Punjab

ਫਤਿਹਗੜ੍ਹ ਚੂੜੀਆਂ ਦੀ ਨਾਇਬ ਤਹਿਸੀਲਦਾਰ ਮੁਅੱਤਲ! ਰਿਸ਼ਵਤ ਲੈਣ ਦੀ ਵੀਡੀਓ ਵਾਇਰਲ, ਪਟਵਾਰੀ ’ਤੇ ਵੀ ਕਾਰਵਾਈ

ਬਿਊਰੋ ਰਿਪੋਰਟ: ਪੰਜਾਬ ਸਰਕਾਰ ਨੇ ਗੁਰਦਾਸਪੁਰ ਜ਼ਿਲ੍ਹੇ ਦੇ ਫਤਿਹਗੜ੍ਹ ਚੂੜੀਆਂ ਦੀ ਨਾਇਬ ਤਹਿਸੀਲਦਾਰ ਜਸਵੀਰ ਕੌਰ ਨੂੰ ਰਿਸ਼ਵਤ ਲੈਣ ਦੇ ਇਲਜ਼ਾਮਾਂ ’ਤੇ ਤੁਰੰਤ ਮੁਅੱਤਲ ਕਰ ਦਿੱਤਾ ਹੈ। ਇਹ ਫੈਸਲਾ ਇੱਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਲਿਆ ਗਿਆ ਹੈ ਜਿਸ ਵਿੱਚ ਜਸਵੀਰ ਕੌਰ ਇੱਕ ਪਟਵਾਰੀ ਤੋਂ ਪੈਸੇ ਲੈਂਦੀ ਦਿਖਾਈ ਦੇ ਰਹੀ ਹੈ।

ਇਸ ਸਬੰਧੀ ਸਰਕਾਰ ਵੱਲੋਂ ਹੁਕਮ ਜਾਰੀ ਕੀਤੇ ਗਏ ਹਨ। ਵਧੀਕ ਮੁੱਖ ਸਕੱਤਰ ਅਨੁਰਾਗ ਵਰਮਾ ਨੇ ਕਿਹਾ ਕਿ ਸਰਕਾਰ ਭ੍ਰਿਸ਼ਟਾਚਾਰ ਵਿਰੁੱਧ ਸਖ਼ਤ ਹੈ ਅਤੇ ਅਜਿਹੇ ਮਾਮਲਿਆਂ ਨੂੰ ਕਿਸੇ ਵੀ ਹਾਲਤ ਵਿੱਚ ਬਖਸ਼ਿਆ ਨਹੀਂ ਜਾਵੇਗਾ। ਮੁਅੱਤਲੀ ਦੌਰਾਨ, ਜਸਵੀਰ ਕੌਰ ਨੂੰ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਨਾਲ ਜੋੜਿਆ ਜਾਵੇਗਾ ਅਤੇ ਉਸਦੀ ਰੋਜ਼ਾਨਾ ਹਾਜ਼ਰੀ ਰਿਪੋਰਟ ਹੈੱਡਕੁਆਰਟਰ ਨੂੰ ਭੇਜੀ ਜਾਵੇਗੀ।

ਵਿਜੀਲੈਂਸ ਨੂੰ ਸੌਂਪੀ ਗਈ ਜਾਂਚ

ਸਰਕਾਰ ਨੇ ਮਾਮਲੇ ਦੀ ਜਾਂਚ ਵਿਜੀਲੈਂਸ ਵਿਭਾਗ ਨੂੰ ਸੌਂਪ ਦਿੱਤੀ ਹੈ। ਹੁਕਮਾਂ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਸਬੰਧਤ ਐਸਐਸਪੀ ਵਿਜੀਲੈਂਸ ਨੂੰ ਇਸ ਵਾਇਰਲ ਵੀਡੀਓ ਦੀ ਜਾਂਚ ਕਰਨ ਅਤੇ ਦੋਸ਼ੀਆਂ ਵਿਰੁੱਧ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਜਾਣ। ਨਾਲ ਹੀ, ਵੀਡੀਓ ਵਿੱਚ ਦਿਖਾਈ ਦੇ ਰਹੇ ਸਬੰਧਿਤ ਪਟਵਾਰੀ ਨੂੰ ਵੀ ਤੁਰੰਤ ਪ੍ਰਭਾਵ ਨਾਲ ਮੁਅੱਤਲ ਕੀਤਾ ਜਾਵੇ ਅਤੇ ਉਸ ਵਿਰੁੱਧ ਅਨੁਸ਼ਾਸਨੀ ਕਾਰਵਾਈ ਸ਼ੁਰੂ ਕੀਤੀ ਜਾਵੇ।