Punjab

ਪਠਾਨਕੋਟ : ਦੋ ਪੁੱਤਰ ਇੰਗਲੈਂਡ ਰਹਿੰਦੇ , ਇੱਕਲੇ ਰਹਿੰਦੇ ਮਾਪਿਆਂ ਨੂੰ ਸਦਾ ਲਈ ਕੀਤਾ ਦੂਰ

Murder of husband and wife in Pathankot, plastic envelope found in woman's mouth

ਪਠਾਨਕੋਟ ਸ਼ਹਿਰ ਦੇ ਮਨਵਾਲ ਬਾਗ਼ ਵਿਖੇ ਜੋੜੇ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਜਿਸ ਕਾਰਨ ਪੂਰੇ ਇਲਾਕੇ ‘ਚ ਸਨਸਨੀ ਫੈਲ ਗਈ। ਮ੍ਰਿਤਕ ਦੇ ਰਿਸ਼ਤੇਦਾਰਾਂ ਮੁਤਾਬਕ ਕਤਲ ਵੀਰਵਾਰ ਸ਼ਾਮ ਨੂੰ ਹੀ ਕੀਤਾ ਗਿਆ ਸੀ, ਪਰ ਘਟਨਾ ਦਾ ਦੇਰ ਰਾਤ 11 ਵਜੇ ਪਤਾ ਲੱਗਾ।

ਮ੍ਰਿਤਕਾਂ ਦੀ ਪਛਾਣ 62 ਸਾਲਾ ਰਾਜਕੁਮਾਰ ਅਤੇ ਉਸ ਦੀ 57 ਸਾਲਾ ਪਤਨੀ ਚੰਪਾ ਦੇਵੀ ਵਜੋਂ ਹੋਈ ਹੈ। ਪੁਲਿਸ ਸੂਤਰਾਂ ਦਾ ਕਹਿਣਾ ਹੈ ਕਿ ਹਮਲਾਵਰਾਂ ਨੇ ਔਰਤ ਦੇ ਮੂੰਹ ‘ਚ ਪਲਾਸਟਿਕ ਦੇ ਲਿਫ਼ਾਫ਼ੇ ਪਾ ਦਿੱਤੇ ਸਨ ਤਾਂ ਜੋ ਚੀਕਾਂ ਦੀ ਆਵਾਜ਼ ਬਾਹਰ ਨਾ ਪਹੁੰਚ ਸਕੇ। ਪਹਿਲੀ ਨਜ਼ਰੇ ਇਹ ਲੁੱਟ ਦਾ ਮਾਮਲਾ ਜਾਪਦਾ ਹੈ।

ਪਰਿਵਾਰਕ ਮੈਂਬਰਾਂ ਮੁਤਾਬਕ ਮ੍ਰਿਤਕ ਦੇ ਪਹਿਨੇ ਹੋਏ ਸਾਰੇ ਗਹਿਣੇ ਅਤੇ ਘਰ ਵਿੱਚ ਪਈ ਨਕਦੀ ਗ਼ਾਇਬ ਹੈ। ਇਸ ਦੇ ਨਾਲ ਹੀ ਇੱਕ ਸਕੂਟੀ ਵੀ ਗ਼ਾਇਬ ਦੱਸੀ ਜਾ ਰਹੀ ਹੈ। ਪਤੀ-ਪਤਨੀ ਘਰ ‘ਚ ਇਕੱਲੇ ਰਹਿੰਦੇ ਸਨ। ਉਨ੍ਹਾਂ ਦੇ ਦੋਵੇਂ ਪੁੱਤਰ ਇੰਗਲੈਂਡ ‘ਚ ਰਹਿੰਦੇ ਹਨ, ਜਦਕਿ ਬੇਟੀ ਚੰਡੀਗੜ੍ਹ ‘ਚ ਪੜ੍ਹ ਰਹੀ ਹੈ।

ਦੇਰ ਰਾਤ ਸੂਚਨਾ ਮਿਲਣ ਤੋਂ ਬਾਅਦ ਐਸਐਸਪੀ ਹਰ ਕਮਲਪ੍ਰੀਤ ਸਿੰਘ ਖੱਖ ਭਾਰੀ ਪੁਲਿਸ ਫੋਰਸ ਨਾਲ ਮੌਕੇ ’ਤੇ ਪੁੱਜੇ ਅਤੇ ਜਾਂਚ ਸ਼ੁਰੂ ਕਰ ਦਿੱਤੀ। ਸ਼ੁੱਕਰਵਾਰ ਸਵੇਰੇ ਮੌਕੇ ਦਾ ਮੁਆਇਨਾ ਕਰਨ ਪਹੁੰਚੇ ਡੀਐਸਪੀ ਧਾਰਕਲਾ ਰਜਿੰਦਰ ਮਿਨਹਾਸ ਨੇ ਕਿਹਾ ਕਿ ਇਸ ਮਾਮਲੇ ਵਿੱਚ ਕਿਸੇ ਸਿੱਟੇ ’ਤੇ ਪਹੁੰਚਣਾ ਜਲਦਬਾਜ਼ੀ ਹੋਵੇਗੀ। ਉਨ੍ਹਾਂ ਕਿਹਾ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਤੋਂ ਬਾਅਦ ਸਾਰਾ ਮਾਮਲਾ ਸਾਹਮਣੇ ਆਵੇਗਾ।