Punjab

ਵਕੀਲ ਤਸ਼ਦੱਦ ਮਾਮਲੇ ‘ਚ ਵੱਡਾ ਐਕਸ਼ਨ,SP (D) ਸਮੇਤ 2 ਪੁਲਿਸ ਮੁਲਾਜ਼ਮ ਗ੍ਰਿਫਤਾਰੀ ! SIT ਨੂੰ ਸੌਂਪੀ ਗਈ ਜਾਂਚ

ਬਿਉਰੋ ਰਿਪੋਰਟ : ਮੁਕਤਸਰ ਤਸ਼ਦੱਦ ਮਾਮਲੇ ਵਿੱਚ ਸਰਕਾਰ ਨੇ ਵੱਡੀ ਕਾਰਵਾਈ ਕੀਤੀ ਹੈ। SP (D) ਸਮੇਤ 2 ਹੋਰ ਪੁਲਿਸ ਵਾਲਿਆਂ ਦੀ ਗ੍ਰਿਫਤਾਰੀ ਹੋਈ ਹੈ। ਕਸਟਡੀ ਦੌਰਾਨ ਵਕੀਲ ਨਾਲ ਕੀਤੀ ਗਈ ਤਸ਼ਦੱਦ ਦੇ ਖਿਲਾਫ ਪੰਜਾਬ ਹਰਿਆਣਾ ਹਾਈਕੋਰਟ ਵਿੱਚ 2 ਦਿਨ ਤੋਂ ਵਕੀਲ ਹੜ੍ਹਤਾਲ ‘ਤੇ ਬੈਠੇ ਸਨ । ਚੰਡੀਗੜ੍ਹ ਬਾਰ ਕੌਂਸਿਲ ਨੇ ਕੁਝ ਦੇਰ ਪਹਿਲਾਂ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਮੀਟਿੰਗ ਕੀਤੀ ਸੀ।

ਚੰਡੀਗੜ੍ਹ ਬਾਰ ਕੌਂਸਿਲ ਦੇ ਮੁਖੀ ਨੇ ਦੱਸਿਆ ਕਿ ਮੁਕਤਸਰ ਵਕੀਲ ਤਸ਼ਦੱਦ ਮਾਮਲੇ ਵਿੱਚ ਇੱਕ SIT ਦਾ ਗਠਨ ਕੀਤਾ ਗਿਆ ਹੈ,ਜਿਸ ਦੇ ਮੁਖੀ ਲੁਧਿਆਣਾ ਦੇ ਕਮਿਸ਼ਨਰ ਹੋਣਗੇ ਜਦਕਿ ਜਸਕਰਨ ਸਿੰਘ ਪੂਰੇ ਮਾਮਲੇ ਦੀ ਜਾਂਚ ਕਰਨਗੇ । ਇਸ ਤੋਂ ਇਲਾਵਾ ਮੁਕਤਸਰ ਦੇ SP (D) ਰਮਨਦੀਪ ਸਿੰਘ ਭੁੱਲਰ,CIA ਇੰਚਾਰਜ ਰਮਨ ਕੰਬੋਜ ਅਤੇ ਕਾਂਸਟੇਬਲ ਹਰਬੰਸ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ । ਮੁਕਤਸਰ ਸਾਹਿਬ ਦੇ SSP DIG ਦਾ ਟਰਾਂਸਫਰ ਕਰ ਦਿੱਤਾ ਗਿਆ ਹੈ।

ਇਹ ਹੈ ਪੂਰਾ ਮਾਮਲਾ

ਸ਼੍ਰੀ ਮੁਕਤਸਰ ਸਾਹਿਬ ਵਿੱਚ ਪੁਲਿਸ ਮੁਲਾਜ਼ਮਾਂ ਵੱਲੋਂ ਬਾਰ ਐਸੋਸੀਏਸ਼ਨ ਦੇ ਮੈਂਬਰ ਵਰਿੰਦਰ ਸਿੰਘ ਨੂੰ ਟਾਰਚਰ ਕੀਤਾ ਗਿਆ ਸੀ ਜਿਸ ਦੇ ਖਿਲਾਫ ਵਕੀਲਾਂ ਵੱਲੋਂ 29 ਸਤੰਬਰ ਤੱਕ ਦਾ ਅਲਟੀਮੇਟਮ ਦਿੱਤਾ ਗਿਆ ਸੀ। ਵਕੀਲ ਵਰਿੰਦਰ ਸਿੰਘ ਸੰਧੂ ਨੇ ਕਲਾਇੰਟ ਨੂੰ SSP ਦੀ ਸ਼ਿਕਾਇਤ ਦੇਣ ਦੀ ਸਲਾਹ ਦਿੱਤੀ ਸੀ । ਕਲਾਇੰਟ ਦੇ ਕਹਿਣ ‘ਤੇ ਵਕੀਲ ਵੀ SSP ਦਫਤਰ ਗਏ। ਪਰ SSP ਨਾਲ ਮੁਲਾਕਾਤ ਨਹੀਂ ਹੋ ਸਕੀ । ਫਿਰ ਕਲਾਇੰਟ ਨੇ ਕਿਹਾ ਕਿ ਉਸ ਨੂੰ ਪਿੰਡ ਦੇ ਅੰਦਰ ਨਹੀਂ ਵੜਨ ਦਿੱਤਾ ਜਾ ਰਿਹਾ ਹੈ। ਇਸ ਤੋਂ ਬਾਅਦ ਐਡਵੋਕੇਟ ਵਰਿੰਦਰ ਕਲਾਇੰਟ ਦੇ ਨਾਲ ਥਾਣਾ ਸਦਰ ਸ਼ਿਕਾਇਤ ਕਰਨ ਦੇ ਲਈ ਪਹੁੰਚ ਗਿਆ । ਉਧਰ ਸ਼ਿਕਾਇਤ ਦੇ ਬਾਅਦ SHO ਨੇ ਉਨ੍ਹਾਂ ਦੇ ਪਿੰਡ ਆਕੇ ਜੁਆਇੰਟ ਕਮੇਟੀ ਬਣਾਉਣ ਦਾ ਭਰੋਸਾ ਦਿੱਤਾ । ਇਲਜ਼ਾਮ ਹਨ ਕਿ ਪੁਲਿਸ ਨੇ ਥਾਣੇ ਦੇ ਬਾਹਰ ਨਿਕਲ ਦੇ ਹੀ ਐਡਵੋਕੇਟ ਸੰਧੂ ਨਾਲ ਪੁਲਿਸ ਮੁਲਾਜ਼ਮਾਂ ਨੇ ਕੁੱਟਮਾਰ ਕੀਤੀ । ਫਿਰ ਉਨ੍ਹਾਂ ਨੂੰ ਜ਼ਬਰਨ CIA ਦਫਤਰ ਲਿਜਾਇਆ ਗਿਆ ਅਤੇ ਅਣਮਨੁੱਖੀ ਵਤੀਰਾ ਕੀਤਾ ਗਿਆ । 16 ਸਤੰਬਰ ਨੂੰ ਐਡਵੋਕੇਟ ਸੰਧੂ ਕੋਰਟ ਵਿੱਚ ਪੇਸ਼ ਹੋਏ। ਇਲਜ਼ਾਮ ਹਨ ਕਿ ਇਸ ਤੋਂ ਪਹਿਲਾਂ ਪੁਲਿਸ ਨੇ ਐਡਵੋਕੇਟ ਨੂੰ ਇਹ ਕਹਿਕੇ ਡਰਾਇਆ ਧਮਕਾਇਆ ਸੀ ਜੇਕਰ ਉਸ ਨੇ ਕੋਰਟ ਵਿੱਚ ਮੂੰਹ ਖੋਲ਼ਿਆ ਤਾਂ ਮੁੜ ਤੋਂ ਅਣਮਨੁੱਖੀ ਵਤੀਰਾ ਕੀਤਾ ਜਾਵੇਗਾ।

ਇਸ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਮੁਕਤਸਰ ਸਮੇਤ ਪੂਰੇ ਪੰਜਾਬ ਦੇ ਵਕੀਲਾਂ ਵਿੱਚ ਗੁੱਸਾ ਸੀ। ਚੰਡੀਗੜ੍ਹ ਬਾਰ ਐਸੋਸੀਏਸ਼ਨ ਨੇ 26 ਸਤੰਬਰ ਤੋਂ ਕੰਮਕਾਜ ਬੰਦ ਕਰ ਰੱਖਿਆ । ਉਨ੍ਹਾਂ ਵੱਲੋਂ ਮੁੱਖ ਮੰਤਰੀ ਦੇ ਸਾਹਮਣੇ 7 ਮੰਗਾਂ ਰੱਖੀਆਂ ਗਈਆਂ ਸਨ ।