ਬਿਉਰੋ ਰਿਪੋਰਟ : ਪੰਜਾਬ ਵਿੱਚ ਇੱਕ ਜਿੰਮ ਕਰਨ ਵਾਲੇ ਨੌਜਵਾਨ ਨੇ ਦੂਜੇ ਸਾਥੀ ਦਾ ਸਿਰਫ ਇਸ ਲਈ ਕਤਲ ਕਰ ਦਿੱਤਾ ਕਿਉਂਕਿ ਉਸ ਦੀ ਬਾਡੀ ਚੰਗੀ ਬਣ ਗਈ ਸੀ । ਨੌਜਵਾਨ ਉਸ ਦੀ ਚੰਗੀ ਬਾਡੀ ਤੋਂ ਚਿੜ ਦਾ ਸੀ । ਜਿਸ ਤੋਂ ਬਾਅਦ ਜਿੰਮ ਵਿੱਚ ਆਉਣ ਵਾਲੇ ਕੁਝ ਨੌਜਵਾਨਾਂ ਨੇ ਉਸ ਨੁੰ ਫੜ ਕੇ ਘੇਰਿਆ । 10 ਦਿਨ ਬਾਅਦ ਉਸ ਦੀ ਮੌਤ ਹੋ ਗਈ ਹੈ ।
ਮ੍ਰਿਤਕ ਦੀ ਪਛਾਣ ਨਾਭਾ ਦੀ ਜੈਮਲ ਕਾਲੌਨੀ ਦੇ ਹਰਪ੍ਰੀਤ ਸਿੰਘ ਦੇ ਰੂਪ ਵਿੱਚ ਹੋਈ ਹੈ । ਪੁਲਿਸ ਨੇ ਇਸ ਕੇਸ ਵਿੱਚ 4 ਮੁਲਜ਼ਮਾਂ ਖਿਲਾਫ ਕੁੱਟਮਾਰ ਦਾ ਮਾਮਲਾ ਦਰਜ ਕੀਤਾ ਸੀ ਪਰ ਹੁਣ ਇਸ ਵਿੱਚ ਕਤਲ ਦੀਆਂ ਧਾਰਾਵਾਂ ਵੀ ਜੋੜ ਦਿੱਤੀਆਂ ਗਈਆਂ ਹਨ । ਹਮਲੇ ਤੋਂ ਬਾਅਦ ਹਰਪ੍ਰੀਤ ਨੂੰ 42 ਟਾਂਕੇ ਲੱਗੇ ਸਨ ਅਤੇ ਉਹ ਕੋਮਾ ਵਿੱਚ ਚੱਲਾ ਗਿਆ ਸੀ ।
ਮਾਂ ਨੇ ਪੂਰੀ ਘਟਨਾ ਦੇ ਬਾਰੇ ਦੱਸਿਆ
ਸ਼ਿਕਾਇਤਕਰਤਾ ਸੁਰਜੀਤ ਕੌਰ ਜੈਮਲ ਸਿੰਘ ਕਾਲੌਨੀ ਵਿੱਚ ਰਹਿੰਦੀ ਹੈ । ਉਸ ਨੇ ਦੱਸਿਆ ਕਿ ਮੇਰਾ ਪੁੱਤਰ ਹਰਪ੍ਰੀਤ ਕਈ ਸਾਲਾਂ ਤੋਂ ਜਿੰਮ ਜਾਂਦਾ ਸੀ । ਇਸੇ ਵਜ੍ਹਾ ਕਰਕੇ ਉਸ ਦੀ ਬਾਡੀ ਚੰਗੀ ਬਣ ਗਈ ਸੀ । ਜਿੰਮ ਜਾਣ ਵਾਲੇ ਲੋਕ ਉਸ ਤੋਂ ਟ੍ਰੇਨਿੰਗ ਵੀ ਲੈਂਦੇ ਸਨ ਉਸ ਤੋਂ ਅਕਸਰ ਡਾਇਟ ਦੇ ਬਾਰੇ ਪੁੱਛ ਦੇ ਸਨ ।
ਮਾਂ ਨੇ ਦੱਸਿਆ ਬਲਵਿੰਦਰ ਸਿੰਘ ਵੀ ਉਸ ਜਿੰਮ ਵਿੱਚ ਆਉਂਦਾ ਸੀ । ਉਹ ਹਰਪ੍ਰੀਤ ਦੀ ਬਾਡੀ ਵੇਖ ਕੇ ਜਲਨ ਮਹਿਸੂਸ ਕਰਦਾ ਸੀ । ਇਸੇ ਰੰਜਿਸ਼ ਵਿੱਚ ਮੁਲਜ਼ਮ ਨੇ ਆਪਣੇ ਸਾਥੀਆਂ ਦੇ ਨਾਲ ਮਿਲ ਕੇ 10 ਫਰਵਰੀ ਦੀ ਸ਼ਾਮ 7 ਵਜੇ ਹਰਪ੍ਰੀਤ ‘ਤੇ ਹਮਲਾ ਕਰ ਦਿੱਤਾ ਸੀ । ਬਲਵਿੰਦਰ ਨੇ ਜਾਨ ਤੋਂ ਮਾਰਨ ਦੀ ਨੀਅਤ ਨਾਲ ਉਸ ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ ।