International

ਮਿਆਂਮਾਰ ਨਰਸੰਹਾਰ : ਰੋਹਿੰਗਿਆ ਭਾਈਚਾਰੇ ਨੇ ਫੇਸਬੁੱਕ ’ਤੇ ਕੀਤਾ ਮੁਕੱਦਮਾ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):- ਫੇਸਬੁੱਕ ਦੇ ਲਈ ਮੁਸ਼ਕਲਾਂ ਖਤਮ ਹੋਣ ਦਾ ਨਾਂ ਨਹੀਂ ਲੈ ਰਹੀਆਂ। ਰੋਹਿੰਗਿਆ ਭਾਈਚਾਰੇ ਦੇ ਸੰਗਠਨਾਂ ਨੇ ਅਮਰੀਕਾ ਅਤੇ ਬਰਤਾਨੀਆ ਵਿਚ ਕੰਪਨੀ ’ਤੇ ਕੁਝ ਕੇਸ ਪਾਏ ਹਨ। ਇਸ ਵਿਚ ਫੇਸਬੁੱਕ ਨੂੰ ਮਿਆਂਮਾਰ ਵਿਚ ਰੋਹਿੰਗਿਆ ਭਾਈਚਾਰੇ ਦੇ ਨਰਸੰਹਾਰ ਦੇ ਲਈ ਜ਼ਿੰਮੇਵਾਰ ਦੱਸਿਆ ਗਿਆ ਹੈ। ਦੋਸ਼ ਵਿਚ ਕਿਹਾ ਗਿਆ ਹੈ ਕਿ ਫੇਸਬੁੱਕ ਦੀ ਲਾਪਰਵਾਹੀ ਦੇ ਕਾਰਨ ਹੀ ਰੋਹਿੰਗਿਆ ਭਾਈਚਾਰੇ ਦਾ ਨਰਸੰਹਾਰ ਮੁਮਕਿਨ ਹੋਇਆ, ਕਿਉਂਕਿ ਸੋਸ਼ਲ ਮੀਡੀਆ ਨੈਟਵਰਕ ਦੀ ਐਲਗੋਰਿਦਮ ਨੇ ਘਟਨਾਵਾਂ ਦੇ ਦੌਰਾਨ ਨਫਰਤੀ ਭਾਸ਼ਣਾਂ ਨੂੰ ਕਾਫੀ ਵਧਾ ਚੜ੍ਹਾ ਕੇ ਪੇਸ਼ ਕੀਤਾ।

ਦੱਸਿਆ ਗਿਆ ਹੈ ਕਿ ਫੇਸਬੁੱਕ ’ਤੇ ਦੋਵੇਂ ਦੇਸ਼ਾਂ ਵਿਚ 150 ਅਰਬ ਡਾਲਰ ਯਾਨੀ ਕਰੀਬ 11 ਲੱਖ 30 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦੇ ਮੁਆਵਜ਼ੇ ਦੀ ਮੰਗ ਦੇ ਨਾਲ ਕੇਸ ਦਰਜ ਕੀਤੇ ਗਏ ਹਨ। ਅਮਰੀਕਾ ਦੇ ਸਾਨ ਫਰਾਂਸਿਸਕੋ ਵਿਚ ਦਰਜ ਸ਼ਿਕਾਇਤ ਵਿਚ ਦੋਸ਼ ਲਾਇਆ ਗਿਆ ਕਿ ਫੇਸਬੁੱਕ ਦੱਖਣੀ ਏਸ਼ੀਆ ਦੇ ਇੱਕ ਛੋਟੇ ਜਿਹੇ ਦੇਸ਼ ਦੇ ਬਾਜ਼ਾਰ ਵਿਚ ਬਿਹਤਰ ਤਰੀਕੇ ਨਾਲ ਪਕੜ ਬਣਾਉਣ ਦੇ ਲਈ ਜਾਣ ਬੁੱਝ ਕੇ ਰੋਹਿੰਗਿਆ ਭਾਈਚਾਰੇ ਦੀ ਜਾਨ ਦਾ ਸੌਦਾ ਕਰਨ ਦੇ ਲਈ ਤਿਆਰ ਸੀ।

ਸ਼ਿਕਾਇਤ ਵਿਚ ਅੱਗੇ ਕਿਹਾ ਗਿਆ ਕਿ ਆਖਰ ਵਿਚ ਮਿਆਂਮਾਰ ਵਿਚ ਫੇਸਬੁੱਕ ਦੇ ਕੋਲ ਹਾਸਲ ਕਰਨ ਦੇ ਲਈ ਸਮਾਂ ਘੱਟ ਸੀ, ਲੇਕਿਨ ਰੋਹਿੰਗਿਆ ਭਾਈਚਾਰੇ ’ਤੇ ਇਸ ਦੇ ਨਤੀਜੇ ਇਸ ਤੋਂ ਭਿਆਨਕ ਨਹੀਂ ਹੋ ਸਕਦੇ ਸੀ। ਇਸ ਦੇ ਬਾਵਜੁਦ ਫੇਸਬੁੱਕ ਨੇ ਜ਼ਰੂਰੀ ਸਾਧਨ ਹੋਣ ਦੇ ਬਾਵਜੂਦ ਗਲਤ ਬਿਆਨੀ ਰੋਕਣ ਦੇ ਲਈ ਕੋਈ ਕਦਮ ਨਹੀਂ ਚੁੱਕਿਆ, ਬਲਕਿ ਪਹਿਲਾਂ ਦੇ ਢਰਰੇ ’ਤੇ ਹੀ ਅੱਗੇ ਵਧਦਾ ਰਿਹਾ।

ਬਰਤਾਨੀਆ ਵਿਚ ਵਕੀਲਾਂ ਵਲੋਂ ਫੇਸਬੁੱਕ ਨੂੰ ਜੋ ਚਿੱਠੀ ਭੇਜੀ ਗਈ ਹੈ, ਉਸ ਵਿਚ ਸਾਫ ਕਿਹਾ ਗਿਆ ਹੈ ਕਿ ਉਨ੍ਹਾਂ ਦੇ ਮੁਵਕਿਲ ਅਤੇ ਉਨ੍ਹਾਂ ਦੇ ਰੋਹਿੰਗਿਆਵਾਂ ਦੇ ਪਰਵਾਰਾਂ ਨੂੰ ਮਿਆਂਮਾਰ ਦੇ ਨਾਗਰਿਕ ਕੱਟੜਪੰਥੀ ਅਤੇ ਸੱਤਾ ਪੱਖ ਦੇ ਮੁਹਿੰਮ ਦੇ ਕਾਰਨ ਗੰਭੀਰ ਹਿੰਸਾ, ਹੱਤਿਆ ਅਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਸਾਹਮਣਾ ਕਰਨਾ ਪਿਆ ਹੈ।

ਸ਼ਿਕਾਇਤ ਵਿਚ ਅੱਗੇ ਕਿਹਾ ਗਿਆ ਹੈ ਕਿ ਇਹ ਸੋਸ਼ਲ ਮੀਡੀਆ ਪਲੇਟਫਾਰਮ ਜੋ ਕਿ ਮਿਆਂਮਾਰ ਵਿਚ 2011 ਵਿਚ ਲੌਂਚ ਹੋਇਆ ਅਤੇ ਬਾਅਦ ਵਿਚ ਦੇਸ਼ ਪੱਧਰੀ ਬਣ ਗਿਆ, ਇਸ ਨੇ ਰੋਹਿੰਗਿਆ ਦੇ ਖ਼ਿਲਾਫ਼ ਚਲਾਈ ਮੁਹਿੰਮ ਵਿਚ ਇੱਕ ਤਰ੍ਹਾਂ ਦੀ ਮਦਦ ਕੀਤੀ। ਬਰਤਾਨੀਆ ਦੇ ਵਕੀਲ ਜਲਦ ਹੀ ਇਸ ਮਾਮਲੇ ਵਿਚ ਹਾਈ ਕੋਰਟ ਵਿਚ ਕੇਸ ਦਾਖਲ ਕਰਨ ਵਾਲੇ ਹਨ ਅਤੇ ਉਹ ਬੰਗਲਾਦੇਸ਼ ਦੇ ਰਫਿਊਜੀ ਕੈਂਪਾਂ ਵਿਚ ਰਹਿ ਰਹੇ ਰੋਹਿੰਗਿਆਵਾਂ ਦਾ ਪੱਖ ਰੱਖਣਗੇ।