Punjab

ਚਾਰ ਘੰਟੇ ਚੱਲੀ ਕੈਬਨਿਟ ਮੀਟਿੰਗ ‘ਚ ਲਏ ਅਹਿਮ ਫੈਸਲੇ 2 ਅਕਤੂਬਰ ਤੋਂ ਹੋਣਗੇ ਸ਼ੁਰੂ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕੱਲ੍ਹ ਪੰਜਾਬ ਦੇ ਨਵੇਂ 16ਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪਣਾ ਅਹੁਦਾ ਸੰਭਾਲਣ ਤੋਂ ਬਾਅਦ ਪਹਿਲੀ ਤਿੰਨ ਮੈਂਬਰੀ ਕੈਬਨਿਟ ਮੀਟਿੰਗ ਕੀਤੀ। ਚਰਨਜੀਤ ਸਿੰਘ ਚੰਨੀ ਅਤੇ ਦੋਵੇਂ ਡਿਪਟੀ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਓਮ ਪ੍ਰਕਾਸ਼ ਸੋਨੀ ਕਾਰਜਕਾਲ ਦੇ ਪਹਿਲੇ ਦੀ ਦਿਨ ਕਾਫ਼ੀ ਸਰਗਰਮ ਨਜ਼ਰ ਆਏ। ਬੈਠਕ ਵਿੱਚ ਕਈ ਅਹਿਮ ਫੈਸਲੇ ਲਏ ਗਏ। ਇਹ ਬੈਠਕ ਦੇਰ ਰਾਤ ਕਰੀਬ 11.30 ਵਜੇ ਖ਼ਤਮ ਹੋਈ। ਇਨ੍ਹਾਂ ਫੈਸਲਿਆਂ ਦੀ ਸ਼ੁਰੂਆਤ ਮਹਾਤਮਾ ਗਾਂਧੀ ਦੇ ਜਨਮ ਦਿਨ ਮੌਕੇ 2 ਅਕਤੂਬਰ ਤੋਂ ਸ਼ੁਰੂ ਕੀਤੀ ਜਾਵੇਗੀ।

ਬੈਠਕ ਵਿੱਚ ਲਏ ਗਏ ਅਹਿਮ ਫੈਸਲੇ ਕੀ ਹਨ ?

⦁ ਗਰੀਬੀ ਰੇਖਾ ਤੋਂ ਹੇਠਲੇ 32 ਹਜ਼ਾਰ ਪਰਿਵਾਰਾਂ ਲਈ ਘਰਾਂ ਦੀ ਉਸਾਰੀ ਤੁਰੰਤ ਸ਼ੁਰੂ ਕਰਵਾਉਣ ਲਈ ਹੁਕਮ ਦਿੱਤੇ ਗਏ। ਇਹ ਮਕਾਨ ਸਸਤੀਆਂ ਦਰਾਂ ਅਤੇ ਅਸਾਨ ਕਿਸ਼ਤਾਂ ਉੱਤੇ ਦਿੱਤੇ ਜਾਣਗੇ।
⦁ ਰੇਤ ਮਾਇਨਿੰਗ ਵਿੱਚ ਠੇਕਾ ਪ੍ਰਣਾਲੀ ਖਤਮ ਕਰਨ,ਜ਼ਮੀਨ ਦੇ ਮਾਲਕਾਂ ਨੂੰ ਮੁਫ਼ਤ ਮਾਇਨਿੰਗ ਕਰਨ ਦੀ ਖੁੱਲ ਹੋਵੇਗੀ, ਕੋਈ ਵੀ ਆਪਣੀ ਜ਼ਮੀਨ ਵਿੱਚੋਂ ਮਾਇਨਿੰਗ ਕਰ ਸਕਦਾ ਹੈ ਅਤੇ ਸਸਤੀਆਂ ਦਰਾਂ ਉੱਤੇ ਰੇਤ ਵੇਚ ਸਕਦਾ ਹੈ।
⦁ SC/BC/ BPL ਪਰਿਵਾਰਾਂ ਨੂੰ ਮੁਫ਼ਤ ਬਿਜਲੀ ਦੇ ਯੂਨਿਟ 200 ਤੋਂ ਵਧਾ ਕੇ 300 ਯੂਨਿਟ ਕੀਤੇ ਗਏ ਹਨ, ਇਸ ਸਬੰਧੀ ਬਿਜਲੀ ਮਹਿਕਮੇ ਨੂੰ ਅਗਲੀ ਬੈਠਕ ਵਿੱਚ ਪ੍ਰਸਤਾਵ ਪੇਸ਼ ਕਰਨ ਲਈ ਕਿਹਾ ਗਿਆ ਹੈ।
⦁ ਪਿੰਡਾਂ ਦੀ ਵਾਟਰ ਸਪਲਾਈ ਲਈ ਲੱਗੇ ਸਾਂਝੇ ਟਿਊਬਵੈੱਲਾਂ ਦੇ ਪੈਂਡਿੰਗ ਬਿਜਲੀ ਦੇ ਬਿਲ ਮੁਆਫ਼ ਕਰਨ ਅਤੇ ਪਿੰਡਾਂ ਵਿੱਚ ਮੁਫ਼ਤ ਵਾਟਰ ਸਪਲਾਈ ਦੇਣ ਉੱਤੇ ਚਰਚਾ ਕੀਤੀ ਗਈ।
⦁ ਪੇਂਡੂ ਤੇ ਸ਼ਹਿਰੀ ਪਾਣੀ ਸਪਲਾਈ ਤੇ ਸੀਵਰੇਜ ਦੇ ਕਿਰਾਇਆਂ ਦੇ ਮੁਲਾਂਕਣ ਲਈ ਸ਼ਹਿਰੀ ਵਿਕਾਸ ਮੰਤਰਾਲੇ ਨੂੰ ਕਿਹਾ ਗਿਆ ਹੈ।
⦁ ਗਰੀਬਾਂ ਤੇ ਦਲਿਤਾਂ ਨੂੰ 5 ਮਰਲੇ ਪਲਾਟ ਦੇਣ ਦੀ ਪ੍ਰਕਿਰਿਆ ਸੁਖਾਲੀ ਕਰਨ ਅਤੇ ਇਸ ਦੇ ਫੈਸਲੇ ਦੇ ਅਧਿਕਾਰ ਪੰਚਾਇਤ ਸੰਮਤੀ ਪੱਧਰ ਉੱਤੇ ਕਰਨ ਦਾ ਫੈਸਲਾ ਲਿਆ ਗਿਆ।
⦁ ਵਿਭਾਗ ਨੂੰ ਛੱਪੜਾਂ, ਸ਼ਮਸ਼ਾਨਘਾਟ ਅਤੇ ਕਬਰਿਸਤਾਨਾਂ ਲਈ ਜ਼ਮੀਨਾਂ ਦੇ ਰੇਟ ਤੈਅ ਕਰਨ ਲਈ ਨੀਤੀ ਬਣਾਉਣ ਲਈ ਕਿਹਾ ਗਿਆ ਹੈ।
⦁ ਬੈਠਕ ਵਿੱਚ ਸਿੱਖਿਆ ਦੇ ਅਧਿਕਾਰ ਨੂੰ ਲਾਗੂ ਕਰਨ ਅਤੇ ਚੰਗੀਆਂ ਸਿਹਤ ਸਹੂਲਤਾਂ ਲਈ ਪੈਸਾ ਮੁਹੱਈਆ ਕਰਵਾਉਣ ਦੀ ਲੋੜ ਉੱਤੇ ਜ਼ੋਰ ਦਿੱਤਾ ਗਿਆ।

ਕੈਬਨਿਟ ਵਿੱਚ ਮੁਲਾਜ਼ਮਾਂ ਲਈ ਫ਼ੈਸਲੇ

⦁ ਚਰਨਜੀਤ ਸਿੰਘ ਚੰਨੀ ਨੇ ਪਹਿਲੇ ਹੀ ਦਿਨ ਪੰਜਾਬ ਦੇ ਵਿੱਤ ਵਿਭਾਗ ਤੋਂ ਨੋਟੀਫਿਰੇਕਸ਼ਨ ਜਾਰੀ ਕਰਵਾ ਕੇ ਸਰਕਾਰੀ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਵਿੱਚ 15% ਵਾਧੇ ਨੂੰ ਲਾਗੂ ਕਰ ਦਿੱਤਾ। ਇਸ ਦਾ ਫੈਸਲਾ ਕੈਪਟਨ ਅਮਰਿੰਦਰ ਦੀ ਅਗਵਾਈ ਵਿੱਚ ਹੋਇਆ ਸੀ।
⦁ ਪੰਜਾਬ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਇਹ ਵਾਧਾ 31 ਦਸੰਬਰ 2015 ਤੋਂ ਬੇਸਿਕ ਪੇ + 113% ਡੀ.ਏ. ਉੱਤੇ ਹੋਵੇਗਾ।
⦁ ਸਰਕਾਰੀ ਮੁਲਾਜ਼ਮਾਂ ਨੂੰ ਦਫ਼ਤਰਾਂ ਵਿੱਚ ਸਵੇਰੇ 9 ਤੋਂ ਸ਼ਾਮੀ 5 ਵਜੇ ਤੱਕ ਹਾਜ਼ਰੀ ਯਕੀਨੀ ਬਣਾਉਣ ਅਤੇ ਪਾਰਦਰਸ਼ਤਾ ਲਈ ਲਗਾਤਾਰ ਨਿਗਰਾਨੀ ਕਰਨ ਲਈ ਕਿਹਾ ਗਿਆ ਹੈ।
⦁ ਇੱਕ ਵਿਅੰਗਆਤਮਕ ਤਰੀਕੇ ਨਾਲ ਨਵੇਂ ਡਿਪਟੀ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਟਵੀਟ ਕੀਤਾ, ਹੁਣ ਘਰੋਂ ਨਹੀਂ ਦਫ਼ਤਰਾਂ ਤੋਂ ਹੋਣਗੇ ਸਾਰੇ ਕੰਮ।
⦁ ਸਰਕਾਰੀ ਮੁਲਾਜ਼ਮਾਂ ਨੂੰ ਸਵੇਰੇ 9 ਵਜੇ ਦਫ਼ਤਰ ਪਹੁੰਚਣ ਦੀ ਹਿਦਾਇਤ ਦਿੱਤੀ ਗਈ। ਅਧਿਕਾਰੀਆਂ ਨੂੰ ਜਨਤਾ ਲਈ ਦਫ਼ਤਰ ਵਿੱਚ ਮੌਜੂਦ ਰਹਿਣ ਦੀ ਗੱਲ ਵੀ ਕਹੀ ਗਈ ਹੈ।
⦁ ਅਧਿਕਾਰੀ ਵਿਭਾਗਾਂ ਦੇ ਮੁਖੀ ਹਫ਼ਤੇ ਵਿੱਚ ਦੋ ਵਾਰ ਅਚਨਚੇਤ ਨਿਰੀਖਣ ਕਰ ਕੇ ਇਸ ਗੱਲ ਨੂੰ ਪੱਕਿਆਂ ਕਰਨ ਕਿ ਮੁਲਾਜ਼ਮ ਸਮੇਂ ਸਿਰ ਦਫ਼ਤਰ ਆ ਰਹੇ ਹਨ।
⦁ ਚਮਕੌਰ ਸਾਹਿਬ ਦੇ ਵਿਕਾਸ ਲਈ 50 ਕਰੋੜ ਰੁਪਏ ਜਾਰੀ ਕਰਨ ਦਾ ਹੁਕਮ ਵੀ ਕੀਤਾ ਗਿਆ। ਚੰਨੀ ਚਮਕੌਰ ਸਾਹਿਬ ਤੋਂ ਵਿਧਾਇਕ ਹਨ।