ਬਿਉਰੋ ਰਿਪੋਰਟ – ਨਾਇਬ ਸਿੰਘ ਸੈਣੀ (Naib Singh Saini) ਨੇ ਅੱਜ ਹਰਿਆਣਾ (Haryana CM) ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ। ਸੈਣੀ ਨੇ ਅੱਜ ਦੂਜੀ ਵਾਰ ਸੂਬੇ ਦੀ ਵਾਗਡੋਰ ਸੰਭਾਲੀ ਹੈ ਅਤੇ ਹਰਿਆਣਾ ਦੇ 19ਵੇਂ ਮੁੱਖ ਮੰਤਰੀ ਬਣ ਗਏ ਹਨ। ਉਨ੍ਹਾਂ ਅੱਜ ਪੁੰਚਕੁਲਾ ਦੇ ਦੁਸਹਿਰਾ ਗਰਾਊਂਡ ਵਿਚ ਸਹੁੰ ਚੁੱਕੀ ਹੈ। ਸਹੁੰ ਚੁੱਕ ਸਮਾਗਮ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਜਪਾ ਪ੍ਰਧਾਨ ਜੇਪੀ ਨੱਡਾ, ਕੇਂਦਰੀ ਮੰਤਰੀ ਅਮਿਤ ਸ਼ਾਹ, ਨਿਤਿਨ ਗਡਕਰੀ ਅਤੇ ਰਾਜਨਾਥ ਸਿੰਘ ਦੇ ਨਾਲ-ਨਾਲ 18 ਰਾਜਾਂ ਦੇ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਵੀ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਏ।
ਦੱਸ ਦੇਈਏ ਕਿ ਮੁੱਖ ਮੰਤਰੀ ਸੈਣੀ ਦਾ ਨਾਲ 13 ਹੋਰ ਮੰਤਰੀਆਂ ਨੇ ਵੀ ਸਹੁੰ ਚੁੱਕੀ ਹੈ। 13 ਵਿੱਚੋਂ 5 ਚਿਹਰੇ ਓਬੀਸੀ, 2 ਜਾਟ, 2 ਬ੍ਰਾਹਮਣ ਅਤੇ 2 ਐਸੀ ਵਰਗ ਦੇ ਨਾਲ ਸਬੰਧਿਤ ਹਨ। ਇਸ ਦੇ ਨਾਲ ਹੀ ਪੰਜਾਬੀ, ਰਾਜਪੂਤ ਅਤੇ ਵੈਸ਼ਿਆ ਭਾਈਚਾਰਿਆਂ ਦਾ ਇੱਕ-ਇੱਕ ਮੰਤਰੀ ਬਣਾਇਆ ਗਿਆ ਹੈ।
ਨਵੇਂ ਨਿਯੁਕਤ ਕੀਤੇ ਗਏ ਮੰਤਰੀਆਂ ਵਿੱਚ ਅਨਿਲ ਵਿਜ, ਕ੍ਰਿਸ਼ਨ ਲਾਲ ਪੰਵਾਰ, ਰਾਓ ਨਰਬੀਰ, ਮਹੀਪਾਲ ਢਾਂਡਾ, ਵਿਪੁਲ ਗੋਇਲ ਅਤੇ ਕ੍ਰਿਸ਼ਨਾ ਬੇਦੀ ਪਹਿਲਾਂ ਵੀ ਮੰਤਰੀ ਰਹਿ ਚੁੱਕੇ ਹਨ। ਇਸ ਤੋਂ ਇਲਾਵਾ ਪਿਛਲੀ ਭਾਜਪਾ ਸਰਕਾਰ ਵਿੱਚ ਰਣਬੀਰ ਗੰਗਵਾ ਡਿਪਟੀ ਸਪੀਕਰ ਸਨ। ਨਵੇਂ ਚਿਹਰਿਆਂ ਵਿੱਚ ਅਰਵਿੰਦ ਸ਼ਰਮਾ, ਸ਼ਿਆਮ ਸਿੰਘ ਰਾਣਾ, ਆਰਤੀ ਰਾਓ, ਸ਼ਰੂਤੀ ਚੌਧਰੀ ਅਤੇ ਗੌਰਵ ਗੌਤਮ ਪਹਿਲੀ ਵਾਰ ਮੰਤਰੀ ਬਣੇ ਹਨ।
ਇਹ ਵੀ ਪੜ੍ਹੋ – ਕਿਸਾਨਾਂ ਨੇ ਟੋਲ ਪਲਾਜ਼ਾ ਫਰੀ ਕਰਵਾ ਦਿੱਤਾ ਧਰਨਾ!