International

ਕੈਨੇਡਾ ‘ਚ ਪਈਆਂ ਪੰਥ ਦੀਆਂ ਗੂੰਜਾਂ, ਕੱਢਿਆ ਵਿਸ਼ਾਲ ਨਗਰ ਕੀਰਤਨ

ਕੈਨੇਡਾ ਦੇ ਸ਼ਹਿਰ ਸਰੀ ‘ਚ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਿੱਖ ਸੰਗਤ ਵੱਲੋਂ ਖ਼ਾਲਸਾ ਸਾਜਨਾ ਦਿਵਸ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਪੰਜ ਪਿਆਰਿਆਂ ਦੀ ਅਗਵਾਈ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ-ਛਾਇਆ ਹੇਠ ਇੱਕ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਜਿਸ ਦੀ ਸ਼ੁਰੂਆਤ ਗੁਰਦੁਆਰਾ ਦਸ਼ਮੇਸ਼ ਦੁਆਰ ਸਰੀ ਤੋਂ ਹੋਈ। ਸ਼ਹਿਰ ਦੇ ਵੱਖ-ਵੱਖ ਹਿੱਸਿਆਂ ‘ਚੋਂ ਹੁੰਦਾ ਹੋਇਆ 7-8 ਕਿਲੋਮੀਟਰ ਦੇ ਰਸਤੇ ‘ਚੋਂ ਗੁਜ਼ਰਦਿਆਂ ਵਾਪਸ ਇਸੇ ਗੁਰਦੁਆਰਾ ਸਾਹਿਬ ਵਿਖੇ ਨਗਰ ਕੀਰਤਨ ਦੀ ਸਮਾਪਤੀ ਹੋਈ। ਕੈਨੇਡਾ ਵਿੱਚ ਇਸ ਨੂੰ ਸਿੱਖ ਪਰੇਡ ਦਾ ਨਾਂ ਦਿੱਤਾ ਗਿਆ ਹੈ। ਦ ਖ਼ਾਲਸ ਟੀਵੀ ਦੇ ਐ਼ਡੀਟਰ ਇਨ ਚੀਫ਼ ਹਰਸ਼ਰਨ ਕੌਰ ਇਸ ਸਮੇਂ ਮੌਜੂਦ ਰਹੇ ਜਿਹਨਾਂ ਨੇ ਉੱਥੇ ਹਾਜ਼ਰ ਸੰਗਤ ਨਾਲ ਗੱਲ ਬਾਤ ਕੀਤੀ।

ਨਗਰ ਕੀਰਤਨ ਵਾਲੇ ਰੋਡ ‘ਤੇ ਇਸ ਦੌਰਾਨ ਆਵਾਜਾਈ ਬੰਦ ਰਹਿੰਦੀ ਹੈ ਅਤੇ ਜਿਸ ਦੇ ਲਈ ਗੁਰਦੁਆਰਾ ਪ੍ਰਬੰਧਕਾਂ ਵੱਲੋਂ ਕਰੀਬ 2 ਲੱਖ ਡਾਲਰ ਅਦਾ ਕੀਤੇ ਗਏ ਸਨ ਅਤੇ ਹਰ ਸਾਲ ਇਹ ਰੇਟ ਵਧਦਾ ਹੈ। ਇਸ ਵਿਸ਼ਾਲ ਨਗਰ ਕੀਰਤਨ ‘ਚ ਸੰਗਤ ਦਾ ਠਾਠਾਂ ਮਾਰਦਾ ਇਕੱਠ ਨਜ਼ਰ ਆਇਆ, ਜਿਸ ਵਿੱਚ ਕੈਨੇਡਾ, ਅਮਰੀਕਾ,ਯੂ ਕੇ, ਭਾਰਤ ਸਮੇਤ ਵਿਸ਼ਵ ਦੇ ਵੱਖ ਵੱਖ ਹਿੱਸਿਆਂ ‘ਚੋਂ 10 ਲੱਖ ਦੇ ਕਰੀਬ ਸੰਗਤ ਨੇ ਸ਼ਮੂਲੀਅਤ ਕੀਤੀ।

ਪਿਛਲੇ ਸਾਲ ਇਹ ਗਿਣਤੀ 7 ਲੱਖ ਦੇ ਕਰੀਬ ਸੀ। ਨਗਰ ਕੀਰਤਨ ‘ਚ ਨੀਲੇ ਬਾਣੇ, ਕੇਸਰੀ ਦੁਪੱਟੇ ਅਤੇ ਦਸਤਾਰਾਂ ਜਿੱਥੇ ਸਮੁੱਚੇ ਮਾਹੋਲ ਨੂੰ ਖ਼ਾਲਸਾਈ ਰੰਗ ਵਿੱਚ ਰੰਗ ਰਹੇ ਸੀ ਉੱਥੇ ਸਿੱਖ ਨੌਜਵਾਨਾਂ ਅਤੇ ਬੱਚਿਆਂ ਵੱਲੋਂ ਗਤਕੇ ਦੇ ਜੌਹਰ ਦਿਖਾ ਕੇ ਖ਼ਾਲਸਾਈ ਜਾਹੋ-ਜਲਾਲ ਦਾ ਪ੍ਰਗਟਾਵਾ ਕੀਤਾ ਗਿਆ। ਇਸ ਸਮੇਂ ਬੇਹੱਦ ਖੂਬਸੂਰਤ ਤੇ ਆਲੀਸ਼ਾਨ ਪਾਲਕੀ ਸਾਹਿਬ ਸੰਗਤਾਂ ਨੂੰ ਬਾਗੋ ਬਾਗ ਕਰ ਰਹੀਆਂ ਸਨ ।

ਪੀਟਰ ਬਿਲਟ ਲੋਂਗ ਨੋਜ਼ ਟਰੱਕ ਵਰਗੇ ਆਲੀਸ਼ਾਨ ਵਾਹਨਾਂ ਦੇ ਫਲੋਟ ਇਸ ਪਰੇਡ ਦਾ ਹਿੱਸਾ ਬਣੇ ਜੋ ਕਿ ਸਿੱਖ ਜਥੇਬੰਦੀਆਂ ਦੁਆਰਾ ਤਿਆਰ ਕਰਵਾਏ ਗਏ। ਜਿਹਨਾਂ ਵਿੱਚ ਬੱਬਰ ਅਕਾਲੀ ਲਹਿਰ ਦੇ ਫ਼ਲੋਟ ਤੇ ਨਵੰਬਰ 84 ਦੇ ਸਿੱਖ ਕਤਲੇਆਮ ਦੀ ਯਾਦ ਦਵਾਉਂਦੀਆਂ ਸਿੱਖ ਸ਼ਹੀਦਾਂ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀਆਂ ਤਸਵੀਰਾਂ ਦਿਖਾਈਆਂ ਗਈਆਂ ਅਤੇ ਅਖੰਡ ਕੀਰਤਨੀ ਜਥੇ ਦੀ ਸੰਗਤ ਵੱਲੋਂ ਤਿਆਰ ਫਲੋਟ ਤੇ 1978 ਚ ਸ਼ਹੀਦ ਹੋਏ ਜਥੇ ਦੇ ਸਿੰਘਾਂ ਦੀਆਂ ਤਸਵੀਰਾਂ ਨਜ਼ਰ ਆਈਆਂ।

ਸ਼੍ਰੋਮਣੀ ਅਕਾਲੀ ਦਲ ਮਾਨ ਵੱਲੋਂ ਵੀ ਇਸ ਮੌਕੇ ਸਟੇਜ ਲਾਈ ਗਈ।

ਨਗਰ ਕੀਰਤਨ ਦੀ ਮੇਨ ਸਟੇਜ ਤੇ ਢਾਡੀ ਸਿੰਘਾਂ ਨੇ ਬੀਰ ਰਸੀ ਕਵਿਤਾਵਾਂ ਪੜ੍ਹੀਆਂ ਅਤੇ ਫ਼ਲੋਟਸ ਤੇ ਵੱਖ- ਵੱਖ ਸਿੱਖ ਜਥੇਬੰਦੀਆਂ ਵਲੋਂ ਗੁਰਬਾਣੀ ਕੀਰਤਨ ਨਾਲ ਸੰਗਤ ਨੂੰ ਨਿਹਾਲ ਕੀਤਾ ਗਿਆ। ਦੇਸ਼-ਵਿਦੇਸ਼ ਦੀ ਸੰਗਤ ਵੱਲੋਂ ਲੰਗਰ ਲਾਏ ਗਏ ਅਤੇ ਸਿੱਖ ਏਡ ਅਮਰੀਕਾ ਨੇ ਸਟਾਲ ਲਾ ਕੇ ਸੰਗਤ ਨੂੰ ਸਿਕਲੀਗਰ ਸਿੱਖਾਂ ਦੀ ਮਦਦ ਲਈ ਪ੍ਰੇਰਿਤ ਕੀਤਾ। ਇਸ ਨਗਰ ਕੀਰਤਨ ‘ਚ ਇਲਾਕੇ ਦੇ ਸਿੱਖ ਸਕੂਲਾਂ ਦੇ ਵਿਦਿਆਰਥੀਆਂ ਸਿੱਖੀ ਜ਼ਜਬੇ ਨੂੰ ਪ੍ਰਦਰਸ਼ਿਤ ਕਰਦੇ ਨਜ਼ਰ ਆਏ । ਵੱਖ -ਵੱਖ ਮੀਡੀਆ ਚੈਨਲ ਇਸ ਸਮੇਂ ਕਵਰੇਜ ਕਰ ਰਹੇ ਸਨ। ਵੱਡੀ ਗਿਣਤੀ ਵਿੱਚ ਵਲੰਟੀਅਰ ਸਮੁੱਚੀ ਪਰੇਡ ਨੂੰ ਦਿਸ਼ਾ ਨਿਰਦੇਸ਼ ਦੇ ਰਹੇ ਸਨ । ਕੈਨੇਡਾ ਦੀ ਪੁਲਿਸ ਜਿਸ ਨੂੰ RCPM ਕਿਹਾ ਜਾਂਦਾ ਹੈ, ਸਮੁੱਚੇ ਨਗਰ ਕੀਰਤਨ ਦੌਰਾਨ ਮੌਜੂਦ ਰਹੀ। ਇਸ ਤਰ੍ਹਾਂ ਹਰ ਸਾਲ ਦੀ ਤਰ੍ਹਾਂ ਇਹ ਵਿਸ਼ਾਲ ਨਗਰ ਕੀਰਤਨ ਪੂਰੀ ਸ਼ਾਂਤੀ ਤੇ ਸ਼ਾਨੋ ਸ਼ੌਕਤ ਨਾਲ ਸੰਪੰਨ ਹੋਇਆ।