India Lok Sabha Election 2024

ਮੋਦੀ ਕੈਬਨਿਟ ਦਾ ਪਹਿਲਾ ਫੈਸਲਾ- PMAY ਤਹਿਤ ਬਣਾਏ ਜਾਣਗੇ 3 ਕਰੋੜ ਘਰ; ਬਿਜਲੀ, ਪਾਣੀ, ਟਾਇਲੇਟ ਤੇ ਗੈਸ ਕੁਨੈਕਸ਼ਨ ਦੀ ਸਹੂਲਤ

ਮੋਦੀ ਕੈਬਿਨੇਟ ਨੇ ਆਪਣੀ ਪਹਿਲੀ ਬੈਠਕ ਵਿੱਚ ਗਰੀਬਾਂ ਲਈ ਤਿੰਨ ਕਰੋੜ ਨਵੇਂ ਘਰ ਬਣਾਉਣ ਨੂੰ ਮਨਜ਼ੂਰੀ ਦਿੱਤੀ ਹੈ। ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਪਿੰਡਾਂ ਅਤੇ ਸ਼ਹਿਰਾਂ ਵਿੱਚ ਬਣਾਏ ਜਾਣ ਵਾਲੇ ਇਨ੍ਹਾਂ ਘਰਾਂ ਵਿੱਚ ਟਾਇਲਟ, ਬਿਜਲੀ, ਪਾਣੀ ਅਤੇ ਗੈਸ ਕੁਨੈਕਸ਼ਨ ਦਿੱਤੇ ਜਾਣਗੇ।

ਪਿਛਲੇ 10 ਸਾਲਾਂ ਵਿੱਚ ਇਸ ਯੋਜਨਾ ਤਹਿਤ ਕੁੱਲ 4.21 ਕਰੋੜ ਘਰ ਪਹਿਲਾਂ ਹੀ ਬਣਾਏ ਜਾ ਚੁੱਕੇ ਹਨ। ਇਸ ਸਕੀਮ ਤਹਿਤ ਕੇਂਦਰ ਅਤੇ ਰਾਜ ਸਰਕਾਰ ਵੱਲੋਂ ਮਕਾਨ ਬਣਾਉਣ ਲਈ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ। ਮੋਦੀ 3.0 ਦੀ ਪਹਿਲੀ ਕੈਬਨਿਟ ਮੀਟਿੰਗ ਸੋਮਵਾਰ, 10 ਜੂਨ ਨੂੰ ਪ੍ਰਧਾਨ ਮੰਤਰੀ ਨਿਵਾਸ ‘ਤੇ ਹੋਈ। ਇਸ ਵਿੱਚ ਸਾਰੇ ਕੈਬਨਿਟ ਮੰਤਰੀਆਂ ਨੇ ਹਿੱਸਾ ਲਿਆ।

ਜਾਣਕਾਰੀ ਮੁਤਾਬਕ ਇਸ ਮੀਟਿੰਗ ਵਿੱਚ ਮੰਤਰੀਆਂ ਨੂੰ ਉਨ੍ਹਾਂ ਦੇ ਵਿਭਾਗਾਂ ਦੀ ਵੰਡ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਸਰਕਾਰ ਦੇ ਪਹਿਲੇ 100 ਦਿਨਾਂ ਦੇ ਰੋਡ ਮੈਪ ‘ਤੇ ਵੀ ਚਰਚਾ ਕੀਤੀ ਜਾਵੇਗੀ। ਮੰਨਿਆ ਜਾ ਰਿਹਾ ਹੈ ਕਿ ਅਮਿਤ ਸ਼ਾਹ ਅਤੇ ਰਾਜਨਾਥ ਸਿੰਘ ਦੇ ਵਿਭਾਗਾਂ ‘ਚ ਬਦਲਾਅ ਨਹੀਂ ਕੀਤਾ ਜਾਵੇਗਾ। ਪਹਿਲਾਂ ਵਾਂਗ ਸ਼ਾਹ ਗ੍ਰਹਿ ਮੰਤਰੀ ਅਤੇ ਰਾਜਨਾਥ ਰੱਖਿਆ ਮੰਤਰੀ ਬਣੇ ਰਹਿਣਗੇ।

ਗਠਜੋੜ ‘ਚ ਸ਼ਾਮਲ ਤੇਲਗੂ ਦੇਸ਼ਮ ਪਾਰਟੀ (ਟੀਡੀਪੀ) ਅਤੇ ਜਨਤਾ ਦਲ ਯੂਨਾਈਟਿਡ (ਜੇਡੀਯੂ) ਦੇ ਮੰਤਰੀਆਂ ਨੂੰ ਦਿੱਤੇ ਗਏ ਵਿਭਾਗਾਂ ‘ਤੇ ਸਾਰਿਆਂ ਦੀ ਨਜ਼ਰ ਹੋਵੇਗੀ। ਇਸ ਤੋਂ ਇਲਾਵਾ ਮੰਤਰੀ ਮੰਡਲ ਵਿੱਚ ਸ਼ਾਮਲ ਸਾਬਕਾ ਮੁੱਖ ਮੰਤਰੀਆਂ ਨੂੰ ਵੀ ਅਹਿਮ ਵਿਭਾਗ ਮਿਲਣ ਦੀ ਉਮੀਦ ਹੈ।

ਕੈਬਨਿਟ ਵਿੱਚ 32 ਸੰਸਦ ਮੈਂਬਰ ਹਨ ਜੋ ਪਹਿਲੀ ਵਾਰ ਕੇਂਦਰੀ ਮੰਤਰੀ ਬਣੇ ਹਨ, ਇਨ੍ਹਾਂ ਵਿੱਚ ਸਾਬਕਾ ਸੰਸਦ ਮੈਂਬਰ ਸ਼ਿਵਰਾਜ ਸਿੰਘ ਚੌਹਾਨ, ਹਰਿਆਣਾ ਦੇ ਸਾਬਕਾ ਸੀਐਮ ਮਨੋਹਰ ਲਾਲ ਖੱਟਰ, ਕਰਨਾਟਕ ਦੇ ਸਾਬਕਾ ਸੀਐਮ ਕੁਮਾਰਸਵਾਮੀ ਅਤੇ ਰਾਸ਼ਟਰੀ ਲੋਕ ਦਲ ਦੇ ਮੁਖੀ ਜਯੰਤ ਚੌਧਰੀ ਸ਼ਾਮਲ ਹਨ।

ਪੀਐਮ ਨਰੇਂਦਰ ਮੋਦੀ ਨੇ ਐਤਵਾਰ 9 ਜੂਨ ਦੀ ਸ਼ਾਮ ਨੂੰ ਤੀਜੀ ਵਾਰ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ। ਉਨ੍ਹਾਂ ਨਾਲ 71 ਮੰਤਰੀਆਂ ਨੇ ਸਹੁੰ ਚੁੱਕੀ, ਜਿਨ੍ਹਾਂ ‘ਚ ਸਹਿਯੋਗੀ ਪਾਰਟੀਆਂ ਦੇ 11 ਮੰਤਰੀ ਸ਼ਾਮਲ ਹਨ।

ਸਹੁੰ ਚੁੱਕਣ ਦੇ ਦੂਜੇ ਦਿਨ ਮੋਦੀ ਨੇ ਸੰਭਾਲਿਆ ਅਹੁਦਾ, PMO ਅਧਿਕਾਰੀਆਂ ਨੂੰ ਕਿਹਾ- ਅਸੀਂ ਬਿਹਤਰ ਕਿਵੇਂ ਕਰ ਸਕਦੇ ਹਾਂ ਪੀਐਮ ਮੋਦੀ ਨੇ ਸੋਮਵਾਰ ਨੂੰ ਪ੍ਰਧਾਨ ਮੰਤਰੀ ਦਫ਼ਤਰ (ਪੀਐਮਓ) ਪਹੁੰਚ ਕੇ ਅਹੁਦਾ ਸੰਭਾਲ ਲਿਆ। ਉਨ੍ਹਾਂ ਨੇ ਸਭ ਤੋਂ ਪਹਿਲਾਂ ਕਿਸਾਨ ਸਨਮਾਨ ਨਿਧੀ ਦੀ ਫਾਈਲ ‘ਤੇ ਦਸਤਖਤ ਕੀਤੇ। ਪੀਐਮਓ ਪਹੁੰਚਣ ‘ਤੇ ਮੁਲਾਜ਼ਮਾਂ ਨੇ ਮੋਦੀ ਦਾ ਸਵਾਗਤ ਕੀਤਾ।

ਪੀਐਮ ਮੋਦੀ ਨੇ ਪੀਐਮਓ ਅਧਿਕਾਰੀਆਂ ਨੂੰ ਵੀ ਸੰਬੋਧਨ ਕੀਤਾ। ਉਨ੍ਹਾਂ ਨੇ ਕਿਹਾ, ਜਿਸ ਟੀਮ ਨੇ ਮੈਨੂੰ 10 ਸਾਲਾਂ ‘ਚ ਇੰਨਾ ਕੁਝ ਦਿੱਤਾ ਹੈ, ਅਸੀਂ ਉਸ ਨਾਲ ਕੀ ਨਵਾਂ ਕਰ ਸਕਦੇ ਹਾਂ, ਅਸੀਂ ਬਿਹਤਰ ਕਿਵੇਂ ਕਰ ਸਕਦੇ ਹਾਂ, ਅਸੀਂ ਤੇਜ਼ੀ ਨਾਲ ਕਿਵੇਂ ਕਰ ਸਕਦੇ ਹਾਂ ਅਤੇ ਅਸੀਂ ਇਸ ਨੂੰ ਬਿਹਤਰ ਪੱਧਰ ‘ਤੇ ਕਿਵੇਂ ਕਰ ਸਕਦੇ ਹਾਂ। ਜੇਕਰ ਅਸੀਂ ਇਸ ਸਭ ਦੇ ਨਾਲ ਅੱਗੇ ਵਧਦੇ ਹਾਂ, ਤਾਂ ਮੈਨੂੰ ਭਰੋਸਾ ਹੈ ਕਿ ਦੇਸ਼ ਦੇ 140 ਕਰੋੜ ਲੋਕ ਸਾਡੇ ਯਤਨਾਂ ਨੂੰ ਮਨਜ਼ੂਰੀ ਦੇਣਗੇ।