ਬਿਊਰੋ ਰਿਪੋਰਟ (ਅੰਮ੍ਰਿਤਸਰ): ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਹਰ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਸਬੰਧੀ ਸਮਾਗਮਾਂ ਦੀ ਤਫ਼ਸੀਲ ਜਾਰੀ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਗੁਰੂ ਸਾਹਿਬ ਦੀ ਚਰਨਛੋਹ ਪਾਵਨ ਅਸਥਾਨ ਗੁਰਦੁਆਰਾ ਧੋਬੜੀ ਸਾਹਿਬ ਆਸਾਮ ਤੋਂ ਵਿਸ਼ਾਲ ਕੌਮੀ ਨਗਰ ਕੀਰਤਨ 21 ਅਗਸਤ ਨੂੰ ਆਰੰਭ ਹੋਵੇਗਾ। ਐਡਵੋਕੇਟ ਧਾਮੀ ਨੇ ਮੀਡੀਆ ਨੂੰ ਦੱਸਿਆ ਕਿ ਇਹ ਸ਼ਹੀਦੀ ਨਗਰ ਕੀਰਤਨ “ਧਰਮ ਹੇਤ ਸਾਕਾ ਜਿਨਿ ਕੀਆ” ਦੇ ਸਿਰਲੇਖ ਹੇਠ ਭਾਰਤ ਦੇ 20 ਸੂਬਿਆਂ ਵਿਚ ਦੀ ਹੁੰਦਾ ਹੋਇਆ 23 ਨਵੰਬਰ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਸੰਪੰਨ ਹੋਵੇਗਾ।
ਐਡਵੋਕੇਟ ਧਾਮੀ ਨੇ ਦੱਸਿਆ ਕਿ 350 ਸਾਲਾ ਸ਼ਹੀਦੀ ਸ਼ਤਾਬਦੀ ਸ਼੍ਰੋਮਣੀ ਕਮੇਟੀ ਵੱਲੋਂ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਖ਼ਾਲਸਾਈ ਪ੍ਰੰਪਰਾਵਾਂ ਅਨੁਸਾਰ ਮਨਾਈ ਜਾ ਰਹੀ ਹੈ। ਇਸ ਸਬੰਧ ਵਿਚ ਜਿੱਥੇ ਦੇਸ਼ ਭਰ ਅੰਦਰ ਵੱਡੇ ਸ਼ਹਿਰਾਂ ਵਿਚ ਗੁਰਮਤਿ ਸਮਾਗਮ ਕੀਤੇ ਜਾਣਗੇ, ਉਥੇ ਹੀ ਵਿਸ਼ੇਸ਼ ਤੌਰ ’ਤੇ ਸ਼ਹੀਦੀ ਨਗਰ ਕੀਰਤਨ ਵੀ ਸਜਾਏ ਜਾ ਰਹੇ ਹਨ। ਇਸ ਤਹਿਤ ਪਹਿਲਾ ਨਗਰ ਕੀਰਤਨ 21 ਅਗਸਤ ਨੂੰ ਗੁਰਦੁਆਰਾ ਧੋਬੜੀ ਸਾਹਿਬ ਆਸਾਮ ਤੋਂ ਆਰੰਭ ਹੋਵੇਗਾ। ਪਹਿਲੇ 10 ਦਿਨ ਦੇ ਵੇਰਵੇ ਸਾਂਝੇ ਕਰਦਿਆਂ ਐਡਵੋਕੇਟ ਧਾਮੀ ਨੇ ਦੱਸਿਆ ਕਿ ਇਹ ਨਗਰ ਕੀਰਤਨ 21 ਅਗਸਤ ਨੂੰ ਗੁਰਦੁਆਰਾ ਧੋਬੜੀ ਸਾਹਿਬ ਤੋਂ ਚੱਲ ਕੇ ਗੁਰਦੁਆਰਾ ਸਿੰਘ ਸਭਾ ਸਿਲੀਗੁੜੀ ਪਹੁੰਚੇਗਾ। 22 ਅਗਸਤ ਨੂੰ ਸਿਲੀਗੁੜੀ ਤੋਂ ਮਾਲਦਾ, 23 ਅਗਸਤ ਨੂੰ ਮਾਲਦਾ ਤੋਂ ਕਲਕੱਤਾ ਪੁੱਜੇਗਾ। ਕਲਕੱਤਾ ਵਿਖੇ ਦੋ ਦਿਨ ਵੱਖ-ਵੱਖ ਇਲਾਕਿਆਂ ਵਿਚ ਨਗਰ ਕੀਰਤਨ ਸਜਾਇਆ ਜਾਵੇਗਾ, ਜਿਥੋਂ 25 ਅਗਸਤ ਨੂੰ ਗੁਰਦੁਆਰਾ ਗੁਰੂ ਨਾਨਕ ਆਸਨਸੋਲ ਬੰਗਾਲ ਪਹੁੰਚੇਗਾ।
ਇਸੇ ਤਰ੍ਹਾਂ 26 ਅਗਸਤ ਨੂੰ ਆਸਨਸੋਲ ਤੋਂ ਚੱਲ ਕੇ ਜਮਸ਼ੇਦਪੁਰ ਟਾਟਾ ਨਗਰ, 27 ਨੂੰ ਜਮਸ਼ੇਦਪੁਰ ਤੋਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਰਾਂਚੀ ਝਾਰਖੰਡ, 28 ਅਗਸਤ ਨੂੰ ਰਾਂਚੀ ਤੋਂ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਬਿਹਾਰ ਵਿਖੇ ਪੁੱਜੇਗਾ। 29 ਅਗਸਤ ਨੂੰ ਤਖ਼ਤ ਸ੍ਰੀ ਪਟਨਾ ਸਾਹਿਬ ਤੋਂ ਸਾਸਾਰਾਮ, 30 ਅਗਸਤ ਨੂੰ ਸਾਸਾਰਾਮ ਤੋਂ ਬਨਾਰਸ ਯੂਪੀ ਅਤੇ 31 ਅਗਸਤ ਬਨਾਰਸ ਤੋਂ ਅਗਲੇ ਪੜਾਅ ਲਈ ਰਵਾਨਾ ਹੋਵੇਗਾ। ਇਸੇ ਤਰ੍ਹਾਂ ਇਹ ਨਗਰ ਕੀਰਤਨ ਕਰੀਬ ਤਿੰਨ ਮਹੀਨੇ ਪੜਾਅ-ਦਰ-ਪੜਾਅ ਚੱਲਦਾ ਹੋਇਆ ਸ੍ਰੀ ਅਨੰਦਪੁਰ ਸਾਹਿਬ ਵਿਖੇ ਪਹੁੰਚੇਗਾ।
ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਦੂਜਾ ਨਗਰ ਕੀਰਤਨ ਗੁਰਦੁਆਰਾ ਸ੍ਰੀ ਮਟਨ ਸਾਹਿਬ ਜੰਮੂ ਕਸ਼ਮੀਰ ਤੋਂ 5 ਅਕਤੂਬਰ ਨੂੰ ਸਜਾਇਆ ਜਾਵੇਗਾ, ਜੋ ਵੱਖ-ਵੱਖ ਅਸਥਾਨਾਂ ਤੋਂ ਹੁੰਦਾ ਹੋਇਆ ਸ੍ਰੀ ਅਨੰਦਪੁਰ ਸਾਹਿਬ ਵਿਖੇ ਸੰਪੂਰਨ ਹੋਵੇਗਾ। ਤੀਜਾ ਨਗਰ ਕੀਰਤਨ 25 ਨਵੰਬਰ ਨੂੰ ਗੁਰਦੁਆਰਾ ਸੀਸਗੰਜ ਸਾਹਿਬ ਦਿੱਲੀ ਤੋਂ ਆਰੰਭ ਹੋਵੇਗਾ, ਜੋ 29 ਮਾਰਚ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਸੰਪੰਨ ਹੋਵੇਗਾ।
ਉਨ੍ਹਾਂ ਹੋਰ ਸਮਾਗਮਾਂ ਸਬੰਧੀ ਦੱਸਿਆ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਗੁਰਤਾਗੱਦੀ ਦਿਵਸ ਮੌਕੇ 23 ਨਵੰਬਰ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਗੁਰਮਤਿ ਸਮਾਗਮ ਹੋਣਗੇ। ਇਸ ਤੋਂ ਇਲਾਵਾ ਨੌਵੇਂ ਪਾਤਸ਼ਾਹ ਦੀ ਸ਼ਹੀਦੀ ਸ਼ਤਾਬਦੀ ਨੂੰ ਸਬੰਧੀ 24 ਨਵੰਬਰ ਨੂੰ ਸਕੂਲਾਂ ਕਾਲਜਾਂ ਦੇ ਵਿਦਿਆਰਥੀਆਂ ਦਾ ਗੁਰਮਤਿ ਸਮਾਗਮ ਹੋਵੇਗਾ ਅਤੇ 25 ਨਵੰਬਰ ਨੂੰ ਸ਼ਹੀਦੀ ਸ਼ਤਾਬਦੀ ਦਾ ਮੁੱਖ ਸਮਾਗਮ ਗੁਰਦੁਆਰਾ ਸੀਸਗੰਜ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਕੀਤਾ ਜਾਵੇਗਾ। 26 ਨਵੰਬਰ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਭਾਈ ਲੱਖੀ ਸ਼ਾਹ ਵਣਜਾਰਾ ਦੀ ਯਾਦ ਵਿਚ ਮਹਾਨ ਗੁਰਮਤਿ ਸਮਾਗਮ ਹੋਵੇਗਾ।
27 ਨਵੰਬਰ ਨੂੰ ਸ਼ਤਾਬਦੀ ਨੂੰ ਸਮਰਪਿਤ ਇਕ ਵੱਡਾ ਕਵੀ ਦਰਬਾਰ ਕਰਵਾਇਆ ਜਾਵੇਗਾ ਅਤੇ 28 ਨਵੰਬਰ ਨੂੰ ਵੀ ਗੁਰਮਤਿ ਸਮਾਗਮ ਜਾਰੀ ਰਹਿਣਗੇ। ਉਨ੍ਹਾਂ ਦੱਸਿਆ ਕਿ 29 ਨਵੰਬਰ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸੀਸ ਸਸਕਾਰ ਦੇ ਰੂਪ ਵਿਚ ਵੱਡਾ ਗੁਰਮਤਿ ਸਮਾਗਮ ਹੋਵੇਗਾ। ਇਸ ਤੋਂ ਇਲਾਵਾ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਵੀ ਵੱਡੇ ਗੁਰਮਤਿ ਸਮਾਗਮ ਸਜਾਏ ਜਾਣਗੇ, ਜਿਸ ਤਹਿਤ 14 ਸਤੰਬਰ ਨੂੰ ਕਲਕੱਤਾ ਵਿਖੇ ਵਿਸ਼ਾਲ ਗੁਰਮਤਿ ਸਮਾਗਮ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਾਰੇ ਸ਼ਤਾਬਦੀ ਸਮਾਗਮਾਂ ਲਈ ਦੇਸ਼ ਦੀਆਂ ਵੱਖ-ਵੱਖ ਸ਼ਖ਼ਸੀਅਤਾਂ ਨੂੰ ਸੱਦਾ ਦਿੱਤਾ ਜਾਵੇਗਾ ਅਤੇ ਵੱਖ-ਵੱਖ ਧਰਮਾਂ ਦੇ ਆਗੂ ਵੀ ਬੁਲਾਏ ਜਾਣਗੇ।
ਦਿੱਲੀ ਕਮੇਟੀ ਦੇ ਪ੍ਰਧਾਨ ਸ. ਹਰਮੀਤ ਸਿੰਘ ਕਾਲਕਾ ਵੱਲੋਂ ਸ਼੍ਰੋਮਣੀ ਕਮੇਟੀ ਅਗਵਾਈ ਵਿਚ ਦਿੱਲੀ ਵਿਖੇ ਸ਼ਹੀਦੀ ਸ਼ਤਾਬਦੀ ਦੇ ਸਮਾਗਮ ਕਰਨ ਲਈ ਕੀਤੀ ਪੇਸ਼ਕਸ਼ ਦੇ ਸਬੰਧ ਵਿਚ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਸ. ਕਾਲਕਾ ਨੂੰ ਸਵਾਲ ਕੀਤਾ ਕਿ ਉਨ੍ਹਾਂ ਦੀ ਇਹ ਪੇਸ਼ਕਸ਼ ਕੇਵਲ ਇਕ ਚਿੱਠੀ ਤੱਕ ਹੀ ਸੀਮਤ ਸੀ, ਜਦਕਿ ਉਹ ਆਪਣੇ ਤੌਰ ’ਤੇ ਸਮਾਗਮ ਉਲੀਕ ਕੇ ਵੱਖ-ਵੱਖ ਜਥੇਬੰਦੀਆਂ ਨਾਲ ਮੀਟਿੰਗਾਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਦਿੱਲੀ ਕਮੇਟੀ ਪ੍ਰਧਾਨ ਨੂੰ ਕਾਹਲੀ ਵਿਚ ਆਪਣੇ ਪ੍ਰੋਗਰਾਮ ਐਲਾਨ ਨਹੀਂ ਕਰਨੇ ਚਾਹੀਦੇ, ਸਗੋਂ ਸ਼੍ਰੋਮਣੀ ਕਮੇਟੀ ਨਾਲ ਮਿਲ ਬੈਠਣਾ ਚਾਹੀਦਾ ਸੀ।
ਇਕ ਸਵਾਲ ਦੇ ਜਵਾਬ ਵਿਚ ਐਡਵੋਕੇਟ ਧਾਮੀ ਨੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਖੋਹਣ ਦੇ ਬਿਆਨ ਦੀ ਕਰੜੀ ਆਲੋਚਨਾ ਕਰਦਿਆਂ ਕਿਹਾ ਕਿ ਇਹ ਸਿੱਖ ਸੰਸਥਾ ਦੇ ਮਾਣ-ਮਰਯਾਦਾ ਅਤੇ ਇਹਿਤਾਸ ਨੂੰ ਖੰਡਤ ਕਰਨ ਵਾਲੀ ਗੱਲ ਹੈ। ਸ਼੍ਰੋਮਣੀ ਕਮੇਟੀ ਕੌਮ ਦੀ ਉਹ ਸੰਸਥਾ ਹੈ, ਜਿਸ ਲਈ ਸੰਗਤ ਵੱਲੋਂ ਦਿੱਤੀ ਅਗਵਾਈ ਨਾਲ ਹੀ ਸੇਵਾ ਨਿਭਾਈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਸਿੱਖ ਸੰਸਥਾ ਨੂੰ ਹਥਿਆਉਣ ਦੀਆਂ ਗੱਲਾਂ ਉਸ ਦੀ ਮਨਸ਼ਾ ਨੂੰ ਸਿੱਧ ਕਰਦੀਆਂ ਹਨ ਕਿ ਉਹ ਕਿਸੇ ਦੇ ਚਲਾਏ ਚਲ ਰਹੇ ਹਨ। ਐਡਵੋਕੇਟ ਧਾਮੀ ਨੇ ਕਿਹਾ ਕਿ ਸੰਵਿਧਾਨਕ ਤੌਰ ’ਤੇ ਚੋਣਾਂ ਜਿੱਤ ਕੇ ਕੋਈ ਵੀ ਇਸ ਸੰਸਥਾ ਦੀ ਸੇਵਾ ਕਰ ਸਕਦਾ ਹੈ, ਪਰ ਗ਼ੈਰ ਇਖ਼ਲਾਕੀ ਗੱਲਾਂ ਠੀਕ ਨਹੀਂ ਹਨ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਥ ਦੀ ਵਾਹਦ ਉਹ ਜਮਾਤ ਹੈ, ਜੋ ਕੇਵਲ ਇਕ ਹੀ ਹੈ ਅਤੇ ਇਹ ਜਿਸ ਪਾਸ ਨਿਸ਼ਾਨ ਹੈ, ਉਹ ਹੀ ਇਸ ਦਾ ਅਸਲ ਵਾਰਸ ਹੈ। ਉਨ੍ਹਾਂ ਕਿਹਾ ਕਿ ਇਸ ਪੰਥ ਦੀ ਜਮਾਤ ਨੂੰ ਠਾਹ ਲਗਾਉਣ ਦੇ ਰਾਹ ਨਹੀਂ ਚੱਲਣਾ ਚਾਹੀਦਾ, ਸਗੋਂ ਇਕਜੁਟਤਾ ਵੱਲ ਵਧਣਾ ਚਾਹੀਦਾ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਅੱਜ ਕੌਮ ਨੂੰ ਬਹੁਤ ਚੁਣੌਤੀਆਂ ਹਨ, ਜਿਸ ਪ੍ਰਤੀ ਸੰਜੀਦਾ ਹੋਣਾ ਚਾਹੀਦਾ ਹੈ ਅਤੇ ਕੌਮ ਦੀਆਂ ਜਥੇਬੰਦੀਆਂ ਅਤੇ ਸੰਸਥਾਵਾਂ ਨੂੰ ਹਥਿਆਉਣ ਵਰਗੇ ਬਿਆਨ ਦੇ ਕੇ ਕੌਮ ਅੰਦਰ ਦੁਬਿਧਾ ਪੈਦਾ ਨਹੀਂ ਕਰਨੀ ਚਾਹੀਦੀ।
ਇਸ ਮੌਕੇ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਨੌਵੇਂ ਪਾਤਸ਼ਾਹ ਜੀ ਦਾ ਜੀਵਨ ਅਤੇ ਉਨ੍ਹਾਂ ਦੀ ਦੇਣ ਸਬੰਧੀ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਵਿਚ ਕਿਤਾਬਚੇ ਵੀ ਜਾਰੀ ਕੀਤੇ ਗਏ। ਐਡਵੋਕੇਟ ਧਾਮੀ ਨੇ ਇਹ ਵੀ ਕਿਹਾ ਕਿ ਇਹ ਹੋਰਨਾਂ ਭਾਸ਼ਾਵਾਂ ਵਿਚ ਵੀ ਉਲਥਾ ਕੇ ਛਾਪੇ ਜਾਣਗੇ।