India Punjab

ਮੁਸਲਿਮ ਲੜਕੀ ਦਾ ਹਿੰਦੂ ਲੜਕੇ ਨਾਲ ਵਿਆਹ ਗੈਰ-ਕਾਨੂੰਨੀ, ਲੜਕੀ ਨੂੰ ਅਪਨਾਉਣਾ ਪਵੇਗਾ ਲੜਕੇ ਦਾ ਧਰਮ – ਹਾਈਕੋਰਟ

‘ਦ ਖ਼ਾਲਸ ਬਿਊਰੋ :- ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇੱਕ ਪ੍ਰੇਮੀ ਜੋੜੇ ਵੱਲੋਂ ਦਾਇਰ ਕੀਤੀ ਸੁਰੱਖਿਆ ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਇੱਕ ਮੁਸਲਿਮ ਲੜਕੀ ਦਾ ਹਿੰਦੂ ਲੜਕੇ ਨਾਲ ਵਿਆਹ ਯੋਗ ਨਾ ਮੰਨੇ ਜਾਣ ਬਾਰੇ ਸਪੱਸ਼ਟ ਕੀਤਾ ਹੈ। ਹਾਈ ਕੋਰਟ ਨੇ ਸਪੱਸ਼ਟ ਕੀਤਾ ਹੈ ਕਿ ਦੋਵੇਂ ਬਾਲਗ ਹਨ ਅਤੇ ਉਹ ਵਿਆਹ ਵਰਗੇ ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਰਹਿ ਸਕਦੇ ਹਨ।

ਕੀ ਹੈ ਪੂਰਾ ਮਾਮਲਾ ?

ਹਾਈਕੋਰਟ ਵਿੱਚ ਇੱਕ ਸੁਰੱਖਿਆ ਪਟੀਸ਼ਨ ਦਾਇਰ ਕਰਦਿਆਂ ਪ੍ਰੇਮੀ ਜੋੜੇ ਨੇ ਦੱਸਿਆ ਕਿ 18 ਸਾਲਾ ਲੜਕੀ ਮੁਸਲਮਾਨ ਹੈ ਅਤੇ ਹਿੰਦੂ ਲੜਕਾ 25 ਸਾਲ ਦਾ ਹੈ। ਦੋਵਾਂ ਨੇ 15 ਜਨਵਰੀ ਨੂੰ ਸ਼ਿਵ ਮੰਦਿਰ ਵਿੱਚ ਹਿੰਦੂ ਰੀਤੀ-ਰਿਵਾਜਾਂ ਨਾਲ ਵਿਆਹ ਕੀਤਾ ਸੀ। ਵਿਆਹ ਤੋਂ ਬਾਅਦ ਦੋਵਾਂ ਨੂੰ ਆਪਣੇ ਪਰਿਵਾਰਕ ਮੈਂਬਰਾਂ ਤੋਂ ਜਾਨ ਦਾ ਖ਼ਤਰਾ ਹੈ। ਆਪਣੀ ਜਾਨ ਬਚਾਉਣ ਲਈ ਪਟੀਸ਼ਨਕਰਤਾਵਾਂ ਨੇ ਅੰਬਾਲਾ ਦੇ ਐੱਸਪੀ ਨੂੰ ਵੀ ਬੇਨਤੀ ਕੀਤੀ, ਪਰ ਕੋਈ ਕਾਰਵਾਈ ਨਹੀਂ ਹੋਈ। ਇਸ ਤੋਂ ਬਾਅਦ ਪਟੀਸ਼ਨਕਰਤਾ ਕੋਲ ਹੁਣ ਹਾਈ ਕੋਰਟ ਤੋਂ ਇਲਾਵਾ ਕੋਈ ਚਾਰਾ ਨਹੀਂ ਹੈ।

ਹਾਈਕੋਰਟ ਨੇ ਪਟੀਸ਼ਨ ਦਾ ਦਿੱਤਾ ਜਵਾਬ

ਹਾਈ ਕੋਰਟ ਨੇ ਸੁਣਵਾਈ ਦੌਰਾਨ ਕਿਹਾ ਕਿ ਮੁਸਲਿਮ ਲੜਕੀ ਦਾ ਹਿੰਦੂ ਲੜਕੇ ਨਾਲ ਵਿਆਹ ਕਾਨੂੰਨੀ ਤੌਰ ‘ਤੇ ਜਾਇਜ਼ ਨਹੀਂ ਹੈ। ਵਿਆਹ ਉਸ ਸਮੇਂ ਤੱਕ ਗੈਰ-ਕਾਨੂੰਨੀ ਮੰਨਿਆ ਜਾਂਦਾ ਹੈ, ਜਦੋਂ ਤੱਕ ਲੜਕੀ ਹਿੰਦੂ ਧਰਮ ਨੂੰ ਨਹੀਂ ਅਪਣਾਉਂਦੀ ਅਤੇ ਰਿਵਾਜ਼ਾਂ ਨਾਲ ਵਿਆਹ ਨਹੀਂ ਕਰਵਾਉਂਦੀ। ਇਸ ਕੇਸ ਵਿੱਚ ਲੜਕੀ ਨੇ ਆਪਣਾ ਧਰਮ ਨਹੀਂ ਬਦਲਿਆ ਅਤੇ ਇਸ ਕੇਸ ਵਿੱਚ ਇਸ ਵਿਆਹ ਨੂੰ ਹਿੰਦੂ ਮੈਰਿਜ ਐਕਟ ਤਹਿਤ ਯੋਗ ਨਹੀਂ ਮੰਨਿਆ ਜਾ ਸਕਦਾ। ਹਾਲਾਂਕਿ, ਹਾਈ ਕੋਰਟ ਨੇ ਸਪੱਸ਼ਟ ਕੀਤਾ ਹੈ ਕਿ ਦੋਵੇਂ ਬਾਲਗ ਹਨ ਅਤੇ ਭਾਵੇਂ ਵਿਆਹ ਯੋਗ ਨਹੀਂ ਹਨ, ਪਰ ਉਹ ਸ਼ਾਦੀਸ਼ੁਦਾ ਰਿਸ਼ਤੇਦਾਰਾਂ ਵਾਂਗ ਸਹਿਮਤੀ ਨਾਲ ਰਹਿ ਸਕਦੇ ਹਨ। ਹਾਈ ਕੋਰਟ ਨੇ ਅੰਬਾਲਾ ਦੇ ਐੱਸਪੀ ਨੂੰ ਸੁਰੱਖਿਆ ਨਾਲ ਜੁੜੇ ਪਟੀਸ਼ਨਰਾਂ ਦੀਆਂ ਮੰਗਾਂ ‘ਤੇ ਜਲਦ ਤੋਂ ਜਲਦ ਫੈਸਲਾ ਲੈਣ ਦੇ ਆਦੇਸ਼ ਦਿੱਤੇ ਹਨ।