Punjab Religion

ਸ਼ਹੀਦੀ ਸਭਾ ਦੇ ਆਖਰੀ ਦਿਨ ਗੁਰਦੁਆਰਾ ਫਤਿਹਗੜ੍ਹ ਸਾਹਿਬ ਤੋਂ ਸਜਾਇਆ ਨਗਰ ਕੀਰਤਨ

ਬਿਉਰੋ ਰਿਪੋਰਟ -ਸ਼ਹੀਦੀ ਸਭਾ ਦੇ ਆਖਰੀ ਦਿਨ ਅੱਜ ਗੁਰਦੁਆਰਾ ਫਤਿਹਗੜ੍ਹ ਸਾਹਿਬ ਤੋਂ ਨਗਰ ਕੀਰਤਨ ਆਰੰਭ ਹੋਇਆ, ਜੋ 1: 30 ਵਜੇ ਦੇ ਕਰੀਬ ਗੁ. ਜੋਤੀ ਸਰੂਪ ਸਾਹਿਬ ਵਿਖੇ ਪਹੁੰਚਿਆ। ਸੰਗਤ ਦੇ ਬਹੁਤ ਵੱਡੇ ਇਕੱਠ ਕਾਰਨ ਗੁ. ਸਾਹਿਬ ਦੇ ਬਾਹਰ ਖੁੱਲ੍ਹੀ ਥਾਂ ‘ਚ ਦੀਵਾਨ ਸਜਾਇਆ ਗਿਆ, ਜਿੱਥੇ ਕਿ ਸ਼ਹੀਦੀ ਨਗਰ ਕੀਰਤਨ ਦੀ ਸਮਾਪਤੀ ਹੋਈ। ਇਸ ਮੌਕੇ ਦੀਵਾਨ ਸਜਿਆ, ਗੁਰਬਾਣੀ ਦਾ ਮਧੁਰ ਕੀਰਤਨ ਹੋਇਆ ਅਤੇ ਦੀਵਾਨ ਦੀ ਸਮਾਪਤੀ ਹੋਈ। ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿ. ਰਘੁਬੀਰ ਸਿੰਘ ਜੀ ਨੇ ਸੰਗਤ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਵਨ ਹੁਕਮ ਸੁਣਾਇਆ ਜਿਸ ਮਗਰੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਵਨ ਸਰੂਪ ਸੁਖਆਸਨ ਅਸਥਾਨ ‘ਤੇ ਲਿਜਾਇਆ ਗਿਆ। ਮੌਸਮ ਖ਼ਰਾਬ ਹੋਣ ਦੇ ਬਾਵਜੂਦ ਵੀ ਸੰਗਤ ਦਾ ਠਾਠਾਂ ਮਾਰਦਾ ਇਕੱਠ ਸਾਹਿਬਜ਼ਾਦਿਆਂ ਅਤੇ ਮਾਤਾ ਜੀ ਦੀਆਂ ਲਾਸਾਨੀ ਕੁਰਬਾਨੀਆਂ ਪ੍ਰਤੀ ਸਿੱਖ ਕੌਮ ਦੀ ਸ਼ਰਧਾ ਅਤੇ ਪਿਆਰ ਦਾ ਸਬੂਤ ਦੇ ਰਿਹਾ ਸੀ। ਜਥੇਦਾਰ ਗਿ. ਰਘੁਬੀਰ ਸਿੰਘ ਜੀ ਨੇ ਇਸ ਮੌਕੇ ਸੰਗਤ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਸਦੀਆਂ ਤੋਂ ਸਮੁੱਚਾ ਖਾਲਸਾ ਪੰਥ ਇਸ ਇਤਿਹਾਸਕ ਦਿਹਾੜੇ ਨੂੰ ਮਨਾਉਂਦਾ ਆ ਰਿਹਾ ਹੈ। ਸੰਗਤ ਜਦੋਂ ਨਾਮ ਜਪਦਿਆਂ ਨਗਰ ਕੀਰਤਨ ਨਾਲ ਚੱਲਦੀ ਹੈ ਤਾਂ ਬਹੁਤ ਵੈਰਾਗਮਈ ਮਾਹੌਲ ਇਸ ਸਮੇਂ ਹੁੰਦਾ ਹੈ। ਉਹਨਾਂ ਦੇਸ਼ ਵਿਦੇਸ਼ ‘ਚ ਬੈਠੀ ਸੰਗਤ ਨੂੰ ਅਪੀਲ ਕੀਤੀ ਕਿ ਇਸ ਅਸਥਾਨ ‘ਤੇ ਆ ਕੇ ਸੰਗਤ ਇਹਨਾਂ ਮਹਾਨ ਸ਼ਹੀਦਾਂ ਨੂੰ ਨਮਸਕਾਰ ਕਰੀਏ ਜਿਹਨਾਂ ਨੇ ਆਪ ਸ਼ਹਾਦਤ ਪਾ ਕੇ ਸਾਨੂੰ ਜੀਵਨ ਬਖ਼ਸਿਸ ਕੀਤਾ।

ਨਗਰ ਕੀਰਤਨ ਮੌਕੇ ਖੂਬਸੂਰਤ ਸਜਾਵਟ ਵਾਲੀ ਵੱਡੀ ਪਾਲਕੀ ਸਾਹਿਬ ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਵਨ ਸਰੂਪ ਸੁਸ਼ੋਭਿਤ ਕੀਤਾ ਗਿਆ ਸੀ। ਇਸ ਨਗਰ ਕੀਰਤਨ ‘ਚ ਨਿਹੰਗ ਸਿੰਘਾਂ ਵਲੋਂ ਸ਼ਸਤਰ ਕਲਾ ਦੇ ਜੌਹਰ ਦਿਖਾਏ ਗਏ। ਨਿੱਕੇ ਨਿੱਕੇ ਬੱਚਿਆਂ ਨੇ ਨੀਲੇ ਬਾਣੇ ਸਜਾ ਕੇ ਖਾਲਸਾਈ ਨਿਸ਼ਾਨ ਫੜ ਕੇ ਕੌਮ ਦੀ ਚੜ੍ਹਦੀ ਕਲਾ ਦੇ ਜੈਕਾਰੇ ਗਜਾਏ। ਇਸ ਮੌਕੇ ਸੰਗਤ ਦੀ ਸਹੂਲਤ ਲਈ ਐਸਜੀਪੀਸੀ ਵਲੋਂ ਅਤੇ ਹੋਰ ਅਨੇਕਾਂ ਸਿੱਖ ਸੰਸਥਾਵਾਂ, ਸੇਵਾ ਕਮੇਟੀਆਂ ਵਲੋਂ ਚੰਗੇ ਪ੍ਰਬੰਧ ਕੀਤੇ ਗਏ ਸਨ। ਜਿਸ ਵਿੱਚ ਭੋਜਨ ਦੇ ਲੰਗਰਾਂ ਤੋਂ ਇਲਾਵਾ, ਸਿਹਤ ਸਹੂਲਤਾਂ, ਖੂਨ ਦਾਨ ਕੈਂਪ ਤੇ ਗਿਆਨ ਦੇਣ ਵਾਲੇ ਜਾਣਕਾਰੀ ਭਰਪੂਰ ਲੰਗਰ ਸ਼ਾਮਿਲ ਸਨ। ਵੱਖ- ਵੱਖ ਤਰ੍ਹਾਂ ਦੇ ਗੁਰਮਤਿ ਮੁਕਾਬਲੇ ਵੀ ਸ਼ਹੀਦੀ ਸਭਾ ਮੌਕੇ ਸਿੱਖ ਸੰਗਤਾਂ ਵਲੋਂ ਕਰਵਾਏ ਗਏ ਤੇ ਇਨਾਮ ਵੀ ਵੰਡੇ ਗਏ। ਸ੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ‘ਚ ਵੀ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਗੁਰਮਤਿ ਸਾਹਿਬ ਮੇਲਾ ਲਗਾਇਆ ਗਿਆ ।

ਇਹ ਵੀ ਪੜ੍ਹੋ – ਬੱਸ ਹੋਈ ਹਾਦਸਾਗ੍ਰਸਤ! 5 ਦੇ ਮਰਨ ਦਾ ਖਦਸਾ