ਬਿਊਰੋ ਰਿਪੋਰਟ : ਮੁਕਤਸਰ ਵਿੱਚ ਝੂਠੀ ਸ਼ਾਨ ਦੀ ਖ਼ਾਤਰ ਵੱਡੇ ਭਰਾ ਨੇ ਭੈਣ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਹੈ । ਗਿੱਦੜਬਾਹਾ ਦੇ ਪਿੰਡ ਫਕਰਸਰ ਵਿੱਚ ਮੰਗਲਵਾਰ ਸਵੇਰ ਜਦੋਂ ਘਰ ਵਿੱਚ ਕੋਈ ਨਹੀਂ ਸੀ ਤਾਂ ਭਰਾ ਨੇ ਤੇਜ਼ਧਾਰ ਹਥਿਆਰ ਦੇ ਨਾਲ ਭੈਣ ਦੇ ਗਲੇ ‘ਤੇ ਕਈ ਵਾਰ ਕੀਤੇ ਅਤੇ ਉਸ ਨੂੰ ਚੀਰ ਕੇ ਮੌਤ ਦੇ ਘਾਟ ਉਤਾਰ ਦਿੱਤਾ।
16 ਸਾਲ ਦੀ ਭੈਣ ਅੰਜੂ ਦਾ ਭਰਾ ਕੁਲਵਿੰਦਰ ਨਾਲ ਸਵੇਰ ਵੇਲੇ ਝਗੜਾ ਹੋਇਆ, ਗ਼ੁੱਸੇ ਵਿੱਚ ਕੁਲਵਿੰਦਰ ਨੇ ਭੈਣ ‘ਤੇ ਹਥਿਆਰ ਨਾਲ ਹਮਲਾ ਕਰ ਦਿੱਤਾ ਅਤੇ ਫਿਰ ਡਰ ਦੇ ਮਾਰੇ ਮੌਕੇ ਤੋਂ ਫ਼ਰਾਰ ਹੋ ਗਿਆ । ਭੈਣ ਲਹੂ-ਲੁਹਾਨ ਜ਼ਮੀਨ ‘ਤੇ ਪਈ ਸੀ,ਜਦੋਂ ਮਾਪੇ ਘਰ ਪਹੁੰਚੇ ਤਾਂ ਉਨ੍ਹਾਂ ਨੇ ਧੀ ਦੀ ਲਾਸ਼ ਵੇਖੀ ਤਾਂ ਉਨ੍ਹਾਂ ਦੇ ਹੋਸ਼ ਉੱਡ ਗਏ । ਫ਼ੌਰਨ ਪੁਲਿਸ ਨੂੰ ਇਤਲਾਹ ਕੀਤੀ ।
ਭਰਾ ਨੂੰ ਭੈਣ ‘ਤੇ ਸ਼ੱਕ ਸੀ
ਸੂਤਰਾਂ ਦੇ ਹਵਾਲੇ ਨਾਲ ਜਾਣਕਾਰੀ ਮਿਲੀ ਹੈ ਕਿ ਅਕਸਰ ਭੈਣ-ਭਰਾ ਦੀ ਲੜਾਈ ਹੁੰਦੀ ਸੀ। ਕੁਲਵਿੰਦਰ ਨੂੰ ਭੈਣ ਅੰਜੂ ‘ਤੇ ਸ਼ੱਕ ਸੀ ਕਿ ਉਹ ਕਿਸੇ ਮੁੰਡੇ ਨਾਲ ਮਿਲ ਦੀ ਹੈ ਅਤੇ ਉਸ ਦੇ ਨਾਲ ਵਿਆਹ ਕਰਵਾਉਣ ਦੇ ਸੁਪਨੇ ਵੇਖ ਰਹੀ ਹੈ। ਇਸੇ ਗੱਲ ਨੂੰ ਲੈ ਕੇ ਹੀ ਦੋਵੇਂ ਭੈਣ-ਭਰਾ ਅਕਸਰ ਲੜ ਦੇ ਸਨ । ਮੰਗਲਵਾਰ ਨੂੰ ਜਦੋਂ ਮਾਪੇ ਘਰ ਨਹੀਂ ਸਨ ਖੇਤ ਵਿੱਚ ਝੋਨਾ ਲਗਾਉਣ ਗਏ ਸਨ ਤਾਂ ਦੋਵਾਂ ਦੀ ਲੜਾਈ ਇੰਨੀ ਜ਼ਿਆਦਾ ਵੱਧ ਗਈ ਕਿ ਭਰਾ ਕੁਲਵਿੰਦਰ ਨੇ ਭੈਣ ਦਾ ਕਤਲ ਕਰ ਦਿੱਤਾ।
ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਫ਼ਰਾਰ ਭਰਾ ਦੀ ਪੁਲਿਸ ਤਲਾਸ਼ ਕਰ ਰਹੀ ਹੈ,ਉਸ ਨੂੰ ਫੜਨ ਦੇ ਲਈ ਪੁਲਿਸ ਵੱਲੋਂ ਟੀਮਾਂ ਬਣਾ ਦਿੱਤੀਆਂ ਗਈਆਂ ਹਨ। ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ । ਇਸ ਤੋਂ ਪਹਿਲਾਂ ਸੰਗਰੂਰ ਵਿੱਚ ਵੀ ਹਾਰਰ ਕਿਲਿੰਗ ਦਾ ਮਾਮਲਾ ਸਾਹਮਣੇ ਆਇਆ ਸੀ । ਜਦੋਂ ਘਰ ਵਾਲਿਆਂ ਨੇ ਕੁੜੀ ਦੇ ਪ੍ਰੇਮੀ ਨੂੰ ਘਰ ਵਿੱਚ ਬੁਲਾ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਸੀ ।