‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):-ਇੰਗਲੈਂਡ ਵਿਚ ਸੰਸਦ ਦੇ ਅੰਦਰ ਸਾਂਸਦ ਦੇ ਅਪਣੇ ਬੱਚਿਆਂ ਨੁੰ ਲੈ ਕੇ ਬੈਠਣ ਨੂੰ ਲੈ ਕੇ ਇੱਕ ਬਹਿਸ ਛਿੜ ਗਈ ਹੈ। ਸਾਂਸਦ ਸਟੇਲਾ ਕਰੇਸੀ ਸਦਨ ਦੇ ਅੰਦਰ ਅਪਣੇ ਤਿੰਨ ਮਹੀਨੇ ਦੇ ਬੱਚੇ ਨੂੰ ਗੋਦ ਵਿਚ ਲੈ ਕੇ ਪੁੱਜੀ ਸੀ, ਜਿਸ ਤੋਂ ਬਾਅਦ ਅਥਾਰਿਟੀ ਨੇ ਉਨ੍ਹਾਂ ਨੂੰ ਬੱਚੇ ਨੂੰ ਨਾ ਲੈ ਕੇ ਆਉਣ ਲਈ ਕਿਹਾ ਹੈ। ਇਸ ’ਤੇ ਉਨ੍ਹਾਂ ਨੇ ਇਤਰਾਜ਼ ਜਤਾਇਆ ਹੈ ਜਿਸ ਵਿਚ ਉਨ੍ਹਾਂ ਨੂੰ ਕਈ ਦੂਜੇ ਸਾਂਸਦ ਮੈਂਬਰਾਂ ਦਾ ਵੀ ਸਾਥ ਮਿਲਿਆ ਹੈ। ਮੈਂਬਰਾਂ ਨੇ ਮੰਗ ਕੀਤੀ ਕਿ ਬੱਚਿਆਂ ਨੂੰ ਨਾ ਲਿਆਉਣ ਨਾਲ ਜੁੜੇ ਨਿਯਮ ਵਿਚ ਬਦਲਾਅ ਕੀਤਾ ਜਾਵੇ।
ਲੇਬਰ ਪਾਰਟੀ ਸਾਂਸਦ ਸਟੇਲਾ ਕਰੇਸੀ ਨੇ ਕਿਹਾ ਕਿ ਅਪਣੇ ਬੇਟੇ ਪਿਪ ਨੂੰ ਲੈ ਕੇ ਸਦਨ ਦੀ ਬਹਿਸ ਵਿਚ ਜਾਣ ਤੋਂ ਬਾਅਦ ਉਨ੍ਹਾਂ ਹਾਊਸ ਆਫ ਕਾਮਨਜ਼ ਦੇ ਅਧਿਕਾਰੀਆਂ ਤੋਂ ਇੱਕ ਪੱਤਰ ਮਿਲਿਆ ਹੈ। ਜਿਸ ਵਿਚ ਉਨ੍ਹਾਂ ਕਿਹਾ ਗਿਆ ਹੈ ਕਿ ਉਹ ਅਪਣੇ 3 ਮਹੀਨੇ ਦੇ ਬੱਚੇ ਨੂੰ ਹਾਊਸ ਆਫ ਕਾਮਨਸ ਚੈਂਬਰ ਵਿਚ ਨਹੀਂ ਲਿਆ ਸਕਦੀ ਹੈ। ਇਸ ’ਤੇ ਪ੍ਰਤੀਕ੍ਰਿਆ ਦਿੰਦੇ ਹੋਏ ਕਈ ਬਰਤਾਨਵੀ ਰਾਜ ਨੇਤਾਵਾਂ ਨੇ ਸੰਸਦੀ ਨਿਯਮਾਂ ਵਿਚ ਬਦਲਾਅ ਦੀ ਮੰਗ ਕਰਦੇ ਹੋਏ ਕਿਹਾ ਹੈ ਕਿ ਛੋਟੇ ਬੱਚਿਆਂ ਨੂੰ ਨਾਲ ਲੈ ਜਾਣ ਦੀ ਆਗਿਆ ਹੋਣੀ ਚਾਹੀਦੀ।
ਸਟੇਲਾ ਕਰੇਸੀ ਨੇ ਕਿਹਾ ਕਿ ਉਹ ਪਹਿਲੇ ਪਿਪ ਅਤੇ ਅਪਣੀ ਵੱਡੀ ਬੇਟੀ ਦੋਵਾਂ ਨੂੰ ਬਗੈਰ ਕਿਸੇ ਸਮੱਸਿਆ ਦੇ ਸੰਸਦ ਲੈ ਕੇ ਜਾਂਦੀ ਰਹੀ ਹੈ। ਹੁਣ ਉਨ੍ਹਾਂ ਕਿਹਾ ਗਿਆ ਹੈ ਕਿ ਸਤੰਬਰ ਵਿਚ ਨਿਯਮ ਬਦਲ ਦਿੱਤੇ ਗਏ ਹਨ।ਅਜਿਹੇ ਵਿਚ ਸੰਸਦ ਮੈਂਬਰ ਬੱਚਿਆਂ ਦੇ ਨਾਲ ਅਪਣੀ ਸੀਟ ’ਤੇ ਨਹੀਂ ਜਾਣ।ਉਨ੍ਹਾਂ ਨੇ ਕਿਹਾ, ਇਹ ਨਿਯਮ ਰਾਜਨੀਤੀ ਨੂੰ ਫੈਮਿਲੀ ਫਰੈਂਡਲੀ ਬਣਾਉਣ ਦੀ ਕੋਸ਼ਿਸ਼ਾਂ ਨੂੰ ਕਮਜ਼ੋਰ ਕਰਦਾ ਹੈ।
ਇਸ ਵਿਚ ਮਾਵਾਂ ਨੂੰ ਰਾਜਨੀਤੀ ਵਿਚ ਸਰਗਰਮ ਰਹਿਣ ਵਿਚ ਅੜਿੱਕਾ ਖੜ੍ਹਾ ਹੋਵੇਗਾ ਅਤੇ ਮੈਨੂੰ ਲੱਗਦਾ ਹੈ ਕਿ ਇਹ ਸਾਡੀ ਸਿਆਸੀ ਬਹਿਸ ਨੂੰ ਵੀ ਨੁਕਸਾਨ ਪਹੁੰਚਾਵੇਗਾ।ਇਸ ਮਾਮਲੇ ਨੂੰ ਲੈ ਕੇ ਉਪ ਪ੍ਰਧਾਨ ਮੰਤਰੀ ਡੌਮੀਨਿਕ ਰੈਬ ਨੇ ਕਿਹਾ ਕਿ ਉਨ੍ਹਾਂ ਕਰੇਸੀ ਦੇ ਲਈ ਹਮਦਰਦੀ ਹੈ ਲੇਕਿਨ ਇਸ ’ਤੇ ਫੈਸਲਾ ਸਦਨ ਦੇ ਅਧਿਕਾਰੀਆਂ ਨੂੰ ਕਰਨਾ ਹੈ। ਗਰੀਨ ਪਾਰਟੀ ਦੇ ਮੈਂਬਰ ਕੈਰੋਲਿਨ ਲੁਕਾਸ ਨੇ ਕਿਹਾ ਕਿ ਇਹ ਪਾਬੰਦੀ ਇੱਕਦਮ ਬੇਤੁਕੀ ਹੈ।