India Lok Sabha Election 2024 Punjab

BJP ਦਾ ਬੁਰਾ ਹਾਲ, ਬਾਹਰ ਆ ਗਏ ਕੇਜਰੀਵਾਲ : CM ਮਾਨ

ਕੱਲ ਦੇਰ ਸ਼ਾਮ ਦਿੱਲੀ ਆਬਕਾਰੀ ਘੁਟਾਲੇ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿੱਚ 50 ਦਿਨ ਤਿਹਾੜ ਜੇਲ੍ਹ ਵਿੱਚ ਰਹਿਣ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੰਤ੍ਰਿਮ ਜ਼ਮਾਨਤ ‘ਤੇ ਬਾਹਰ ਆਏ। ਜਿਸ ਤੋਂ ਬਾਅਦ ਅੱਜ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਲੰਗੇ ਦਿਨਾਂ ਵਿੱਚ ਜੋ ਅਰਵਿੰਦ ਕੇਜਰੀਵਾਲ ਨਾਲ ਹੋਇਆ ਹੈ ਉਹ ਪੂਰੇ ਦੇਸ਼ ਨੇ ਦੇਖਿਆ ਹੈ।

ਕੇਜਰੀਵਾਲ ਦੀਆਂ ਸਿਫ਼ਤਾਂ ਕਰਦਿਆਂ ਮਾਨ ਨੇ ਕਿਹਾ ਕਿ ਕੇਜਰੀਵਾਲ ਦੇਸ਼ ਦੇ ਸਭ ਤੋਂ ਪ੍ਰਸਿੱਧ ਲੀਡਰ ਹਨ। BJP ‘ਤੇ ਨਿਸ਼ਾਨਾ ਸਾਧਦਿਆਂ ਮਾਨ ਨੇ ਕਿਹਾ ਕਿ ਅਰਵਿੰਦਰ ਕੇਜਰੀਵਾਲ ਇੱਕ ਵਿਅਕਤੀ ਨਹੀਂ ਹੈ, ਇੱਕ ਸੋਚ ਹੈ ਅਤੇ ਸੋਚ ਨੂੰ ਕਦੇ ਵੀ ਗ੍ਰਿਫ਼ਤਾਰ ਨਹੀਂ ਕੀਤਾ ਜਾ ਸਕਦਾ।

ਇੱਕ ਨਾਅਰੇ ਲਗਾਉਂਦਿਆਂ ਮਾਨ ਨੇ ਕਿਹਾ ਕਿ BJP ਦਾ ਬੂਰਾ ਹਾਲ, ਬਾਹਰ ਆ ਗਏ ਕੇਜਰੀਵਾਲ। ਲੋਕਾਂ ਦਾ ਧੰਨਵਾਦ ਕਰਦਿਆਂ ਮਾਨ ਨੇ ਕਿਹਾ ਕਿ ਉਹ ਉਸ ਹਰ ਵਿਅਕਤੀ ਦਾ ਧੰਨਵਾਦ ਕਰਦੇ ਹਨ ਜੋ ਮੁਸੀਬਤ ਵਿੱਚ ਕੇਜਰੀਵਾਲ ਦੇ ਨਾਲ ਖੜ੍ਹੇ ਰਹੇ। ਇਸਦੇ ਨਾਲ ਹੀ ਭਵਿੱਖਬਾਣੀ ਕਰਦਿਆਂ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਤੋਂ ਬਿਨਾਂ ਕੇਂਦਰ ਸਰਕਾਰ ਨਹੀਂ ਬਣ ਪਾਵੇਗੀ। ਦੇਸ਼ ਦੀ ਸਰਕਾਰ ਵਿੱਚ ਆਮ ਆਦਮੀ ਪਾਰਟੀ ਦੀ ਹਿੱਸਾ ਹੋਵੇਗਾ।

ਮਾਨ ਨੇ ਕਿਹਾ ਕਿ ਬੀਜੇਪੀ 400 ਤਾਂ ਇੱਕ ਪਾਸੇ ਹੁਣ ਤਾਂ ਉਨ੍ਹਾਂ ਦਾ ਬੇੜਾ ਵੀ ਪਾਰ ਨਹੀਂ ਹੋਣਾ। ਮਾਨ ਨੇ ਕਿਹਾ ਕਿ ਦੇਸ਼ ਦੀ ਜਨਤਾ ਨੇ ਇੰਨ੍ਹਾਂ ਦੇ ਵਹਿਮ ਕੱਢ ਦਿੱਤੇ ਹਨ। ਮਾਨ ਨੇ ਕਿਹਾ ਕਿ ਜੇਲ੍ਹ ਵਿੱਚ ਰਹਿੰਦੇ ਹੋਏ ਵੀ ਅਰਵਿੰਦ ਕੇਜਰੀਵਾਲ ਨੂੰ ਦੇਸ਼ ਦੇ ਲੋਕਾਂ ਦੀ ਚਿੰਤਾ ਸੀ। ਉਨ੍ਹਾਂ ਨੇ ਕਿਹਾ ਕਿ ਅਸੀਂ ਸਿਰਫ਼ 2 ਸਾਲਾਂ ਦੇ ਕੰਮਾਂ ਦੇ ਆਧਾਰ ਉਤੇ ਵੋਟਾਂ ਮੰਗ ਰਹੇ ਹਾਂ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਭਾਸ਼ਣ ਵਿੱਚ ਬੇਰੁਜ਼ਗਾਰੀ, ਸਿਹਤ ਅਤੇ ਸਿੱਖਿਆ ਦੀ ਕਦੇ ਵੀ ਗੱਲ ਨਹੀਂ ਕਰਦੇ।

ਇਸ ਮੌਕੇ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ   ਮੈਂ ਤੁਹਾਡੇ ਸਾਰਿਆਂ ਵਿਚਕਾਰ ਵਾਪਸ ਆ ਕੇ ਬਹੁਤ ਖੁਸ਼ ਹਾਂ। ਅਸੀਂ ਮਿਲ ਕੇ ਆਪਣੇ ਦੇਸ਼ ਨੂੰ ਤਾਨਾਸ਼ਾਹੀ ਤੋਂ ਬਚਾਉਣਾ ਹੈ, ਮੈਂ ਆਪਣੀ ਪੂਰੀ ਤਾਕਤ ਨਾਲ ਲੜਾਂਗਾ, ਮੈਨੂੰ ਦੇਸ਼ ਦੇ 140 ਕਰੋੜ ਲੋਕਾਂ ਦੇ ਸਮਰਥਨ ਦੀ ਲੋੜ ਹੈ। ਇਸ ਦੌਰਾਨ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਮੋਦੀ ਆਮ ਆਦਮੀ ਪਾਰਟੀ ਨੂੰ ਖਤਮ ਕਰਨਾ ਚਾਹੁੰਦੇ ਹਨ ਪਰ ਆਮ ਆਦਮੀ ਪਾਰਟੀ ਇਕ ਸੋਚ ਹੈ। ਇਹ ਹੋਰ ਜ਼ਿਆਦਾ ਵਧ ਰਹੀ ਹੈ।

ਉਨ੍ਹਾਂ ਨੇ ਕਿਹਾ ਕਿ ਭਾਜਪਾ ਨੇ ਵਿਰੋਧੀ ਧਿਰ ਦੇ ਲੀਡਰਾਂ ਨੂੰ ਜੇਲ੍ਹ ਭੇਜਣ ਲਈ ਮਿਸ਼ਨ ਵਿੱਢਿਆ ਹੋਇਆ ਹੈ। ਇਸ ਮੌਕੇ ਉਨ੍ਹਾਂ ਨੇ ਸਵਾਲ ਕੀਤਾ ਕਿ ਭਾਜਪਾ ਦਾ ਪ੍ਰਧਾਨ ਮੰਤਰੀ ਕੌਣ ਹੋਵੇਗਾ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਭਾਜਪਾ ਨੇ ਨਿਯਮ ਬਣਾਏ ਹਨ 75 ਸਾਲ ਦੇ ਨੇਤਾ ਨੂੰ ਰਿਟਾਇਰ ਕਰ ਦਿੱਤਾ ਜਾਵੇਗਾ। ਇਸ ਲਈ 17 ਸਤੰਬਰ ਨੂੰ ਮੋਦੀ ਸਾਹਿਬ ਰਿਟਾਇਰ ਹੋਣ ਵਾਲੇ ਹਨ। ਉਨ੍ਹਾਂ ਦੀ ਉਮਰ 75 ਸਾਲ ਹੋ ਜਾਵੇਗੀ। ਉੁਨ੍ਹਾਂ ਨੇ ਕਿਹਾ ਕਿ ਮੋਦੀ ਸਾਹਿਬ ਖੁਦ ਲਈ ਨਹੀਂ ਅਮਿਤ ਸ਼ਾਹ ਲਈ ਵੋਟਾਂ ਮੰਗ ਰਹੇ ਹਨ।