Punjab

ਲੁਧਿਆਣਾ ‘ਚ ਮਾਂ-ਪੁੱਤ ਦਾ ਕਤਲ, ਧੀ ਦੇ ਮੰਗੇਤਰ ਨੇ ਚਾਕੂ ਨਾਲ ਕੀਤਾ ਹਮਲਾ

ਲੁਧਿਆਣਾ ‘ਚ ਦੇਰ ਰਾਤ ਦੁੱਗਰੀ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਮਾਂ-ਪੁੱਤ ਦੀਆਂ ਖੂਨ ਨਾਲ ਲੱਥਪੱਥ ਲਾਸ਼ਾਂ ਮਿਲਣ ਤੋਂ ਬਾਅਦ ਇਲਾਕੇ ‘ਚ ਹਫੜਾ-ਦਫੜੀ ਮਚ ਗਈ। ਇਲਾਕੇ ਦੇ ਲੋਕਾਂ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ।

ਮ੍ਰਿਤਕਾਂ ਦੀ ਪਛਾਣ ਪੁਸ਼ਪਾ (55) ਅਤੇ ਪ੍ਰਦੀਪ (20)ਵਜੋਂ ਹੋਈ ਹੈ। ਪੁਲਿਸ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਮੋਰਚਰੀ ਵਿੱਚ ਰਖਵਾ ਦਿੱਤਾ ਹੈ। ਜਾਂਚ ਦੌਰਾਨ ਸਾਹਮਣੇ ਆਇਆ ਕਿ ਧੀ ਦੇ ਮੰਗੇਤਰ ਨੇ ਚਾਕੂ ਨਾਲ ਹਮਲਾ ਕਰਕੇ ਮਾਂ-ਪੁੱਤ ਦਾ ਕਤਲ ਕਰ ਦਿੱਤਾ ਹੈ। ਪੁਲਿਸ ਨੇ ਮੁਲਜ਼ਮ ਅਮਰਦੀਪ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਹਾਲਾਂਕਿ ਪੁਲਿਸ ਨੇ ਅਜੇ ਤੱਕ ਇਸ ਮਾਮਲੇ ਦੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਹੈ। ਪੁਲਿਸ ਜਲਦੀ ਹੀ ਇਸ ਦੋਹਰੇ ਕਤਲ ਦਾ ਰਾਜ਼ ਖੋਲ੍ਹੇਗੀ।

ਜਾਣਕਾਰੀ ਮੁਤਾਬਕ ਪੁਸ਼ਪਾ ਆਪਣੇ ਬੇਟੇ ਅਤੇ ਬੇਟੀ ਨਾਲ ਫੁੱਟਪਾਥ ਦੇ ਹੇਠਾਂ ਰਹਿੰਦੀ ਸੀ। ਉੱਥੇ ਉਹ ਸਾਮਾਨ ਅਤੇ ਖਿਡੌਣੇ ਵੇਚਦੀ ਸੀ। ਕੁਝ ਮਹੀਨੇ ਪਹਿਲਾਂ ਉਸ ਨੇ ਆਪਣੀ ਲੜਕੀ ਦੀ ਅਮਰਜੀਤ ਨਾਲ ਮੰਗਣੀ ਕਰਵਾਈ ਸੀ। ਮੰਗਣੀ ਤੋਂ ਕੁਝ ਸਮੇਂ ਬਾਅਦ ਹੀ ਅਮਰਦੀਪ ਦਾ ਪੁਸ਼ਪਾ ਅਤੇ ਪ੍ਰਦੀਪ ਨਾਲ ਝਗੜਾ ਹੋ ਗਿਆ।

ਸੂਤਰਾਂ ਮੁਤਾਬਕ ਉਹ ਰਿਸ਼ਤਾ ਤੋੜਨਾ ਚਾਹੁੰਦਾ ਸੀ। ਇਸ ਮੁੱਦੇ ਨੂੰ ਲੈ ਕੇ ਦੋਵਾਂ ਧਿਰਾਂ ਵਿਚਾਲੇ ਕਈ ਵਾਰ ਝੜਪਾਂ ਵੀ ਹੋ ਚੁੱਕੀਆਂ ਹਨ। ਇਸੇ ਰੰਜਿਸ਼ ਕਾਰਨ ਅਮਰਦੀਪ ਨੇ ਇਸ ਕਤਲ ਨੂੰ ਅੰਜਾਮ ਦਿੱਤਾ। ਪਤਾ ਲੱਗਾ ਹੈ ਕਿ ਰੌਲਾ ਸੁਣ ਕੇ ਆਸ-ਪਾਸ ਦੇ ਲੋਕ ਇਕੱਠੇ ਹੋ ਗਏ ਅਤੇ ਦੇਰ ਰਾਤ ਮੁਲਜ਼ਮ ਨੂੰ ਫੜ ਕੇ ਪੁਲਿਸ ਹਵਾਲੇ ਕਰ ਦਿੱਤਾ।

ਇਹ ਵੀ ਪੜ੍ਹੋ – ਸਤਲੁਜ ਦਰਿਆ ‘ਚ ਨਹਾਉਣ ਗਏ 4 ਨੌਜਵਾਨ ਡੁੱਬੇ , ਪਰਿਵਾਰ ਦਾ ਰੋ-ਰੋ ਬੁਰਾ ਹਾਲ