ਚੰਡੀਗੜ੍ਹ : ਇੱਕ ਪਾਸੇ ਜਿੱਥੇ ਪਿਛਲੇ ਵਰਿਆਂ ਤੋਂ ਸਰੋਂ ਦੇ ਤੇਲ ਦੇ ਰੇਟਾਂ ਵਿੱਚ ਤੇਜ਼ੀ ਹੋਈ ਹੈ, ਉੱਥੇ ਹੀ ਦੂਜੇ ਪਾਸੇ ਇੱਕ ਤਸਵੀਰ ਇਹ ਵੀ ਹੈ ਕਿ ਕਿਸਾਨਾਂ ਤੋਂ ਐਮਐਸਪੀ ਤੋਂ ਘੱਟ ਭਾਅ ਉੱਤੇ ਸਰੋਂ ਖਰੀਦੀ ਜਾ ਰਹੀ ਹੈ। ਪਿਛਲੇ ਵਰ੍ਹੇ 7200 ਰੁਪਏ ਪ੍ਰਤੀ ਕੁਇੰਟਲ ਤੱਕ ਵਿਕਣ ਵਾਲੀ ਸਰੋਂ ਦੀ ਫਸਲ ਇਸ ਵਾਰ ਸਿਰਫ 4200 ਰੁਪਏ ਤੱਕ ਵਿਕ ਰਹੀ ਹੈ। ਇੰਨਾ ਹੀ ਨਹੀਂ ਕਿਸਾਨਾਂ ਨੂੰ ਸਰਕਾਰ ਵੱਲੋਂ ਨਿਰਧਾਰਤ ਸਰਕਾਰੀ ਰੇਟ 5450 ਪ੍ਰਤੀ ਕੁਇੰਟਲ ਵੀ ਨਹੀਂ ਮਿਲ ਰਿਹਾ।
ਭਾਰਤੀ ਕਿਸਾਨ ਯੂਨੀਅਨ(ਏਕਤਾ) ਡਕੌਂਦਾ ਦੇ ਸੂਬਾ ਸਕੱਤਰ ਜਗਮੋਹਨ ਸਿੰਘ ਨੇ ਦੱਸਿਆ ਕਿ ਨਾਭਾ ਮੰਡੀ ਵਿੱਚ 4000 ਤੋਂ ਲੈ ਕੇ 4200 ਰੁਪਏ ਪ੍ਰਤੀ ਕੁਇੰਟਲ ਤੱਕ ਸਰੋਂ ਖਰੀਦੀ ਜਾ ਰਹੀ ਹੈ। ਜਦਕਿ ਪਿਛਲੇ ਸਾਲ ਇਸੇ ਮੰਡੀ ਵਿੱਚੋਂ ਕਿਸਾਨਾਂ ਤੋਂ 7200 ਰੁਪਏ ਪ੍ਰਤੀ ਕੁਇੰਟਲ ਤੱਕ ਖਰੀਦ ਹੋਈ ਸੀ। ਕਿਸਾਨ ਆਗੂ ਨੇ ਕਿਹਾ ਕਿ ਸਿਰਫ ਨਾਭਾ ਵਿੱਚੋਂ ਨਹੀਂ ਬਲਕਿ ਪੰਜਾਬ ਦੀਆਂ ਹੋਰਨਾਂ ਮੰਡੀਆਂ ਵਿੱਚ ਸਰੋਂ ਦੀ ਇਹੀ ਮਾੜੀ ਹਾਲਤ ਹੈ।
ਕਿਸਾਨ ਆਗੂ ਨੇ ਕਿਹਾ ਕਿ ਇਸ ਵਾਰ ਮੌਸਮ ਦੀ ਮਾਰ ਕਾਰਨ ਜਿੱਥੇ ਸਰੋਂ ਫ਼ਸਲ ਖਰਾਬ ਹੋਈ ਹੈ, ਉੱਥੇ ਹੀ ਝਾੜ ਵੀ ਘਟਿਆ ਹੈ। ਦੂਜੇ ਪਾਸੇ ਕਾਸ਼ਤਕਾਰਾਂ ਨੂੰ ਮੰਡੀ ਵਿੱਚ ਕੁਇੰਟਲ ਪਿੱਛੇ ਤਿੰਨ ਹਜ਼ਾਰ ਰਪੁਏ ਦਾ ਰਗੜਾ ਲੱਗ ਰਿਹਾ ਹੈ।
ਸੂਬਾ ਸਕੱਤਰ ਜਗਮੋਹਨ ਸਿੰਘ ਨੇ ਕਿਹਾ ਕਿ ਹਰਿਆਣਾ, ਰਾਜਸਥਾਨ, ਮੱਧ ਪ੍ਰਦੇਸ਼ ਅਤੇ ਗੁਜਰਾਤ ਵਿਚ ਸਰੋਂ ਦੀ ਖੇਤੀ ਹੁੰਦੀ ਹੈ। ਪਰ ਇਨ੍ਹਾਂ ਸੂਬਿਆਂ ਵਿੱਚ ਕੇਂਦਰੀ ਸਹਿਕਾਰੀ ਏਜੰਸੀ ਨੈਫੇਡ ਨੇ ਸਰਕਾਰੀ ਭਾਅ ‘ਤੇ ਸਰੋਂ ਦੀ ਖਰੀਦ ਕਰ ਰਹੀ ਹੈ ਪਰ ਦੁਖ ਦੀ ਗੱਲ ਹੈ ਕਿ ਪੰਜਾਬ ਨੂੰ ਨਜ਼ਰਅੰਦਾਜ਼ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਇਸ ਮਾੜੀ ਹਾਲਤ ਵਿੱਚ ਖੇਤੀ ਵਿਭਿੰਨਤਾ ਦੀ ਗੱਲ ਕਰਨ ਵਾਲੀ ਪੰਜਾਬ ਸਰਕਾਰ ਵੀ ਕੁੱਝ ਨਹੀਂ ਕਰ ਰਹੀ।
ਕਿਸਾਨ ਆਗੂ ਨੇ ਕਿਹਾ ਕਿ ਦਰਅਸਲ ਪਿਛਲੇ ਵਰ੍ਹੇ ਸਰੋਂ ਦਾ ਭਾਅ 7500 ਰੁਪਏ ਪ੍ਰਤੀ ਕੁਇੰਟਲ ਤੱਕ ਚਲਾ ਗਿਆ ਸੀ। ਇਸ ਕਰਕੇ ਪੰਜਾਬ ਵਿੱਚ ਕਿਸਾਨਾਂ ਨੇ ਸਰੋਂ ਦੀ ਖੇਤੀ ਵੱਲ ਦਿਲਚਸਪੀ ਦਿਖਾਈ। ਇਸ ਵਾਰ ਸਰ੍ਹੋਂ ਹੇਠ ਰਕਬਾ ਵਧਾ ਵਧਿਆ ਪਰ ਘੱਟ ਭਾਅ ਨੇ ਕਿਸਾਨਾਂ ਲਈ ਪ੍ਰੇਸ਼ਾਨ ਖੜ੍ਹੀ ਕਰ ਦਿੱਤੀ।
ਉਨ੍ਹਾਂ ਨੇ ਕਿਹਾ ਕਿ ਸਰਕਾਰ ਨੂੰ ਤੁਰੰਤ ਦਖਲਅੰਦਾਜੀ ਕਰਕੇ ਨੈਫਰਡ ਅਤੇ ਮਾਰਕਫੈੱਡ ਰਾਹੀਂ ਸਰੋਂ ਦੀ ਸਰਕਾਰੀ ਰੇਟ ਉੱਤੇ ਖਰੀਦ ਕਰਵਾਉਣ ਚਾਹੀਦੀ ਹੈ। ਐਮਐੱਸਪੀ ਤੋਂ ਘੱਟ ਰੇਟ ਉੱਤੇ ਹੋਈ ਖਰੀਦ ਲਈ ਕਿਸਾਨਾਂ ਨੂੰ ਭਰਪਾਈ ਕਰਨੀ ਚਾਹੀਦੀ ਹੈ। ਕਿਸਾਨ ਆਗੂ ਨੇ ਕਿਹਾ ਕਿ ਇਸ ਮਸਲੇ ਨੂੰ ਜਲਦੀ ਹੱਲ ਨਾ ਕੀਤਾ ਗਿਆ ਤਾਂ ਉਹ ਸਰਕਾਰ ਨੂੰ ਜਥੇਬੰਦੀ ਸਰਕਾਰ ਨੂੰ ਘੇਰਨ ਦੀ ਤਿਆਰ ਕਰੇਗੀ।
ਦੱਸ ਦੇਈਏ ਕਿ ਪੰਜਾਬ ਦੇ ਜ਼ਿਲ੍ਹਾ ਮਾਨਸਾ, ਬਠਿੰਡਾ, ਫ਼ਾਜ਼ਿਲਕਾ ਅਤੇ ਮੁਕਤਸਰ ਤੋਂ ਇਲਾਵਾ ਗੁਰਦਾਸਪੁਰ ਅਤੇ ਹੁਸ਼ਿਆਰਪੁਰ ਵਿਚ ਸਰ੍ਹੋਂ ਦੀ ਬਿਜਾਂਦ ਹੁੰਦੀ ਹੈ। 2019-20 ਵਿਚ ਸਰ੍ਹੋਂ ਹੇਠ ਰਕਬਾ 32 ਹਜ਼ਾਰ ਹੈਕਟੇਅਰ ਸੀ, ਜੋ ਕਿ 2020-21 ਵਿਚ ਵੱਧ ਕੇ 44 ਹਜ਼ਾਰ ਹੈਕਟੇਅਰ ਹੋ ਗਿਆ ਸੀ। 2021-22 ਵਿੱਚ ਇਹ ਰਕਬਾ ਵੱਧ ਕੇ 54 ਹਜ਼ਾਰ ਹੈਕਟੇਅਰ ਹੋ ਗਿਆ।