: ਦਸਵੀਂ ਪਾਤਸ਼ਾਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਇਤਰਾਜ਼ਯੋਗ ਸ਼ਬਦਾਵਲੀ ਵਰਤਣ ਵਾਲੇ ਗੀਤਕਾਰ ਮੱਟ ਸ਼ੇਰੋਵਾਲਾ ਨੇ ਹੁਣ ਕੰਨ ਫੜ ਕੇ ਮੁਆਫੀ ਮੰਗ ਲਈ ਹੈ। ਮੱਟ ਸ਼ੇਰੋਵਾਲਾ ਨੇ ਕਿਹਾ ਕਿ ਉਸ ਕੋਲੋਂ ਜਿਹੜੀ ਭੁੱਲ੍ਹ ਹੋਈ ਹੈ, ਇਸ ਲਈ ਉਹ ਸਮੁੱਚੇ ਖਾਲਸਾ ਪੰਥ ਤੋਂ ਮੁਆਫੀ ਮੰਗਦਾ ਹੈ, ਉਹ ਭਵਿੱਖ ਵਿਚ ਅਜਿਹੀ ਭੁੱਲ੍ਹ ਨਹੀਂ ਕਰੇਗਾ। ਇਸ ਦੌਰਾਨ ਗੁਰਦੁਆਰਾ ਪਾਤਸ਼ਾਹੀ ਨੌਵੀਂ ਵਿਖੇ ਪਹੁੰਚੇ ਸਿੰਘਾਂ ਨੇ ਕਿਹਾ ਕਿ ਮੱਟ ਸ਼ੇਰੋਵਾਲਾ ਨੇ ਆਪਣੀ ਭੁੱਲ ਬਖਸ਼ਾ ਲਈ ਹੈ, ਲਿਹਾਜ਼ਾ ਹੁਣ ਕੋਈ ਵੀ ਉਸ ਨੂੰ ਫੋਨ ਕਰਕੇ ਮੰਦਾ-ਚੰਗਾ ਨਾ ਬੋਲੇ ਅਤੇ ਉਸ ਦੀਆਂ ਤਸਵੀਰਾਂ ਜਾਂ ਵੀਡੀਓ ਐਡਿਟ ਕਰਕੇ ਸੋਸ਼ਲ ਮੀਡੀਆ ‘ਤੇ ਵਾਇਰਲ ਨਾ ਕਰੇ।
ਮੱਟ ਨੇ ਕਿਹਾ ਕਿ ਉਸ ਤੋਂ ਬਹੁਤ ਵੱਡੀ ਭੁੱਲ ਹੋ ਗਈ ਹੈ ਜਿਸ ਕਰਕੇ ਉਹ ਅੱਜ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਇਸ ਅਸਥਾਨ ‘ਤੇ ਨਤਮਸਤਕ ਹੋ ਕੇ ਆਪਣੀ ਭੁੱਲ ਸਬੰਧੀ ਪਸ਼ਚਾਤਾਪ ਕਰਨ ਆਏ ਹਨ। ਇਸ ਮੌਕੇ ਬਾਬਾ ਅਮਰਜੀਤ ਸਿੰਘ ਜਥਾ ਦਮਦਮੀ ਟਕਸਾਲ ਨੇ ਦੱਸਿਆ ਕਿ ਮੱਟ ਸ਼ੇਰੋਂ ਵਾਲਾ ਵੱਲੋਂ ਪਿਛਲੇ ਦਿਨੀ ਚਮਤਕਾਰ ਨਾਂ ਦੀ ਪੋਸਟ ਸੋਸ਼ਲ ਮੀਡੀਆ ‘ਤੇ ਪਾਈ ਸੀ ਜਿਸ ਤੋਂ ਬਾਅਦ ਸਿੱਖ ਪੰਥ ‘ਚ ਕਾਫੀ ਰੋਸ ਪੈਦਾ ਹੋ ਗਿਆ।
ਉਨ੍ਹਾਂ ਦਾ ਜਥਾ ਮੱਟ ਸ਼ੇਰੋਂ ਵਾਲਾ ਦੇ ਘਰ ਵੀ ਗਿਆ ਸੀ ਜਿੱਥੇ ਉਹ ਨਹੀਂ ਮਿਲੇ। ਇਸ ਤੋਂ ਬਾਅਦ ਪਿੰਡ ਦੀ ਪੰਚਾਇਤ ਤੇ ਹੋਰ ਪਤਵੰਤਿਆਂ ਵੱਲੋਂ ਇਸ ਮਸਲੇ ਨੂੰ ਹੱਲ ਕਰਨ ਲਈ ਪਹਿਲ ਕੀਤੀ ਗਈ। ਅੱਜ ਮੱਟ ਸ਼ੇਰੋਂ ਵਾਲਾ ਸਮੇਤ ਪਰਿਵਾਰ ਗੁਰਦੁਆਰਾ ਪਾਤਸ਼ਾਹੀ ਨੌਵੀਂ ਕਣਕਵਾਲ ਭੰਗੂਆਂ ਗੁਰਮਤਿ ਵਿਦਿਆਲਿਆ ਵਿਖੇ ਪਹੁੰਚੇ ਜਿੱਥੇ ਕਿ ਉਨ੍ਹਾਂ ਵੱਲੋਂ ਪੋਸਟ ਨੂੰ ਲੈ ਕੇ ਸਮੁੱਚੇ ਸਿੱਖ ਪੰਥ ਤੋਂ ਮਾਫ਼ੀ ਮੰਗ ਲਈ ਗਈ ਤੇ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੀ ਗਲ਼ਤੀ ਨਾ ਕਰਨ ਦਾ ਵਾਅਦਾ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਇਸ ਵਿਵਾਦ ਨੂੰ ਇਥੇ ਹੀ ਖਤਮ ਕੀਤਾ ਜਾਵੇ ਕਿਉਂਕਿ ਉਹ ਗੁਰੂ ਦੀ ਸ਼ਰਨ ਵਿੱਚ ਆ ਕੇ ਆਪਣੀ ਭੁੱਲ ਬਖਸ਼ਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਵੀਰ-ਭਾਈ ਮੱਟ ਸ਼ੇਰੋਂ ਵਾਲਾ ਦੀ ਕਿਸੇ ਵੀ ਪੋਸਟ ਨੂੰ ਗਲਤ ਤਰੀਕੇ ਨਾਲ ਅੱਗੇ ਵਾਇਰਲ ਨਾ ਕਰੇ। ਦੱਸਣਯੋਗ ਹੈ ਕਿ ਮੱਟ ਸ਼ੇਰੋਵਾਲਾ ਨੇ ਗੁਰੂ ਗੋਬਿੰਦ ਸਿੰਘ ਜੀ ਬਾਰੇ ਸੋਸ਼ਲ ਮੀਡੀਆ ‘ਤੇ ਕੁਝ ਇਤਰਾਜ਼ਯੋਗ ਗੱਲਾਂ ਪੋਸਟ ਕੀਤੀਆਂ ਸਨ। ਜਿਸ ਵਿਚ ਉਸ ਨੇ ਕਿਹਾ ਸੀ ਕਿ ਜੇ ਚਮਤਕਾਰ ਹੁੰਦਾ ਦਾ ਕੌਣ ਆਪਣੇ ਬੱਚੇ ਮਰਵਾਉਂਦਾ। ਇਸ ਪੋਸਟ ਤੋਂ ਬਾਅਦ ਲਗਾਤਾਰ ਸ਼ੇਰੋਵਾਲਾ ਦਾ ਵਿਰੋਧ ਹੋ ਰਿਹਾ ਸੀ। ਜਿਸ ‘ਤੇ ਹੁਣ ਉਸ ਨੇ ਮੁਆਫ਼ੀ ਮੰਗ ਲਈ ਹੈ।