India

ਲੋਕ ਸਭਾ ਚੋਣਾਂ ’ਚ ਬਿਨਾ ਚੋਣ ਲੜੇ ਜਿੱਤਿਆ BJP ਉਮੀਵਾਰ ! ਕਾਂਗਰਸ ਉਮੀਦਵਾਰ ਸੁਪਰੀਮ ਕੋਰਟ ਜਾਵੇਗਾ

ਬਿਉਰੋ ਰਿਪੋਰਟ – ਭਾਰਤੀ ਜਨਤਾ ਪਾਰਟੀ ਦਾ 2024 ਦੀਆਂ ਲੋਕਸਭਾ ਚੋਣਾਂ ਵਿੱਚ ਪਹਿਲਾ ਖਾਤਾ ਖੁੱਲ ਗਿਆ ਹੈ । ਗੁਜਰਾਤ ਦੀ ਸੂਰਤ ਲੋਕ ਸਭਾ ਸੀਟ ’ਤੇ ਹਾਈ ਵੋਲਟੇਜ ਡਰਾਮੇ ਤੋਂ ਬਾਅਦ ਬੀਜੇਪੀ ਉਮੀਦਵਾਰ ਮੁਕੇਸ਼ ਦਲਾਲ ਬਿਨਾਂ ਕਿਸੇ ਮੁਕਾਬਲੇ ਤੋਂ ਜੇਤੂ ਐਲਾਨੇ ਗਏ। ਐਤਵਾਰ ਨੂੰ ਕਾਂਗਰਸ ਪਾਰਟੀ ਦੇ ਉਮੀਦਵਾਰ ਅਤੇ ਉਨ੍ਹਾਂ ਦੇ ਡੰਮੀ ਉਮੀਦਵਾਰ ਦੀਆਂ ਨਾਮਜ਼ਦਗੀਆਂ ਰੱਦ ਕਰ ਦਿੱਤੀਆਂ ਗਈਆਂ। ਦਰਅਸਲ ਇੱਥੋਂ ਕਾਂਗਰਸੀ ਉਮੀਦਵਾਰ ਨੀਲੇਸ਼ ਕੁੰਭਾਨੀ ਦੀ ਨਾਮਜ਼ਦਗੀ ਰੱਦ ਹੋ ਗਈ ਸੀ। ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਦੇ ਪਰਚੇ ਵਿੱਚ ਗਵਾਹਾਂ ਦੇ ਨਾਵਾਂ ‘ਤੇ ਦਸਤਖਤਾਂ ਵਿੱਚ ਗੜਬੜੀ ਪਾਈ ਗਈ ਹੈ।

ਇਸ ਸੀਟ ‘ਤੇ ਭਾਜਪਾ ਅਤੇ ਕਾਂਗਰਸ ਸਮੇਤ 10 ਉਮੀਦਵਾਰਾਂ ਨੇ ਨਾਮਜ਼ਦਗੀ ਭਰੀ ਸੀ। ਐਤਵਾਰ ਨੂੰ 7 ਆਜ਼ਾਦ ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਲਏ ਸਨ। ਸਿਰਫ਼ ਬਸਪਾ ਉਮੀਦਵਾਰ ਪਿਆਰੇ ਲਾਲ ਭਾਰਤੀ ਹੀ ਬਚੇ ਸਨ, ਜਿਨ੍ਹਾਂ ਨੇ ਸੋਮਵਾਰ ਨੂੰ ਆਪਣਾ ਨਾਮਜ਼ਦਗੀ ਪੱਤਰ ਵਾਪਸ ਲੈ ਲਿਆ ਸੀ। ਇਸ ਤਰ੍ਹਾਂ ਮੁਕੇਸ਼ ਦਲਾਲ ਬਿਨਾਂ ਮੁਕਾਬਲਾ ਚੁਣੇ ਗਏ।

2024 ਦੀਆਂ ਲੋਕ ਸਭਾ ਚੋਣਾਂ ਵਿੱਚ ਬੀਜੇਪੀ ਦੀ ਇਹ ਪਹਿਲੀ ਸਫ਼ਲਤਾ ਹੈ। ਆਪਣੇ ਵਿਰੋਧੀ ਉਮੀਦਵਾਰਾਂ ਵੱਲੋਂ ਨਾਮਜ਼ਦਗੀਆਂ ਵਾਪਸ ਲੈਣ ਤੋਂ ਬਾਅਦ ਮੁਕੇਸ਼ ਦਲਾਲ ਇਸ ਲੋਕ ਸਭਾ ਚੋਣ ਵਿੱਚ ਬਿਨਾਂ ਮੁਕਾਬਲਾ ਜਿੱਤਣ ਵਾਲੇ ਪਹਿਲੇ ਸੰਸਦ ਮੈਂਬਰ ਬਣ ਗਏ ਹਨ। ਡੀਐਮ (DM) ਦੇ ਰਸਮੀ ਐਲਾਨ ਤੋਂ ਬਾਅਦ ਚੋਣ ਨਤੀਜਿਆਂ ਤੋਂ ਪਹਿਲਾਂ ਹੀ ਬੀਜੇਪੀ ਨੂੰ ਇੱਕ ਸੀਟ ਮਿਲ ਗਈ ਹੈ।

ਕਾਨੂੰਨੀ ਲੜਾਈ ਲੜੇਗੀ ਕਾਂਗਰਸ

ਗੁਜਰਾਤ ਕਾਂਗਰਸ ਦੇ ਪ੍ਰਧਾਨ ਸ਼ਕਤੀ ਸਿੰਘ ਗੋਹਿਲ ਨੇ ਕਿਹਾ ਕਿ ਉਨ੍ਹਾਂ ਦੀ ਕਾਨੂੰਨੀ ਟੀਮ ਸਾਰੇ ਪਹਿਲੂਆਂ ਦੀ ਜਾਂਚ ਕਰ ਰਹੀ ਹੈ। ਕਾਨੂੰਨੀ ਟੀਮ ਇਸ ਗੱਲ ‘ਤੇ ਵਿਚਾਰ ਕਰ ਰਹੀ ਹੈ ਕਿ ਪਹਿਲਾਂ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਜਾਵੇ ਜਾਂ ਸਿੱਧੇ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਜਾਵੇ।

ਕੌਣ ਹਨ ਮੁਕੇਸ਼ ਦਲਾਲ?

ਮੁਕੇਸ਼ ਦਲਾਲ ਸੂਰਤ ਬੀਜੇਪੀ, ਗੁਜਰਾਤ ਦੇ ਜਨਰਲ ਸਕੱਤਰ ਹਨ। ਨਿਰਵਿਰੋਧ ਜਿੱਤਣ ਵਾਲੇ ਮੁਕੇਸ਼ ਦਲਾਲ ਮੋਢ ਵਣਿਕ ਭਾਈਚਾਰੇ ਤੋਂ ਆਉਂਦੇ ਹਨ ਅਤੇ ਬੀਜੇਪੀ ਦੇ ਸੂਬਾ ਪ੍ਰਧਾਨ ਸੀਆਰ ਪਾਟਿਲ ਦੇ ਕਰੀਬੀ ਮੰਨੇ ਜਾਂਦੇ ਹਨ। ਹਾਲ ਹੀ ਵਿੱਚ ਉਹ SDCA ਕਮੇਟੀ ਦੇ ਮੈਂਬਰ ਵੀ ਬਣੇ ਹਨ।

ਇਸ ਤੋਂ ਇਲਾਵਾ ਮੁਕੇਸ਼ ਸੂਰਤ ਨਗਰ ਨਿਗਮ (SMC) ਦੇ ਸਾਬਕਾ ਸਥਾਈ ਕਮੇਟੀ ਚੇਅਰਮੈਨ ਵੀ ਰਹਿ ਚੁੱਕੇ ਹਨ। ਮੁਕੇਸ਼ ਦਲਾਲ ਨੇ ਸੂਬਾ ਪੱਧਰ ‘ਤੇ ਲੰਮਾ ਸਮਾਂ ਤੱਕ ਕੰਮ ਕੀਤਾ ਹੈ। ਇਸ ਤੋਂ ਇਲਾਵਾ ਸੂਰਤ ਵਿੱਚ ਦਲਾਲ ਦਾ ਚੰਗਾ ਪ੍ਰਭਾਵ ਹੈ, ਉਹ ਤਿੰਨ ਵਾਰ ਉੱਥੋਂ ਦੇ ਕੌਂਸਲਰ ਤੇ ਪੰਜ ਵਾਰ ਉੱਥੇ ਦੀ ਸਥਾਈ ਕਮੇਟੀ ਦੇ ਚੇਅਰਮੈਨ ਰਹਿ ਚੁੱਕੇ ਹਨ।

ਇਹ ਵੀ ਪੜ੍ਹੋ – ਕੇਜਰੀਵਾਲ ਦੀ ਜ਼ਮਾਨਤ ਵਾਲੀ ਜਨਹਿੱਤ ਪਟੀਸ਼ਨ ਖ਼ਾਰਜ, ਪਟੀਸ਼ਨਕਰਤਾ ਨੂੰ 75,000 ਜ਼ੁਰਮਾਨਾ