‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਸੁਣਨ ਵਿੱਚ ਚਾਹੇ ਯਕੀਨ ਨਾ ਆਵੇ ਪਰ ਗੱਲ ਹੈ ਸੱਚੀ ਕਿ ਕਾਰਾਂ ਬਣਾਉਣ ਵਾਲੀ ਕੰਪਨੀ ਦੇ ਸੀਈਓ ਐਲੋਨ ਮਸਕ ਕੋਲ ਪਾਕਿਸਤਾਨ ਦੀ ਜੀਡੀਪੀ ਨਾਲੋਂ ਵਧ ਸਰਮਾਇਆ ਹੈ। ਰਿਪੋਰਟ ਦੱਸਦੀ ਹੈ ਕਿ ਮਸਕ ਦੀ ਕੰਪਨੀ 300 ਬੀਲੀਅਨ ਡਾਲਰ ਨੂੰ ਹੱਥ ਲਗਾਉਣ ਵਾਲੀ ਹੈ। ਉਸਦੀ ਹੁਣ ਤੱਕ ਦੀ ਜਾਇਦਾਦ 292 ਬੀਲੀਅਨ ਡਾਲਰ ਹੈ। ਜਦੋਂ ਕਿ ਪਾਕਿਸਤਾਨ ਦਾ ਘਰੇਲੂ ਉਤਪਾਦ ਮੌਜੂਦਾ ਮਾਰਕੀਟ ਦੇ ਭਾਅ ਮੁਤਾਬਿਕ 280 ਬੀਲੀਅਨ ਡਾਲਰ ਹੈ।

ਪਾਕਿਸਤਾਨ ਦੀ ਕੁੱਲ ਆਬਾਦੀ 220 ਮਿਲੀਅਨ ਦੱਸੀ ਜਾਂਦੀ ਹੈ। ਪਤਾ ਲੱਗਾ ਹੈ ਕਿ ਕੰਪਨੀ ਵੱਲੋਂ ਮਾਰਕੀਟ ਵਿੱਚ ਜੋ ਸ਼ੇਅਰ ਉਤਾਰੇ ਗਏ ਹਨ ਉਨ੍ਹਾਂ ਨਾਲ ਮਸਕ ਦੀ ਤਿਜੋਰੀ ਭਰ ਗਈ ਹੈ। ਮਸਕ ਦੀ ਨਿਜੀ ਜਾਇਦਾਦ 36,2 ਬਿਲੀਅਨ ਨੂੰ ਪਾਰ ਕਰ ਗਈ ਹੈ। ਇਹ ਸਭ ਤੋਂ ਵੱਡਾ ਉਛਾਲ ਮੰਨਿਆ ਜਾ ਸਕਦਾ ਹੈ। ਕੰਪਨੀ ਨੇ ਆਪਣੀ ਆਮਦਨ ਦੇ ਵੀ ਰਿਕਾਰਡ ਤੋੜ ਦਿੱਤੇ ਹਨ। ਕੰਪਨੀ ਨੂੰ ਇੱਕੋ ਵਾਰ ਵਿੱਚ ਇੱਕ ਲੱਖ ਕਾਰਾਂ ਦਾ ਆਰਡਰ ਮਿਲਿਆ ਸੀ।

ਜਾਣਕਾਰੀ ਮੁਤਾਬਕ ਇਸੇ ਹਫਤੇ ਦੇ ਸ਼ੁਰੂ ਵਿਚ ਟੈਸਲਾ ਦੇ ਸ਼ੇਅਰਾਂ ਵਿੱਚ 13 ਫੀਸਦ ਦਾ ਉਛਾਲ ਆਇਆ ਸੀ। ਅਮਰੀਕਾ ਦੇ ਪੱਤਰਕਾਰ ਐਡਵਾਰਡ ਲੁਇਸ ਨੇ ਆਪਣੀ ਇੱਕ ਰਿਪੋਰਟ ਵਿੱਚ ਖੁਲਾਸਾ ਕਰਦਿਆਂ ਮਸਕ ਅਤੇ ਪਾਕਿਸਤਾਨ ਦੀ ਜੀਡੀਪੀ ਦਾ ਮੁਕਾਬਲੇ ਦਾ ਅਧਿਐਨ ਪੇਸ਼ ਕੀਤਾ ਹੈ।

ਦੁਨੀਆਂ ਦਾ ਕੋਈ ਅਜਿਹਾ ਦੇਸ਼ ਨਹੀਂ ਹੈ, ਜਿਹੜਾ ਭੁੱਖ ਮਰੀ ਨਾਲ ਨਾ ਲੜ ਰਿਹਾ ਹੋਵੇ। ਇਸਨੂੰ ਗੰਭੀਰਤਾ ਨਾਲ ਦੇਖਦਿਆਂ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਸਪੇਸਐਕਸ ਦੇ ਸੰਸਥਾਪਕ ਅਤੇ ਟੇਸਲਾ ਦੇ ਸੀਈਓ ਐਲੋਨ ਮਸਕ ਨੇ ਆਪਣਾ ਮਾਸਟਰ ਪਲਾਨ ਦੱਸਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ 6 ਅਰਬ ਡਾਲਰ ਨਾਲ ਦੁਨੀਆ ਦੀ ਭੁੱਖ ਮਿਟ ਸਕਦੀ ਹੈ ਤਾਂ ਉਹ ਆਪਣੇ ਟੇਸਲਾ ਦਾ ਸਟਾਕ ਵੇਚਣ ਲਈ ਤਿਆਰ ਹਨ।

ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਐਲੋਨ ਮਸਕ ਨੇ ਇਸੇ ਹਫਤੇ ਦੇ ਅਖੀਰ ਵਿੱਚ ਵਿਸ਼ਵਵਿਆਪੀ ਭੁੱਖ ਬਾਰੇ ਸੰਯੁਕਤ ਰਾਸ਼ਟਰ ਦੇ ਇੱਕ ਬਿਆਨ ਵਿੱਚ ਇਹ ਗੱਲ ਕਹੀ ਸੀ। ਰਾਸ਼ਟਰ ਵਰਲਡ ਫੂਡ ਪ੍ਰੋਗਰਾਮ ਦੇ ਨਿਰਦੇਸ਼ਕ ਡੇਵਿਡ ਬੀਸਲੇ ਨੇ ਕਿਹਾ ਸੀ ਕਿ ਮਸਕ ਜਾਂ ਅਰਬਪਤੀਆਂ ਦੀ 2 ਫੀਸਦ ਦੌਲਤ ਦਾ ਇਕ ਵਾਰ ਦਾ ਭੁਗਤਾਨ ਆਲਮੀ ਭੁੱਖ ਨੂੰ ਖਤਮ ਕਰ ਸਕਦਾ ਹੈ।

ਡੇਲੀਮੇਲ ਡਾਟ ਕਾਮ ਦੀ ਰਿਪੋਰਟ ਅਨੁਸਾਰ ਟੇਸਲਾ ਅਤੇ ਸਪੇਸਐਕਸ ਦੇ ਸੀਈਓਜ਼ ਨੇ ਕਿਹਾ ਹੈ ਕਿ ਵਰਲਡ ਫੂਡ ਪ੍ਰੋਗਰਾਮ ਨੂੰ ਜਨਤਕ ਤੌਰ ‘ਤੇ ਇਹ ਸਪਸ਼ਟ ਕਰਨਾ ਚਾਹੀਦਾ ਹੈ ਕਿ ਉਹ ਆਪਣੇ ਫੰਡਾਂ ਦੀ ਵਰਤੋਂ ਕਿਵੇਂ ਕਰ ਰਹੇ ਹਨ।
ਡੇਵਿਡ ਬੀਸਲੇ ਨੇ ਕਿਹਾ ਹੈ ਕਿ ਅਰਬਪਤੀਆਂ ਨੂੰ ਅਗਲਾ ਕਦਮ ਰੱਖਣ ਦੀ ਲੋੜ ਹੈ। 42 ਮਿਲੀਅਨ ਲੋਕਾਂ ਦੀ ਮਦਦ ਕਰਨ ਲਈ 6 ਬਿਲੀਅਨ ਡਾਲਰ ਦੀ ਲੋੜ ਹੈ ਤੇ ਜੇਕਰ ਅਸੀਂ ਉਨ੍ਹਾਂ ਤੱਕ ਪੁੱਜਦੇ ਨਾ ਹੋਏ ਤਾਂ ਉਹ ਮਰ ਜਾਣਗੇ। ਇਹ ਗੁੰਝਲਦਾਰ ਵੀ ਨਹੀਂ ਹੈ।