India

ਮੁੰਬਈ ਟ੍ਰੇਨ ਧਮਾਕਾ: ਸੁਪਰੀਮ ਕੋਰਟ ਵੱਲੋਂ ਹਾਈ ਕੋਰਟ ਦੇ ਫੈਸਲੇ ’ਤੇ ਰੋਕ! 12 ਮੁਲਜ਼ਮ ਹੋਏ ਸੀ ਬਰੀ

ਬਿਊਰੋ ਰਿਪੋਰਟ: ਸੁਪਰੀਮ ਕੋਰਟ ਨੇ ਵੀਰਵਾਰ ਨੂੰ 2006 ਦੇ ਮੁੰਬਈ ਲੜੀਵਾਰ ਟ੍ਰੇਨ ਧਮਾਕਿਆਂ ਦੇ ਮਾਮਲੇ ਵਿੱਚ ਬੰਬੇ ਹਾਈ ਕੋਰਟ ਦੇ ਫੈਸਲੇ ’ਤੇ ਰੋਕ ਲਗਾ ਦਿੱਤੀ ਹੈ। ਹਾਈ ਕੋਰਟ ਨੇ 21 ਜੁਲਾਈ ਨੂੰ ਸਾਰੇ 12 ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਸੀ।

ਮਹਾਰਾਸ਼ਟਰ ਸਰਕਾਰ ਨੇ ਇਸ ਫੈਸਲੇ ਵਿਰੁੱਧ 23 ਜੁਲਾਈ ਨੂੰ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ। ਇਸ ’ਤੇ ਸੁਪਰੀਮ ਕੋਰਟ ਨੇ ਆਪਣੇ ਹੁਕਮ ਵਿੱਚ ਕਿਹਾ ਕਿ ਬੰਬੇ ਹਾਈ ਕੋਰਟ ਦੇ ਹੁਕਮ ’ਤੇ ਰੋਕ ਦਾ ਮੁਲਜ਼ਮਾਂ ਦੀ ਜੇਲ੍ਹ ਤੋਂ ਰਿਹਾਈ ’ਤੇ ਕੋਈ ਅਸਰ ਨਹੀਂ ਪਵੇਗਾ।

ਯਾਦ ਰਹੇ ਟ੍ਰੇਨ ਧਮਾਕੇ ਦੇ ਮਾਮਲੇ ਵਿੱਚ 13 ਮੁਲਜ਼ਮਾਂ ਨੂੰ ਦੋਸ਼ੀ ਠਹਿਰਾਇਆ ਗਿਆ ਸੀ। ਸਾਰੇ 12 ਨੂੰ ਰਿਹਾਅ ਕਰ ਦਿੱਤਾ ਗਿਆ ਹੈ। ਇੱਕ ਮੁਲਜ਼ਮ ਦੀ ਮੌਤ ਹੋ ਗਈ ਹੈ।

19 ਸਾਲ ਪਹਿਲਾਂ ਲੜੀਵਾਰ ਧਮਾਕਿਆਂ ਵਿੱਚ 189 ਲੋਕ ਮਾਰੇ ਗਏ ਸਨ। 11 ਜੁਲਾਈ 2006 ਨੂੰ, ਮੁੰਬਈ ਦੀਆਂ ਪੱਛਮੀ ਉਪਨਗਰੀ ਰੇਲਗੱਡੀਆਂ ਦੇ ਸੱਤ ਡੱਬਿਆਂ ਵਿੱਚ ਲੜੀਵਾਰ ਧਮਾਕੇ ਹੋਏ ਸਨ। 189 ਯਾਤਰੀ ਮਾਰੇ ਗਏ ਸਨ ਅਤੇ 824 ਲੋਕ ਜ਼ਖ਼ਮੀ ਹੋਏ ਸਨ। ਸਾਰੇ ਧਮਾਕੇ ਪਹਿਲੀ ਸ਼੍ਰੇਣੀ ਦੇ ਡੱਬਿਆਂ ਵਿੱਚ ਹੋਏ ਸਨ। ਇਹ ਫੈਸਲਾ ਘਟਨਾ ਦੇ 19 ਸਾਲ ਬਾਅਦ ਆਇਆ ਹੈ।