੇਖਾ ਤੋਂ ਬਾਹਰ ਲਿਆਂਦਾ ਹੈ। ਉਨ੍ਹਾਂ ਕਾਂਗਰਸ ਨੂੰ ਆੜੇ ਹੱਥੀਂ ਲੈਂਦਿਆ ਕਿਹਾ ਕਿ ਕਾਂਗਰਸ ਦੇ ਸਮੇਂ ਦੇਸ਼ ਦੀ ਅਰਥ ਵਿਵਸਥਾ ਦਾ ਬੁੁਰਾ ਹਾਲ ਸੀ ਪਰ ਭਾਰਤ ਹੁਣ ਵਿਸ਼ਵ ਦੀ ਚੌਥੀ ਵੱਡੀ ਅਰਥਵਿਵਸਥਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਦੇ ਲੋਕ ਫੈਸਲਾ ਲੈ ਚੁੱਕੇ ਹਨ ਕਿ ਇਸ ਵਾਰ 400 ਪਾਰ ਕਰਨਾ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਕਾਂਗਰਸ ਨੇ ਆਪਣੇ ਪਰਿਵਾਰ ਨੂੰ ਸੱਤਾ ਦੇਣ ਲਈ ਪੰਜਾਬ ਨੂੰ ਬਟਵਾਰੇ ਦਾ ਦੁੱਖ ਦਿੱਤਾ। ਕਾਂਗਰਸ ਨੇ ਕਰਤਾਰਪੁਰ ਸਾਹਿਬ ਪਾਕਿਸਤਾਨ ਨੂੰ ਦੇ ਦਿੱਤਾ ਸੀ। 1971 ਦੀ ਜੰਗ ਵਿੱਚ ਭਾਰਤ ਨੇ ਪਾਕਿਸਤਾਨ ਦੇ 90 ਹਜ਼ਾਰ ਜਵਾਨ ਬੰਧਕ ਬਣਾਏ ਸੀ। ਉਸ ਸਮੇਂ ਕਰਤਾਰਪੁਰ ਲਿਆ ਜਾ ਸਕਦਾ ਸੀ ਪਰ ਕਾਂਗਰਸ ਨੇ ਉਹ ਵੀ ਨਹੀਂ ਕੀਤਾ। ਭਾਜਪਾ ਸਰਕਾਰ ਨੇ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਕਰਤਾਰਪੁਰ ਕੋਰੀਡੋਰ ਬਣਾਇਆ ਅਤੇ ਇਸ ਦੇ ਨਾਲ ਹਰਮਿੰਦਰ ਸਾਹਿਬ ਉੱਪਰ ਲੱਗੇ ਚੰਦੇ ਦੀ ਰੋਕ ਨੂੰ ਹਟਾਉਣ ਦੇ ਨਾਲ-ਨਾਲ ਗੁਰੂਆਂ ਦੇ ਪ੍ਰਕਾਸ ਪੁਰਬ ਮਨਾਏ ਹਨ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਕਾਂਗਰਸ ਨੇ ਜਾਣਬੁੱਝ ਕੇ ਸਾਹਿਬਜਾਦਿਆਂ ਦਾ ਇਤਿਹਾਸ ਲੋਕਾਂ ਤੱਕ ਨਹੀਂ ਪੁੱਜਣ ਦਿੱਤਾ। ਉਨ੍ਹਾਂ ਸਿਰਫ ਆਪਣਾ ਅਤੇ ਮੁਗਲਾਂ ਦਾ ਇਤਿਹਾਸ ਹੀ ਲੋਕਾਂ ਤੱਕ ਪਹੁੰਚਾਇਆ ਹੈ ਪਰ ਸਾਡੀ ਸਰਕਾਰ ਨੇ ਸਾਹਿਬਜਾਦਿਆਂ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਹੈ, ਜਿਸ ਦੇ ਤਹਿਤ 26 ਦਸੰਬਰ ਨੂੰ ਵੀਰ ਬਾਲ ਦਿਵਸ ਮਨਾਇਆ ਜਾਂਦਾ ਹੈ। ਕਾਂਗਰਸ ਆਪਣੇ ਵੋਟ ਬੈਂਕ ਨੂੰ ਬਚਾਉਣ ਲਈ ਪੰਜਾਬ ਦੇ ਬਟਵਾਰੇ ਨੂੰ ਨਹੀਂ ਪੜਾਉਂਦੀ ਸੀ। ਪਰ ਸਾਡੀ ਸਰਕਾਰ ਹਿੱਕ ਠੋਕ ਕੇ ਵਿਰਾਸਤ ਦੀ ਗੱਲ ਕਰਦੀ ਹੈ।

ਉਨ੍ਹਾਂ ਕਾਂਗਰਸ ਦੇ CAA ਦੇ ਵਿਰੋਧ ਕਰਨ ‘ਤੇ ਕਿਹਾ ਕਿ ਇਹ ਲੋਕ ਪੀੜਤ ਹਿੰਦੂ ਸਿੱਖਾਂ ਨੂੰ ਨਾਗਰਿਕਤਾ ਦੇਣ ਦੇ ਖਿਲਾਫ ਹਨ। ਉਨ੍ਹਾਂ ਕਿਹਾ ਕਿ ਇੰਡੀਆ ਗਠਜੋੜ ਦਿੱਲੀ ਵਿੱਚ ਇਕ ਹੈ ਪਰ ਪੰਜਾਬ ਵਿੱਚ ਇਹ ਇਕ ਦੂਜੇ ਨੂੰ ਗਾਲਾਂ ਦੇ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਪੰਜਾਬ ਦੀ ਮੌਜੂਦਾ ਸਰਕਾਰ ਨੂੰ ਕਾਂਗਰਸ ਵੱਲੋਂ ਕੀਤੇ ਪਾਪਾਂ ਨੂੰ ਖਾਦ ਪਾਣੀ ਦੇਣ ਦੀ ਗੱਲ ਕਹੀ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਪ੍ਰੈਸ ਦੀ ਆਜ਼ਾਦੀ ਨੂੰ ਕੁਚਲਿਆ ਜਾ ਰਿਹਾ ਹੈ। ਜੋ ਇਨ੍ਹਾਂ ਦੇ ਅੱਗੇ ਝੁਕਦਾ ਨਹੀਂ ਉਸ ਖਿਲਾਫ ਮਾਮਲੇ ਦਰਦ ਕੀਤੇ ਜੇ ਰਹੇ ਹਨ। ਪ੍ਰਧਾਨ ਮੰਤਰੀ ਸਿੱਧਾ-ਸਿੱਧਾ ਅਜੀਤ ਦੇ ਸੰਪਾਦਕ ਬਰਜਿੰਦਰ ਸਿੰਘ ਹਮਦਰਦ ‘ਤੇ ਮਾਨ ਸਰਕਾਰ ਵੱਲੋਂ FIR ਦਰਜ ਕਰਨ ਦਾ ਹਵਾਲਾ ਦੇ ਰਹੇ ਸੀ ।

ਇਹ ਵੀ ਪੜ੍ਹੋ – ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨਾਂ ਸਬੰਧੀ ਸੁਨੀਲ ਜਾਖੜ ਨੇ ਚੋਣ ਕਮਿਸ਼ਨ ਨੂੰ ਲਿਖੀ ਚਿੱਠੀ, ਕੇਂਦਰੀ ਬਲਾਂ ਦੀ ਤਾਇਨਾਤੀ ਸਣੇ ਰੱਖੀਆਂ 8 ਮੰਗਾਂ