ਪਟਿਆਲਾ : ਨਾਇਬ ਤਹਿਸੀਲਦਾਰ ਭਰਤੀ ਘੁਟਾਲਾ ਮਾਮਲੇ ( Naib Tehsildar recruitment scam case ) ‘ਚ ਵੱਡੀ ਖ਼ਬਰ ਸਾਹਮਣੇ ਆਈ ਹੈ। ਇਸ ਘਪਲੇ ਵਿੱਚ ਪੰਜਾਬ ਪੁਲਿਸ ਵੱਲੋਂ ਇੱਕ ਹੋਰ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।। ਪਟਿਆਲਾ ਪੁਲਿਸ ਨੇ ਮਹਿਲਾ ਤਹਿਸੀਲਦਾਰ ਨੂੰ ਕਾਬੂ ਕੀਤਾ ਹੈ। ਮੁਲਜ਼ਮ ਦੀ ਪਛਾਣ ਸੁਨੀਤਾ ਵਾਸੀ ਪਾਤੜਾਂ ਪਟਿਆਲਾ ਵਜੋਂ ਹੋਈ ਹੈ। ਇਮਤਿਹਾਨ ‘ਚ ਉਹ ਪੰਜਵੇਂ ਸਥਾਨ ‘ਤੇ ਰਹੀ। ਦੱਸ ਦੱਈਏ ਕਿ ਉਹ ਇਕੱਲੀ ਅਜਿਹੀ ਔਰਤ ਹੈ, ਜਿਸ ਨੂੰ ਹੁਣ ਤੱਕ ਇਸ ਮਾਮਲੇ ‘ਚ ਗ੍ਰਿਫਤਾਰ ਕੀਤਾ ਗਿਆ ਹੈ।
ਨਾਇਬ ਤਹਿਸੀਲਦਾਰ ਭਰਤੀ ਘੁਟਾਲਾ ਮਾਮਲੇ ‘ਚ ਹੁਣ ਤੱਕ ਪੁਲਿਸ 10 ਲੋਕਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। 5 ਕੈਂਡੀਡੇਟ ਸਣੇ ਗਿਰੋਹ ਦੇ 5 ਮੈਂਬਰ ਗ੍ਰਿਫ਼ਤਾਰ ਹੋ ਚੁੱਕੇ ਹਨ। ਪਟਿਆਲਾ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੇ ਦੱਸਿਆ ਕਿ ਪੁਲੀਸ ਨੇ ਇਸ ਘੁਟਾਲੇ ਦੀ ਜਾਂਚ ਲਈ ਵਿਸ਼ੇਸ਼ ਟੀਮ ਦਾ ਗਠਨ ਕੀਤਾ ਹੈ। ਟੀਮ ਨੇ ਹੁਣ ਤੱਕ ਧੋਖਾਧੜੀ ਤੇ ਬੇਈਮਾਨੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ 10 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ।
ਜਿਹਨਾਂ ਵਿੱਚ 6 ਨਕਲ ਕਰਵਾਉਣ ਵਾਲੇ ਅਤੇ 5ਉਮੀਦਵਾਰ ਸ਼ਾਮਿਲ ਹਨ। ਗ੍ਰਿਫਤਾਰ ਕੀਤੇ ਗਏ ਉਮੀਦਵਾਰਾਂ ਵਿੱਚ ਦੂਜਾ ਰੈਂਕ ਹਾਸਿਲ ਕਰਨ ਵਾਲਾ ਬਲਰਾਜ ਸਿੰਘ, 12ਵਾਂ ਰੈਂਕ ਹਾਸਲ ਕਰਨ ਵਾਲਾ ਲਵਪ੍ਰੀਤ ਸਿੰਘ, 21ਵਾਂ ਰੈਂਕ ਪ੍ਰਾਪਤ ਕਰਨ ਵਾਲਾ ਵਰਿੰਦਰ-ਪਾਲ ਚੌਧਰੀ, ਚੌਥਾ ਰੈਂਕ ਪ੍ਰਾਪਤ ਕਰਨ ਵਾਲਾ ਬਲਦੀਪ ਸਿੰਘ ਅਤੇ ਪੰਜਵਾਂ ਰੈਂਕ ਪ੍ਰਾਪਤ ਕਰਨ ਵਾਲੀ ਸੁਨੀਤਾ ਸ਼ਾਮਿਲ ਹੈ।
ਇਸ ਮਾਮਲੇ ਵਿੱਚ ਹੋਰ ਵੀ ਗ੍ਰਿਫਤਾਰੀਆਂ ਹੋ ਸਕਦੀਆਂ ਹਨ। ਦੱਸ ਦੱਈਏ ਕਿ ਇਹਨਾਂ ਸਾਰਿਆਂ ਤੇ ਬਲੂਟੁੱਥ ਅਤੇ ਹੋਰ ਤਕਨੀਕੀ ਉਪਕਰਨਾਂ ਰਾਹੀਂ ਨਕਲ ਮਾਰ ਕੇ ਪੇਪਰ ਵਿੱਚ ਉੱਚੇ ਰੈਂਕ ਪ੍ਰਾਪਤ ਕਰਨ ਦੇ ਇਲਜ਼ਾਮ ਹਨ।
ਇਸ ਤੋਂ ਪਹਿਲਾਂ ਪੰਜਾਬ ਪੁਲਿਸ ਇਸੇ ਘੁਟਾਲੇ ਸਬੰਧੀ ਇੱਕ ਗਰੋਹ ਦੇ 5 ਮੈਂਬਰਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ ਤੇ ਉਹਨਾਂ ਕੋਲੋਂ ਉਚ ਤਕਨੀਕ ਦੇ ਯੰਤਰ ਬਰਾਮਦ ਕੀਤੇ ਗਏ ਸਨ। ਜਿਹਨਾਂ ਵਿੱਚ 11 GSM ਡਿਵਾਇਸ, 7 ਈਅਰ ਬਰਡ, 2 ਮੋਬਾਇਲ, 1 ਲੈਪਟੋਪ ਸ਼ਾਮਲ ਹੈ।
ਪੁਲਿਸ ਨੇ ਇਹਨਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਖੁਲਾਸਾ ਕੀਤਾ ਸੀ ਕਿ ਨਾਇਬ ਤਹਿਸੀਲਦਾਰ ਦਾ ਪੇਪਰ ਪਾਸ ਕਰਵਾਉਣ ਲਈ ਪ੍ਰਤੀ ਉਮੀਦਵਾਰ 22-22 ਲੱਖ ਰੁਪਏ ਰਕਮ ਤੈਅ ਕੀਤੀ ਗਈ ਸੀ। ਸੂਬੇ ਵਿੱਚ ਨਾਇਬ ਤਹਿਸੀਲਦਾਰ ਦੀ ਭਰਤੀ ਲਈ PPSC ਨੇ 22 ਮਈ ਨੂੰ ਪ੍ਰੀਖਿਆ ਲਈ ਗਈ ਸੀ।
ਕੀ ਹੈ ਸਾਰਾ ਮਾਮਲਾ
ਜ਼ਿਕਰਯੋਗ ਹੈ ਕਿ ‘ਆਪ’ ਸਰਕਾਰ ਵੱਲੋਂ ਸੱਤਾ ਸੰਭਾਲਦਿਆਂ ਹੀ ਨਾਇਬ ਤਹਿਸੀਲਦਾਰਾਂ ਦੀਆਂ 78 ਆਸਾਮੀਆਂ ਲਈ 22 ਮਈ 2022 ਨੂੰ ਪੰਜਾਬ ’ਚ ਵੱਖ-ਵੱਖ ਥਾਵਾਂ ’ਤੇ ਪ੍ਰੀਖਿਆ ਕੇਂਦਰ ਬਣਾ ਕੇ ਲਿਖਤੀ ਇਮਤਿਹਾਨ ਲਿਆ ਗਿਆ ਸੀ। ਇਸ ਦਾ ਨਤੀਜਾ 8 ਸਤੰਬਰ 2022 ਨੂੰ ਐਲਾਨਿਆ ਗਿਆ। ਇਸ ਮਾਮਲੇ ਦੀ ਜਾਂਚ ਕਈ ਜ਼ਿਲ੍ਹਿਆਂ ਦੀ ਪੁਲਿਸ ਵੱਲੋਂ ਕੀਤੀ ਗਈ ਸੀ।
ਪਟਿਆਲਾ ਪੁਲਿਸ ਤੇ ਕਾਊਂਟਰ ਇੰਟੈਲੀਜੈਂਸ ਵੱਲੋਂ ਇਸ ਮਾਮਲੇ ਨੂੰ ਬਾਰੀਕੀ ਨਾਲ਼ ਘੋਖਣ ਉਤੇ ਸਾਹਮਣੇ ਆਇਆ ਕਿ ਇਸ ਇਮਤਿਹਾਨ ਦੌਰਾਨ ਕੁਝ ਉਮੀਦਵਾਰਾਂ ਨੇ ਬੜੇ ਹੀ ਯੋਜਨਾਬੱਧ ਢੰਗ ਨਾਲ ਆਧੁਨਿਕ ਤਕਨੀਕ ਦੀ ਵਰਤੋਂ ਕਰਦਿਆਂ ਨਕਲ ਮਾਰ ਕੇ ਪੇਪਰ ਪਾਸ ਕੀਤਾ ਹੈ।
ਅਜਿਹੇ ਉਮੀਦਵਾਰਾਂ ’ਚ ਪਹਿਲੇ ਦਸ ਨੰਬਰਾਂ ’ਤੇ ਆਉਣ ਵਾਲੇ ਕੁਝ ਉਮੀਦਵਾਰ ਵੀ ਸ਼ਾਮਲ ਦੱਸੇ ਗਏ ਹਨ। ਇਸ ਮਾਮਲੇ ਵਿਚ ਥਾਣਾ ਕੋਤਵਾਲੀ ਪਟਿਆਲਾ ’ਚ ਕੇਸ ਦਰਜ ਕੀਤਾ ਗਿਆ ਸੀ।
ਇਨਾਂ ਨੂੰ ਕੀਤਾ ਗ੍ਰਿਫ਼ਤਾਰ, ਉਮੀਦਵਾਰਾਂ ਨਾਲ 20-22 ਲੱਖ ਦਾ ਸੌਦਾ
ਪੁਲਿਸ ਨੇ ਇਸ ਮਾਮਲੇ ਵਿਚ ਪਟਿਆਲਾ ਦੇ ਪਿੰਡ ਦੇਧਨਾ ਵਾਸੀ ਨਵਰਾਜ ਚੌਧਰੀ ਤੇ ਗੁਰਪ੍ਰੀਤ ਸਿੰਘ ਤੇ ਪਟਿਆਲਾ ਦੇ ਹੀ ਪਿੰਡ ਭੁੱਲਾਂ ਦੇ ਜਤਿੰਦਰ ਸਿੰਘ ਸਮੇਤ ਹਰਿਆਣਾ ਦੇ ਪਿੰਡ ਰਮਾਣਾ-ਰਾਮਾਣੀ ਦੇ ਵਸਨੀਕ ਸੋਨੂੰ ਕੁਮਾਰ ਅਤੇ ਨਛੜ ਖੇੜਾ ਦੇ ਵਰਜਿੰਦਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਪੇਪਰ ਪਾਸ ਕਰਵਾਉਣ ਲਈ ਵੱਖ ਵੱਖ ਉਮੀਦਵਾਰਾਂ ਨਾਲ 20 ਤੋਂ 22 ਲੱਖ ਰੁਪਏ ’ਚ ਸੌਦਾ ਕੀਤਾ ਸੀ।